ਸਮਾਰਟ ਸਿਟੀ ਦੇ 900 ਕਰੋੜ ’ਚੋਂ ਹਰਿਆਲੀ ਦੇ ਨਾਂ ’ਤੇ 9 ਕਰੋੜ ਵੀ ਖ਼ਰਚ ਨਹੀਂ ਕੀਤੇ
Sunday, Apr 06, 2025 - 10:50 AM (IST)

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਦਾ ਉਦੇਸ਼ ਦੇਸ਼ ਦੇ 100 ਸ਼ਹਿਰਾਂ ਨੂੰ ਨਾ ਸਿਰਫ਼ ਆਧੁਨਿਕ ਬਣਾਉਣਾ ਸੀ, ਸਗੋਂ ਉਨ੍ਹਾਂ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਦੇ ਲਿਹਾਜ਼ ਨਾਲ ਸੰਤੁਲਿਤ ਵੀ ਕਰਨਾ ਸੀ। ਜਲੰਧਰ ਵੀ ਇਸ ਸੂਚੀ ਵਿਚ ਸ਼ਾਮਲ ਸੀ ਅਤੇ ਲੋਕਾਂ ਨੂੰ ਉਮੀਦ ਸੀ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਦੀ ਸੂਰਤ ਬਦਲ ਜਾਵੇਗੀ ਪਰ ਅੱਜ ਸਥਿਤੀ ਇਹ ਹੈ ਕਿ ਸਮਾਰਟ ਸਿਟੀ ਕੰਪਨੀ ਨੇ ਜਲੰਧਰ ਵਿਚ 900 ਕਰੋੜ ਰੁਪਏ ਤੋਂ ਵੱਧ ਖ਼ਰਚ ਕਰ ਦਿੱਤੇ, ਫਿਰ ਵੀ ਹਰਿਆਲੀ ਦੇ ਨਾਂ ’ਤੇ ਇਕ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਅਤੇ ਇੰਨੇ ਪੈਸਿਆਂ ਵਿਚੋਂ ਹਰਿਆਲੀ ਵਧਾਉਣ ਲਈ 9 ਕਰੋੜ ਵੀ ਖਰਚ ਨਹੀਂ ਕੀਤੇ ਗਏ। ਪਾਰਕਾਂ ਨੂੰ ਹਰਿਆ-ਭਰਿਆ ਕਰਨ ਤੋਂ ਲੈ ਕੇ ਗਰੀਨ ਕਵਰ ਵਧਾਉਣ ਤਕ, ਜੋ ਵੀ 2-4 ਪ੍ਰਾਜੈਕਟ ਚੱਲੇ, ਘਪਲਿਆਂ ਅਤੇ ਲਾਪ੍ਰਵਾਹੀ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ
ਹਰਿਆਲੀ ਦੀਆਂ ਉਮੀਦਾਂ ਢਹਿ-ਢੇਰੀ
ਜਦੋਂ ਜਲੰਧਰ ਨੂੰ ਸਮਾਰਟ ਸਿਟੀ ਮਿਸ਼ਨ ਵਿਚ ਸ਼ਾਮਲ ਕੀਤਾ ਗਿਆ ਤਾਂ ਲੋਕਾਂ ਨੇ ਸੋਚਿਆ ਕਿ ਹੁਣ ਸ਼ਹਿਰ ਵਿਚ ਦਰੱਖਤਾਂ ਦੀ ਬਹਾਰ ਹੋਵੇਗੀ ਅਤੇ ਗਰਮੀ ਤੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਪਰ ਹਕੀਕਤ ਇਸ ਤੋਂ ਉਲਟ ਹੈ। ਸਮਾਰਟ ਸਿਟੀ ਤਹਿਤ ਹੁਣ ਤਕ 12 ਸੀ. ਈ. ਓ. ਆ ਚੁੱਕੇ ਹਨ ਪਰ ਕਿਸੇ ਨੇ ਵੀ ਹਰਿਆਲੀ ਵਧਾਉਣ ਦੀ ਦਿਸ਼ਾ ਵਿਚ ਕੋਈ ਪ੍ਰਭਾਵੀ ਯੋਜਨਾ ਨਹੀਂ ਬਣਾਈ। ਪਿਛਲੇ ਕੁਝ ਸਾਲਾਂ ਵਿਚ ਪਾਰਕਾਂ ਅਤੇ ਗ੍ਰੀਨ ਏਰੀਆ ਡਿਵੈੱਲਪਮੈਂਟ ਦੇ ਨਾਂ ’ਤੇ ਸਿਰਫ ਸਿਵਲ ਵਰਕ ਕਰਵਾਇਆ ਗਿਆ, ਕਰੋੜਾਂ ਦੇ ਬਿੱਲ ਪਾਸ ਕੀਤੇ ਗਏ, ਠੇਕੇਦਾਰਾਂ ਦੀਆਂ ਜੇਬਾਂ ਭਰੀਆਂ ਗਈਆਂ ਅਤੇ ਕਮੀਸ਼ਨ ਬਟੋਰੀ ਗਈ ਪਰ ਸ਼ਹਿਰ ਦਾ ਗ੍ਰੀਨ ਕਵਰ ਵਧਾਉਣ ਲਈ ਇਕ ਵੀ ਢੰਗ ਦਾ ਯਤਨ ਨਹੀਂ ਹੋਇਆ।
ਤਾਪਮਾਨ 48 ਡਿਗਰੀ, ਫਿਰ ਵੀ ਕਿਸੇ ਦਾ ਇਸ ਵੱਲ ਧਿਆਨ ਨਹੀਂ
ਪਿਛਲੇ ਸਾਲ ਮਈ-ਜੂਨ ਵਿਚ ਜਲੰਧਰ ਦਾ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ। ਗਰਮੀ ਦੀ ਤਪਿਸ਼ ਅਤੇ ਵਧਦੇ ਪ੍ਰਦੂਸ਼ਣ ਵਿਚਕਾਰ ਲੋਕ ਦਰੱਖਤਾਂ ਦੀ ਛਾਂ ਨੂੰ ਤਰਸ ਰਹੇ ਹਨ ਪਰ ਨਾ ਤਾਂ ਸਮਾਰਟ ਸਿਟੀ ਮੈਨੇਜਮੈਂਟ ਅਤੇ ਨਾ ਹੀ ਜਲੰਧਰ ਨਗਰ ਨਿਗਮ ਦਾ ਹਾਰਟੀਕਲਚਰ ਵਿਭਾਗ ਇਸ ਦਿਸ਼ਾ ਵਿਚ ਗੰਭੀਰ ਵਿਖਾਈ ਦਿੰਦਾ ਹੈ। ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਸਮਾਰਟ ਸਿਟੀ ਮਿਸ਼ਨ ਦੇ 900 ਕਰੋੜ ਰੁਪਏ ਖਰਚ ਹੋ ਗਏ ਪਰ ਇਕ ਵੀ ਪਾਰਕ ਅਜਿਹਾ ਨਹੀਂ ਬਣਿਆ, ਜਿੱਥੇ ਲੋਕ ਸਕੂਨ ਨਾਲ ਬੈਠ ਸਕਣ। ਇਹ ਪੈਸਾ ਕਿੱਥੇ ਗਿਆ, ਕੋਈ ਜਵਾਬ ਨਹੀਂ ਦਿੰਦਾ।
ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਪੁਲ 'ਤੇ ਪਹੁੰਚੀ 12ਵੀਂ ਦੀ ਵਿਦਿਆਰਥਣ, ਵੇਖਦੇ ਹੀ ਵੇਖਦੇ ਕਰ 'ਤਾ ਵੱਡਾ ਕਾਂਡ
ਸਾਧਨਾਂ ਦੀ ਘਾਟ ਨਾਲ ਜੂਝ ਰਿਹੈ ਹਾਰਟੀਕਲਚਰ ਵਿਭਾਗ
ਨਗਰ ਨਿਗਮ ਦਾ ਹਾਰਟੀਕਲਚਰ ਵਿਭਾਗ ਪਿਛਲੇ ਕਈ ਸਾਲਾਂ ਤੋਂ ਸਾਧਨਾਂ ਦੀ ਘਾਟ ਨਾਲ ਜੂਝ ਰਿਹਾ ਹੈ। ਵਿਭਾਗ ਕੋਲ ਨਾ ਤਾਂ ਲੋੜੀਂਦੀ ਮਸ਼ੀਨਰੀ ਹੈ ਅਤੇ ਨਾ ਹੀ ਨਵੇਂ ਬੂਟੇ ਲਾਉਣ ਲਈ ਫੰਡ। ਨਿਗਮ ਦੀ ਆਪਣੀ ਨਰਸਰੀ ਵੀ ਹੈ ਪਰ ਅਧਿਕਾਰੀਆਂ ਕੋਲ ਉਥੇ ਜਾ ਕੇ ਹਾਲਾਤ ਸੁਧਾਰਨ ਦੀ ਫੁਰਸਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਵਿਭਾਗ ਕੋਲ ਸਟਾਫ ਪਹਿਲਾਂ ਹੀ ਬਹੁਤ ਘੱਟ ਹੈ ਪਰ ਵਧੇਰੇ ਵਰਕਫੋਰਸ ਅਫਸਰਾਂ ਅਤੇ ਆਗੂਆਂ ਦੇ ਘਰਾਂ ਵਿਚ ਮਾਲੀ ਦੇ ਤੌਰ ’ਤੇ ਕੰਮ ਕਰਦੀ ਹੈ, ਜਿਸ ਨਾਲ ਸ਼ਹਿਰ ਦੀ ਹਰਿਆਲੀ ’ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸਮਾਰਟ ਸਿਟੀ ਫੰਡ ਨਾਲ ਇਸ ਵਿਭਾਗ ਨੂੰ ਸਾਧਨ ਮੁਹੱਈਆ ਕਰਵਾਏ ਜਾ ਸਕਦੇ ਸਨ ਪਰ ਅਜਿਹਾ ਕਰਨ ਦੀ ਖੇਚਲ ਕਿਸੇ ਨੇ ਨਹੀਂ ਕੀਤੀ।
ਗ੍ਰੀਨ ਕਵਰ ਵਧਾਉਣ ਦੀ ਸ਼ਰਤ ਅਧੂਰੀ ਹੀ ਰਹਿ ਗਈ
ਸਮਾਰਟ ਸਿਟੀ ਮਿਸ਼ਨ ਦੀ ਸ਼ਰਤ ਸੀ ਕਿ ਸ਼ਾਮਲ ਸ਼ਹਿਰਾਂ ਨੂੰ ਆਪਣਾ ਗ੍ਰੀਨ ਕਵਰ ਏਰੀਆ 15 ਫੀਸਦੀ ਤਕ ਵਧਾਉਣਾ ਹੋਵੇਗਾ। ਜਲੰਧਰ ਵਿਚ ਮਿਸ਼ਨ ਸ਼ੁਰੂ ਹੋਣ ਦੇ ਸਮੇਂ ਇਹ ਸਿਰਫ਼ 6 ਫ਼ੀਸਦੀ ਸੀ ਪਰ ਪਿਛਲੇ ਕੁਝ ਸਾਲਾਂ ਵਿਚ ਇਹ ਹੋਰ ਘੱਟ ਹੁੰਦਾ ਗਿਆ। ਫਾਈਲਾਂ ਵਿਚ ਖਾਨਾਪੂਰਤੀ ਤਾਂ ਕਰ ਲਈ ਗਈ ਪਰ ਜ਼ਮੀਨੀ ਹਕੀਕਤ ਵਿਚ ਕੋਈ ਬਦਲਾਅ ਨਹੀਂ ਆਇਆ। ਨਗਰ ਨਿਗਮ ਅਤੇ ਸਮਾਰਟ ਸਿਟੀ ਕੰਪਨੀ ਨੇ ਨਵੇਂ ਬੂਟੇ ਲਾਉਣ ਜਾਂ ਪੁਰਾਣੇ ਪਾਰਕਾਂ ਨੂੰ ਸੰਵਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: ਸਾਵਧਾਨ! ਜ਼ਰਾ ਬਚ ਕੇ ਫਾਸਟ ਫੂਡ ਤੋਂ, ਸਿਹਤ ਮਹਿਕਮੇ ਨੇ ਐਡਵਾਈਜ਼ਰੀ ਕਰ 'ਤੀ ਜਾਰੀ
ਦਰੱਖ਼ਤ ਕੱਟਦੇ ਰਹੇ, ਸਜ਼ਾ ਕਿਸੇ ਨੂੰ ਨਹੀਂ
ਸ਼ਹਿਰ ਵਿਚ ਪਿਛਲੇ ਕੁਝ ਸਾਲਾਂ ਵਿਚ ਨਾਜਾਇਜ਼ ਕਾਲੋਨੀਆਂ ਦੇ ਨਿਰਮਾਣ ਲਈ ਸੈਂਕੜੇ ਦਰੱਖ਼ਤ ਕੱਟੇ ਗਏ। ਦਰੱਖ਼ਤ ਕੱਟਣ ਦੇ ਕਈ ਮਾਮਲੇ ਸਾਹਮਣੇ ਆਏ ਪਰ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਸਰਕਾਰੀ ਪੱਧਰ ’ਤੇ ਬੂਟੇ ਲਾਉਣ ਦੀ ਮੁਹਿੰਮ ਵੀ ਲੰਮੇ ਸਮੇਂ ਤੋਂ ਨਹੀਂ ਚਲਾਈ ਗਈ। ਕਈ ਵਾਰ ਅਧਿਕਾਰੀਆਂ ਨੇ ਫੋਟੋ ਖਿਚਵਾਉਣ ਲਈ ਕੁਝ ਬੂਟੇ ਜ਼ਰੂਰ ਲਾਏ ਪਰ ਉਨ੍ਹਾਂ ਦੀ ਦੇਖ-ਭਾਲ ਨਾ ਹੋਣ ਨਾਲ ਉਹ ਸੁੱਕ ਗਏ। ਵਾਤਾਵਰਣ ਵਰਕਰ ਆਰਕੀਟੈਕਟ ਮੀਨਲ ਵਰਮਾ ਦਾ ਕਹਿਣਾ ਹੈ ਕਿ ਦਰੱਖਤ ਕੱਟਣ ਵਾਲਿਆਂ ਨੂੰ ਸਜ਼ਾ ਨਾ ਦੇਣਾ ਅਤੇ ਨਵੇਂ ਬੂਟੇ ਨਾ ਲਾਉਣਾ, ਦੋਵੇਂ ਹੀ ਜਲੰਧਰ ਦੀ ਹਰਿਆਲੀ ਲਈ ਮਾਰੂ ਸਾਬਿਤ ਹੋਏ ਹਨ।
ਗਲੋਬ ਕਾਲੋਨੀ ’ਚ ਸਰਕਾਰੀ ਛੁੱਟੀ ਵਾਲੇ ਦਿਨ ਕੱਟ ਦਿੱਤੇ ਹਰੇ-ਭਰੇ ਦਰੱਖ਼ਤ
ਸਥਾਨਕ ਗਲੋਬ ਕਾਲੋਨੀ ਵਿਚ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਜੰਞਘਰ ਕੰਪਲੈਕਸ ਵਿਚ ਲੱਗੇ ਹਰੇ-ਭਰੇ ਦਰੱਖ਼ਤਾਂ ਨੂੰ ਕੱਟ ਦਿੱਤਾ ਗਿਆ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਕੰਮ ਜੰਞਘਰ ਦਾ ਸੰਚਾਲਨ ਕਰ ਰਹੀ ਸੋਸਾਇਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ। ਅੱਖੀਂ ਵੇਖਣ ਵਾਲਿਆਂ ਅਨੁਸਾਰ ਸਥਾਨਕ ਲੋਕਾਂ ਨੇ ਦਰੱਖ਼ਤਾਂ ਦੀ ਕਟਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸੋਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਕਟਾਈ ਦਾ ਕੰਮ ਜਾਰੀ ਰੱਖਿਆ। ਇਸ ਘਟਨਾ ਨਾਲ ਕਾਲੋਨੀ ਦੇ ਨਿਵਾਸੀਆਂ ਵਿਚ ਨਾਰਾਜ਼ਗੀ ਫੈਲ ਗਈ ਹੈ ਕਿਉਂਕਿ 1-2 ਦਰੱਖ਼ਤ ਤਾਂ ਬਿਲਕੁਲ ਜੜ੍ਹ ਦੇ ਨੇੜਿਓਂ ਕੱਟ ਦਿੱਤੇ ਗਏ। ਫਿਲਹਾਲ ਇਸ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਨਿਵਾਸੀਆਂ ਨੇ ਮੰਗ ਕੀਤੀ ਕਿ ਦਰੱਖਤ ਕੱਟਣ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e