ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, BKI ਦੇ 3 ਕਾਰਕੁੰਨ ਹਥਿਆਰਾਂ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
Monday, Jul 21, 2025 - 11:20 AM (IST)

ਚੰਡੀਗੜ੍ਹ/ਜਲੰਧਰ/ਪਟਿਆਲਾ (ਅੰਕੁਰ, ਧਵਨ, ਬਲਜਿੰਦਰ)- ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਪੁਲਸ ਨੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਅਤੇ ਮਨੂ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਕਾਰਕੁੰਨਾਂ, ਜੋ ਪਟਿਆਲਾ ਦੇ ਬਾਦਸ਼ਾਹਪੁਰ ਅਤੇ ਹਰਿਆਣਾ ਦੇ ਅਜ਼ੀਮਗੜ੍ਹ ਵਿਖੇ ਪੁਲਸ ਚੌਕੀਆਂ ’ਤੇ ਗ੍ਰੇਨੇਡ ਹਮਲਿਆਂ ’ਚ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਹ ਆਪ੍ਰੇਸ਼ਨ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਪਟਿਆਲਾ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.), ਐੱਸ. ਏ. ਐੱਸ. ਨਗਰ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਦੀਪੂ ਵਾਸੀ ਬਾਦਸ਼ਾਹਪੁਰ (ਪਟਿਆਲਾ), ਹਰਪ੍ਰੀਤ ਸਿੰਘ ਉਰਫ਼ ਜੱਗਾ ਵਾਸੀ ਹਰਚੰਦਪੁਰਾ (ਪਟਿਆਲਾ) ਅਤੇ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਗੁਰਦਿਆਲਪੁਰਾ (ਪਟਿਆਲਾ) ਵਜੋਂ ਹੋਈ ਹੈ। ਦੱਸਣਯੋਗ ਹੈ ਕਿ 1 ਅਪ੍ਰੈਲ 2025 ਨੂੰ ਪਟਿਆਲਾ ਦੀ ਪੁਲਸ ਚੌਕੀ ਬਾਦਸ਼ਾਹਪੁਰ ਅਤੇ 6 ਅਪ੍ਰੈਲ 2025 ਨੂੰ ਹਰਿਆਣਾ ਦੀ ਪੁਲਸ ਚੌਕੀ ਅਜ਼ੀਮਗੜ੍ਹ ’ਤੇ ਗ੍ਰੇਨੇਡ ਹਮਲੇ ਹੋਏ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਬੀ. ਕੇ. ਆਈ. ਦੇ ਕਾਰਕੁੰਨਾਂ-ਹੈਪੀ ਪਾਸੀਆ, ਮਨੂੰ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਅਹਿਮ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ, 12 ਜ਼ਿਲ੍ਹਿਆਂ 'ਚ Alert
ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਡਿਊਲ ਨੂੰ ਸਫ਼ਲਤਾਪੂਰਵਕ ਕਾਬੂ ਕਰਕੇ ਪੰਜਾਬ ਪੁਲਸ ਨੇ ਸੂਬੇ ’ਚ ਪੁਲਸ ਅਦਾਰਿਆਂ ’ਤੇ ਹੋਏ ਗ੍ਰੇਨੇਡ ਹਮਲਿਆਂ ਦੀਆਂ ਦੋਵੇਂ ਘਟਨਾਵਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਹੈਂਡਲਰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਡੀ. ਜੀ. ਪੀ. ਨੇ ਕਿਹਾ ਕਿ ਮਾਡਿਊਲ ਨੂੰ ਲੌਜਿਸਟਿਕ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀ ਸੀ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਾਡਿਊਲ ਪੰਜਾਬ ’ਚ ਪੁਲਸ ਅਦਾਰਿਆਂ ’ਤੇ ਹੋਰ ਹਮਲਿਆਂ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਸੀ, ਜਦਕਿ ਇਸ ਮਾਮਲੇ ’ਚ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕਰਕੇ ਖ਼ੂਹ ’ਚ ਸੁੱਟੀ ਲਾਸ਼
ਹੋਰ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਸੀ. ਆਈ. ਪਟਿਆਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਕਬੂਲਿਆ ਹੈ ਕਿ ਦੋਵਾਂ ਪੁਲਸ ਅਦਾਰਿਆਂ ’ਤੇ ਹਮਲਿਆਂ ਦੀ ਯੋਜਨਾ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਣਾਈ ਸੀ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ ਅਤੇ ਪੁਲਸ ਹਿਰਾਸਤ ’ਚ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਾਦਸ਼ਾਹਪੁਰ ਹਮਲੇ ’ਚ ਸ਼ਾਮਲ ਹੋਣ ਬਦਲੇ ਸੰਦੀਪ ਸਿੰਘ ਉਰਫ਼ ਦੀਪੂ ਨੂੰ 3-4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਹਰਮਨਪ੍ਰੀਤ ਸਿੰਘ ਉਰਫ਼ ਪ੍ਰੀਤ ਨੂੰ ਅਜ਼ੀਮਗੜ੍ਹ ਹਮਲੇ ਵਿਚ ਸਾਥ ਦੇਣ ਲਈ 10,000 ਰੁਪਏ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਐੱਸ. ਐੱਸ. ਓ. ਸੀ. ਐੱਸ. ਏ. ਐੱਸ. ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਏ ਦੌੜਾਕ ਫ਼ੌਜਾ ਸਿੰਘ, ਅੰਤਿਮ ਵਿਦਾਈ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਹਸਤੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e