ਈ-ਰਿਕਸ਼ਾ ਲੁੱਟਣ ਵਾਲੇ 4 ਮੁਲਜ਼ਮ ਕਾਬੂ

03/16/2020 11:58:18 AM

ਜਲੰਧਰ (ਕਮਲੇਸ਼)— ਥਾਣਾ ਬਾਰਾਂਦਰੀ ਦੀ ਪੁਲਸ ਨੇ ਈ-ਰਿਕਸ਼ਾ ਲੁੱਟਣ ਵਾਲੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਏ. ਡੀ. ਸੀ. ਪੀ. ਸੁਡਰਵਿਜ਼ੀ ਨੇ ਦੱਸਿਆ ਕਿ ਪ੍ਰੇਮ ਕੁਮਾਰ ਵਾਸੀ ਗੁਰੂ ਤੇਗ ਬਹਾਦਰ ਨਗਰ ਸਕੂਲ ਦੀ ਬੱਸ ਚਲਾਉਂਦਾ ਹੈ ਅਤੇ ਇਸ ਦੇ ਨਾਲ-ਨਾਲ ਉਹ ਈ-ਰਿਕਸ਼ਾ ਵੀ ਚਲਾਉਂਦਾ ਹੈ। 19 ਦਸੰਬਰ ਨੂੰ ਪ੍ਰੇਮ ਕੁਮਾਰ ਨੇ ਜੋਤੀ ਚੌਕ ਤੋਂ ਸਵਾਰੀ ਚੁੱਕੀ ਉਕਤ ਸਵਾਰੀ ਨੇ ਉਸ ਨੂੰ ਰੇਲਵੇ ਰੋਡ ਚੱਲਣ ਲਈ ਕਿਹਾ ਅਤੇ 100 ਰੁਪਏ 'ਚ ਕਿਰਾਇਆ ਤੈਅ ਕੀਤਾ। ਜਿਵੇਂ ਹੀ ਉਹ ਰੇਲਵੇ ਰੋਡ ਪਹੁੰਚਿਆ ਤਾਂ ਪਿੱਛੋਂ ਆਏ ਆਟੋ 'ਚੋਂ 3 ਲੋਕ ਉੱਤਰੇ ਅਤੇ ਉਸ ਦਾ ਈ-ਰਿਕਸ਼ਾ ਰੋਕ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਨੂੰ ਡਰਾਉਣ ਲੱਗੇ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਰਿਕਸ਼ਾ 'ਚ ਬੈਠਾ ਵਿਅਕਤੀ ਵੀ ਲੁਟੇਰਿਆਂ ਦਾ ਸਾਥੀ ਹੈ। ਲੁਟੇਰੇ ਉਸ ਦਾ ਆਟੋ ਰਿਕਸ਼ਾ, ਜੇਬ 'ਚੋਂ 3500 ਰੁਪਏ, ਚਾਂਦੀ ਦੀ ਚੇਨ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੁਲਸ ਨੂੰ ਮੁਲਜ਼ਮਾਂ ਦੀ ਲੋਕੇਸ਼ਨ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਜੀਵਨ ਸਿੰਘ ਨੇ ਪੁਲਸ ਪਾਰਟੀ ਨਾਲ ਮਿਲ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਮੁਲਜ਼ਮਾਂ ਦੀ ਪਛਾਣ ਮੋਹਿਤ ਵਾਸੀ ਬਸ਼ੀਰਪੁਰਾ, ਅਰਜੁਨ ਸਿੰਘ ਨਿਵਾਸੀ ਬਸ਼ੀਰਪੁਰਾ, ਨਰਿੰਦਰ ਸਿੰਘ ਨਿਵਾਸੀ ਸੰਤੋਸ਼ੀ ਨਗਰ, ਬਲਵਿੰਦਰ ਸਿੰਘ ਨਿਵਾਸੀ ਸੰਤੋਸ਼ੀ ਨਗਰ ਵਜੋਂ ਹੋਈ। ਚਾਰਾਂ ਮੁਲਜ਼ਮਾਂ ਵੱਲੋਂ ਖੋਹਿਆ ਗਿਆ ਈ-ਰਿਕਸ਼ਾ, ਚਾਂਦੀ ਦੀ ਚੇਨ, ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਏ. ਡੀ. ਸੀ. ਪੀ. ਸੁਡਰਵਿਜ਼ੀ ਨੇ ਦੱਸਿਆ ਕਿ ਚਾਰੋਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਵਾਰਦਾਤਾਂ ਹੱਲ ਕੀਤੀਆਂ ਜਾ ਸਕਦੀਆਂ ਹਨ।


shivani attri

Content Editor

Related News