4 ਲੋਕਾਂ ਨੇ ਮਾਰੀ 30 ਲੱਖ ਰੁਪਏ ਦੀ ਠੱਗੀ, ਪਤਾਰਾ ਪੁਲਸ ਨੇ ਸਿਰਫ਼ ਇਕ ’ਤੇ ਹੀ ਦਰਜ ਕੀਤੀ FIR

03/24/2023 3:23:28 PM

ਜਲੰਧਰ (ਮਹੇਸ਼)–ਥਾਣਾ ਜਮਸ਼ੇਰ ਅਧੀਨ ਪੈਂਦੇ ਪਿੰਡ ਰਾਏਪੁਰ ਫਰਾਲਾ ਨਿਵਾਸੀ ਅਵਤਾਰ ਸਿੰਘ ਪੁੱਤਰ ਲਹਿੰਬਰ ਸਿੰਘ ਨਾਲ 4 ਲੋਕਾਂ ਵੱਲੋਂ ਮਾਰੀ ਗਈ 30 ਲੱਖ ਰੁਪਏ ਦੇ ਠੱਗੀ ਦੇ ਮਾਮਲੇ ਵਿਚ ਉਸ ਨੂੰ ਇਨਸਾਫ਼ ਦਿਵਾਉਣ ਲਈ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਪਰਮਜੀਤ ਰਾਏਪੁਰ ਅੱਗੇ ਆਏ ਹਨ। ਰਾਏਪੁਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਵਿਚ ਬੋਲਦਿਆਂ ਪੂਰੇ ਮਾਮਲੇ ਦਾ ਵਿਸਥਾਰ ਨਾਲ ਖ਼ੁਲਾਸਾ ਕੀਤਾ ਅਤੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਦਿਹਾਤੀ ਸਵਰਨਦੀਪ ਸਿੰਘ ਤੋਂ ਮੰਗ ਕੀਤੀ ਕਿ ਅਵਤਾਰ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇ। ਐੱਸ. ਜੀ. ਪੀ. ਸੀ. ਮੈਂਬਰ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਇਕ ਸਾਲ ਪਹਿਲਾਂ 25 ਮਾਰਚ 2022 ਨੂੰ ਐੱਸ. ਐੱਸ. ਪੀ. ਦਿਹਾਤੀ ਨੂੰ ਆਪਣੀ ਦਿੱਤੀ ਸ਼ਿਕਾਇਤ ਨੰਬਰ 276 ’ਚ ਦੋਸ਼ ਲਾਇਆ ਸੀ ਕਿ ਉਸਦੇ ਨਾਲ ਸ਼੍ਰੀ ਪਰਮਦੇਵਾ ਮੰਦਿਰ ਬੁਢਿਆਣਾ ਰੋਡ ਕਪੂਰ ਪਿੰਡ (ਨਵੇਂ ਬਣਾਏ ਗਏ ਡੇਰੇ) ਦੇ ਸੰਚਾਲਕ ਤੋਂ ਇਲਾਵਾ ਸੁਰਿੰਦਰ ਕੁਮਾਰ ਸੀਨੀਅਰ ਬ੍ਰਾਂਚ ਮੈਨੇਜਰ ਬੈਂਕ ਆਫ਼ ਇੰਡੀਆ ਪਤਾਰਾ, ਸੰਨੀ ਉਰਫ਼ ਸਚਿਨ ਪੁੱਤਰ ਸੁਰਿੰਦਰ ਕੁਮਾਰ ਅਤੇ ਸੁਖਦੇਵ ਸਿੰਘ ਪੁਲਸ ਮੁਲਾਜ਼ਮ ਨੇ ਆਪਸ ਵਿਚ ਮਿਲ ਕੇ ਉਸ ਨਾਲ 30 ਲੱਖ ਰੁਪਏ ਠੱਗੀ ਮਾਰੀ। 28 ਫਰਵਰੀ 2023 ਨੂੰ ਸੇਵਾਮੁਕਤ ਹੋਇਆ ਬੈਂਕ ਅਧਿਕਾਰੀ ਸੁਰਿੰਦਰ ਕੁਮਾਰ ਕਪੂਰ ਪਿੰਡ ਵਿਚ ਮਹਾਰਾਜ ਪਰਮਦੇਵਾ ਜੀ ਦੇ ਨਾਂ ’ਤੇ ਬਣਾਏ ਗਏ ਨਵੇਂ ਡੇਰੇ ਦੇ ਸੰਚਾਲਕ ਦਾ ਰਿਸ਼ਤੇ ਵਿਚ ਜੀਜਾ ਲੱਗਦਾ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਟਾਂਡਾ ਵਿਖੇ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

ਰਾਏਪੁਰ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪਹਿਲਾਂ ਤਾਂ ਪੂਰਾ ਸਾਲ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਥਾਣਾ ਪਤਾਰਾ ਵਿਚ ਉਕਤ ਮਾਮਲੇ ਵਿਚ 1 ਮਾਰਚ ਨੂੰ ਆਈ. ਪੀ. ਸੀ. ਦੀ ਧਾਰਾ 420 ਤਹਿਤ ਪੁਲਸ ਨੇ 16 ਨੰਬਰ ਐੱਫ. ਆਈ. ਆਰ. ਦਰਜ ਕੀਤੀ ਹੈ ਪਰ ਉਸ ਵਿਚ ਸਿਰਫ ਬੈਂਕ ਅਧਿਕਾਰੀ ਸੁਰਿੰਦਰ ਕੁਮਾਰ ਨੂੰ ਹੀ ਨਾਮਜ਼ਦ ਕੀਤਾ ਗਿਆ ਹੈ, ਜਦਕਿ ਬਾਕੀ 3 ਲੋਕਾਂ ਨੂੰ ਇਸ ਮਾਮਲੇ ਵਿਚੋਂ ਬਾਹਰ ਕੱਢ ਦਿੱਤਾ ਗਿਆ। ਅਵਤਾਰ ਸਿੰਘ ਦਾ ਪਤਾਰਾ ਪੁਲਸ ’ਤੇ ਦੋਸ਼ ਹੈ ਕਿ ਪੁਲਸ ਨੇ ਦਰਜ ਕੀਤੀ ਗਈ ਐੱਫ਼. ਆਈ. ਆਰ. ਵਿਚ ਬਣਦੀਆਂ ਧਾਰਾਵਾਂ ਵੀ ਨਹੀਂ ਲਾਈਆਂ ਅਤੇ ਨਾ ਹੀ ਨਵੇਂ ਡੇਰੇ ਦੇ ਸੰਚਾਲਕ, ਪੁਲਸ ਮੁਲਾਜ਼ਮ ਅਤੇ ਸੁਰਿੰਦਰ ਕੁਮਾਰ ਦੇ ਬੇਟੇ ’ਤੇ ਕੇਸ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮ ਨੂੰ ਪੁਲਸ ਫੜ ਵੀ ਨਹੀਂ ਰਹੀ।

ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਰੇਡ, ਬੇਲ ਰਿਜੈਕਟ ਕਰਵਾਈ: ਐੱਸ. ਐੱਚ. ਓ. ਪਤਾਰਾ
ਰਾਏਪੁਰ ਫਰਾਲਾ ਨਿਵਾਸੀ ਅਵਤਾਰ ਸਿੰਘ ਨਾਲ 30 ਲੱਖ ਰੁਪਏ ਦੀ ਠੱਗੀ ਵੱਜਣ ਦੇ ਮਾਮਲੇ ਵਿਚ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ਼. ਆਈ. ਆਰ. ਨੰਬਰ 16 ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮ ਬੈਂਕ ਅਧਿਕਾਰੀ ਸੁਰਿੰਦਰ ਕੁਮਾਰ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਿਕਾਇਤ ਵਿਚ ਹੋਰ ਜਿਹੜੇ ਲੋਕਾਂ ਦੇ ਨਾਂ ਲਏ ਗਏ ਹਨ, ਉਨ੍ਹਾਂ ਨੂੰ ਲੈ ਕੇ ਵੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਐੱਸ. ਐੱਚ. ਓ. ਨੇ ਕਿਹਾ ਕਿ ਅਵਤਾਰ ਸਿੰਘ ਨੂੰ ਪੂਰਾ ਇਨਸਾਫ਼ ਮਿਲੇਗਾ। ਪਤਾਰਾ ਪੁਲਸ ਬਿਨਾਂ ਕੋਈ ਪੱਖਪਾਤ ਕੀਤੇ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਸੁਰਿੰਦਰ ਕੁਮਾਰ ਬੈਂਕ ਅਧਿਕਾਰੀ ਵੱਲੋਂ ਆਪਣੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਲਈ ਬੇਲ ਲਾਈ ਗਈ ਸੀ, ਜਿਸ ਨੂੰ ਰਿਜੈਕਟ ਕਰਵਾ ਦਿੱਤਾ ਗਿਆ ਹੈ। ਸੁਰਿੰਦਰ ਕੁਮਾਰ ਘਰੋਂ ਭੱਜਿਆ ਹੋਇਆ ਹੈ ਪਰ ਪੁਲਸ ਜਲਦ ਉਸ ਨੂੰ ਕਾਬੂ ਕਰ ਲਵੇਗੀ। ਸੁਰਿੰਦਰ ਕੁਮਾਰ ਦੇ ਫੜੇ ਜਾਣ ’ਤੇ ਉਸ ਕੋਲੋਂ ਪੁੱਛਗਿੱਛ ਕਰਕੇ ਬਾਕੀ ਲੋਕਾਂ ਨੂੰ ਪੁਲਸ ਬੇਨਕਾਬ ਕਰਦੇ ਹੋਏ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News