ਲੁਧਿਆਣਾ ਤੋਂ ਅਗਵਾ ਹੋਇਆ 3 ਸਾਲ ਦਾ ਬੱਚਾ ਜਲੰਧਰ ਤੋਂ ਬਰਾਮਦ

10/31/2018 6:53:34 AM

ਜਲੰਧਰ,   (ਜ. ਬ.)-   28 ਅਕਤੂਬਰ ਨੂੰ ਲੁਧਿਆਣਾ ਦੇ ਮੋਤੀ ਨਗਰ ਸਥਿਤ ਟੈਕਸਟਾਈਲ  ਕਾਲੋਨੀ ਤੋਂ ਅਗਵਾ ਹੋਏ ਆਟੋ ਚਾਲਕ ਦੇ 3 ਸਾਲ ਦੇ ਬੱਚੇ ਨੂੰ ਪਤੰਗ ਬਣਾਉਣ ਵਾਲੇ ਨੌਜਵਾਨ  ਦੀ ਸਮਝਦਾਰੀ ਨਾਲ ਗਲਤ ਹੱਥਾਂ ਵਿਚ ਜਾਣ ਤੋਂ ਪਹਿਲਾਂ ਬਚਾ ਲਿਆ ਗਿਆ। ਲੁਧਿਆਣਾ ਵਿਚ  ਬੱਚੇ ਨੂੰ ਅਗਵਾ ਕਰ ਕੇ ਅਗਵਾਕਾਰ ਬੱਚੇ ਨੂੰ ਸ਼ੇਖਾਂ ਬਾਜ਼ਾਰ ਰਹਿੰਦੇ ਆਪਣੇ ਭਰਾ ਕੋਲ ਛੱਡ  ਕੇ ਚਲਾ ਗਿਆ। ਅਗਵਾਕਾਰ ਨੇ ਭਰਾ ਨੂੰ ਕਿਹਾ ਕਿ ਬੇਟਾ ਉਸ ਦਾ ਹੈ ਪਰ ਸ਼ੱਕ ਪੈਣ ’ਤੇ ਜਦੋਂ  ਭਰਾ ਨੇ ਨੇਪਾਲ ਰਹਿੰਦੀ ਅਗਵਾਕਾਰ ਦੀ ਪਤਨੀ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਭਰਾ  ਝੂਠ ਬੋਲ ਕੇ ਕਿਸੇ ਹੋਰ ਦਾ ਬੱਚਾ ਉਸ ਨੂੰ ਫੜਾ ਗਿਆ। ਜਲਦਬਾਜ਼ੀ ’ਚ ਨੌਜਵਾਨ ਬੱਚਾ ਲੈ ਕੇ  ਥਾਣਾ ਨੰਬਰ 4 ਪਹੁੰਚਿਆ ਤੇ ਸਾਰਾ ਮਾਮਲਾ ਟਰੇਸ ਹੋ ਗਿਆ। 
ਏ. ਡੀ. ਸੀ. ਪੀ. ਪੀ ਭੰਡਾਲ ਨੇ ਦੱਸਿਆ ਕਿ 28 ਅਕਤੂਬਰ ਨੂੰ ਆਟੋ ਚਾਲਕ ਦੇਵਾ ਬਹਾਦੁਰ ਨਿਵਾਸੀ ਟੈਕਸਟਾਈਲ  ਕਾਲੋਨੀ ਮੋਤੀ ਨਗਰ ਲੁਧਿਆਣਾ ਨੇ ਲੁਧਿਆਣਾ ਪੁਲਸ ਦੇ ਮੋਤੀ ਨਗਰ ਥਾਣੇ ਵਿਚ ਪੁਲਸ ਨੂੰ  ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ ਅੰਕੁਸ਼ (3) ਸ਼ਾਮ ਕਰੀਬ 5 ਵਜੇ ਘਰ ਦੇ ਬਾਹਰ ਖੇਡ  ਰਿਹਾ ਸੀ। ਇਸ ਦੌਰਾਨ ਅੰਕੁਸ਼ ਨੂੰ ਕੋਈ ਅਗਵਾ ਕਰ ਕੇ ਲੈ ਗਿਆ। ਅਗਵਾ ਅੰਕੁਸ਼ ਨੂੰ ਚੁੱਕਦਾ  ਹੋਇਆ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਲੁਧਿਆਣਾ ਪੁਲਸ ਨੇ ਆਲੇ-ਦੁਆਲੇ ਦੇ  ਸ਼ਹਿਰਾਂ ਦੀ ਪੁਲਸ ਨੂੰ ਵੀ ਅਲਰਟ ਕਰ ਦਿੱਤਾ ਸੀ। ਇਸੇ ਦੌਰਾਨ ਮੰਗਲਵਾਰ ਦੁਪਹਿਰ ਉਸ  ਸਮੇਂ ਸ਼ੇਖਾਂ ਬਾਜ਼ਾਰ ਵਿਚ ਪਤੰਗ ਦਾ ਕੰਮ ਕਰਨ ਵਾਲੇ ਦੁਕਾਨਦਾਰ ਕੋਲ ਨੌਕਰੀ ਕਰਦਾ ਦਪਿੰਦਰ  ਵਾਸੀ ਸ਼ੇਖਾਂ ਬਾਜ਼ਾਰ (ਮੂਲ ਵਾਸੀ ਨੇਪਾਲ) ਬੱਚਾ ਚੁੱਕ ਕੇ ਥਾਣਾ ਨੰਬਰ 4 ਵਿਚ ਪਹੁੰਚ  ਗਿਆ। 
ਦਪਿੰਦਰ ਨੇ ਦੱਸਿਆ ਕਿ 28 ਅਕਤੂਬਰ ਨੂੰ ਉਸ ਦਾ ਸਕਾ ਭਰਾ ਵੀਰਭਾਨ ਪੁੱਤਰ ਗੰਗਾ  ਸਿੰਘ ਵਾਸੀ ਬੇਤੁੜੀ ਨੇਪਾਲ ਉਕਤ ਬੱਚਾ ਲੈ ਕੇ ਉਸ ਕੋਲ ਆਇਆ ਸੀ। ਵੀਰਭਾਨ ਕਹਿ ਰਿਹਾ ਸੀ  ਕਿ ਉਹ ਬੱਚਾ ਉਸ ਦਾ ਹੈ ਅਤੇ ਉਸ ਨੇ ਕਿਸੇ ਕੰਮ ਲਈ ਬਾਹਰ ਜਾਣਾ ਹੈ, ਉਦੋਂ ਤਕ ਉਹ ਬੱਚੇ  ਦੀ ਦੇਖਭਾਲ ਕਰ ਲਵੇ। ਦਪਿੰਦਰ ਨੇ ਬੱਚਾ ਆਪਣੇ ਕੋਲ ਰੱਖ ਲਿਆ। ਮੰਗਲਵਾਰ ਤਕ ਭਰਾ ਦਾ ਕੁਝ  ਪਤਾ ਨਹੀਂ ਲੱਗਾ ਤਾਂ ਦਪਿੰਦਰ ਨੇ ਨੇਪਾਲ ਰਹਿੰਦੀ ਆਪਣੀ ਭਾਬੀ ਨੂੰ ਫੋਨ ਕਰ ਦਿੱਤਾ।  ਗੱਲਾਂ-ਗੱਲਾਂ ਵਿਚ ਪਤਾ ਲੱਗਾ ਕਿ ਵੀਰਭਾਨ ਦਾ ਬੇਟਾ ਤਾਂ ਨੇਪਾਲ ਵਿਚ ਆਪਣੀ ਮਾਂ ਕੋਲ ਹੀ  ਹੈ। ਅਜਿਹੇ ਵਿਚ ਦਪਿੰਦਰ ਨੇ ਆਪਣੇ ਮਾਲਕ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਹ ਥਾਣਾ  ਨੰਬਰ 4 ਵਿਚ ਬੱਚੇ ਨੂੰ ਲੈ ਕੇ ਪਹੁੰਚ ਗਏ। ਜਲੰਧਰ ਪੁਲਸ ਨੂੰ ਪਹਿਲਾਂ ਤੋਂ ਹੀ ਸੂਚਨਾ  ਸੀ ਕਿ ਲੁਧਿਆਣਾ ਤੋਂ 3 ਸਾਲ ਦਾ ਬੱਚਾ ਅਗਵਾ ਹੋਇਆ ਹੈ। ਪੁਲਸ ਨੇ ਤੁਰੰਤ ਲੁਧਿਆਣਾ ਪੁਲਸ  ਦੇ ਮੋਤੀ ਨਗਰ ਥਾਣੇ ਦੀ ਪੁਲਸ ਨੂੰ ਸੂਚਨਾ ਦਿੱਤੀ। ਬੱਚੇ ਦੀ ਫੋਟੋ ਵ੍ਹਟਸਐਪ ’ਤੇ ਮੰਗਵਾ  ਕੇ ਦੇਖੀ ਗਈ ਤਾਂ ਬੱਚਾ ਉਹੀ ਨਿਕਲਿਆ। ਕੁਝ ਸਮੇਂ ਬਾਅਦ ਲੁਧਿਆਣਾ ਪੁਲਸ ਅਤੇ ਬੱਚੇ ਦੇ  ਪਿਤਾ ਅਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਥਾਣਾ ਨੰਬਰ 4 ਪਹੁੰਚ ਗਏ। ਸਾਰੀ ਕਾਰਵਾਈ ਤੋਂ  ਬਾਅਦ ਏ. ਡੀ. ਸੀ. ਪੀ. ਪੀ. ਐੱਸ. ਭੰਡਾਲ ਤੇ ਥਾਣਾ ਨੰਬਰ 4 ਦੇ ਮੁਖੀ ਸੁਖਦੇਵ ਸਿੰਘ ਨੇ  ਅਗਵਾ ਹੋਏ ਬੱਚੇ ਨੂੰ ਪਿਤਾ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਵੀਰਭਾਨ ਅਜੇ ਫਰਾਰ ਹੈ।  ਜਲੰਧਰ ਪੁਲਸ ਨੇ ਲੁਧਿਆਣਾ ਪੁਲਸ ਨੂੰ ਯਕੀਨ ਦਿਵਾਇਆ ਕਿ ਜੇਕਰ ਜਲੰਧਰ ਵਿਚ ਵੀਰਭਾਨ ਦੀ  ਸੂਚਨਾ ਮਿਲੀ ਤਾਂ ਉਸ ਨੂੰ ਗ੍ਰਿਫਤਾਰ ਕਰ ਕੇ ਸੂਚਨਾ ਦੇ ਦਿੱਤੀ ਜਾਵੇਗੀ।
 


Related News