ਛੱਤ ''ਤੇ ਖੇਡਦੀ 3 ਸਾਲਾ ਮਾਸੂਮ ਬੱਚੀ ਹੇਠਾਂ ਡਿੱਗੀ, ਵਾਲ-ਵਾਲ ਬਚੀ

Wednesday, Feb 05, 2020 - 01:04 PM (IST)

ਛੱਤ ''ਤੇ ਖੇਡਦੀ 3 ਸਾਲਾ ਮਾਸੂਮ ਬੱਚੀ ਹੇਠਾਂ ਡਿੱਗੀ, ਵਾਲ-ਵਾਲ ਬਚੀ

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਮੁਹੱਲਾ ਸੁੰਦਰ ਨਗਰ 'ਚ ਮੰਗਲਵਾਰ ਦੁਪਹਿਰ ਸਮੇਂ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਦੇ ਬਾਵਜੂਦ 3 ਸਾਲਾ ਮਾਸੂਮ ਗਗਨਦੀਪ ਵਾਲ-ਵਾਲ ਬਚ ਗਈ। ਮਾਸੂਮ ਗਗਨਦੀਪ ਕੌਰ ਪਰਿਵਾਰ ਦੇ ਹੋਰ ਬੱਚਿਆਂ ਨਾਲ ਘਰ ਦੀ ਛੱਤ 'ਤੇ ਖੇਡ ਰਹੀ ਸੀ। ਪਤੰਗਬਾਜ਼ੀ ਦੇਖਣ ਦੌਰਾਨ ਕਰੀਬ 10 ਫੁੱਟ ਹੇਠਾਂ ਕੱਚੀ ਜ਼ਮੀਨ 'ਤੇ ਡਿੱਗਣ ਦੀ ਆਵਾਜ਼ 'ਤੇ ਮਾਸੂਮ ਦੀ ਚੀਖ ਸੁਣ ਪਰਿਵਾਰ ਦੇ ਲੋਕ ਉਸ ਨੂੰ ਲੈ ਕੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚ ਗਏ। ਡਾਕਟਰ ਅਨੁਸਾਰ ਸਕੈਨ ਰਿਪੋਰਟ ਆਉਣ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਸਿਵਲ ਹਸਪਤਾਲ ਵਿਚ ਛੱਤ ਤੋਂ ਡਿੱਗ ਜ਼ਖਮੀ ਹੋਈ ਮਾਸੂਮ ਬੱਚੀ ਗਗਨਦੀਪ ਤਾਈ ਦੀ ਗੋਦ 'ਚ ਰੋ ਰਹੀ ਸੀ, ਉਥੇ ਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਸੀ ਕਿ ਜ਼ਮੀਨ 'ਤੇ ਡਿੱਗਣ ਦੇ ਬਾਵਜੂਦ ਮਾਸੂਮ ਗਗਨਦੀਪ ਕੌਰ ਦੇ ਨੱਕ ਅਤੇ ਚਿਹਰੇ 'ਤੇ ਹੀ ਮਾਮੂਲੀ ਜ਼ਖਮ ਹਨ। ਪਰਿਵਾਰ ਅਨੁਸਾਰ ਗਗਨਦੀਪ ਦੀ ਮਾਂ ਨਹੀਂ ਹੈ ਅਤੇ ਪਿਤਾ ਵਿਦੇਸ਼ ਗਿਆ ਹੋਇਆ ਹੈ। ਬੱਚੀ ਜਦੋਂ ਛੱਤ 'ਤੇ ਖੇਡ ਰਹੀ ਸੀ, ਉਸ ਸਮੇਂ ਘਰ ਦੇ ਲੋਕ ਵੀ ਉੱਥੇ ਹੀ ਬੈਠੇ ਸਨ। ਖੇਡਦੇ-ਖੇਡਦੇ ਗਗਨਦੀਪ ਕਿਵੇਂ ਛੱਤ ਦੇ ਕੰਢੇ ਚਲੀ ਗਈ ਤੇ ਹੇਠਾਂ ਡਿੱਗ ਪਈ, ਇਸ ਦਾ ਪਤਾ ਹੀ ਨਹੀਂ ਚੱਲਿਆ। ਪਰਿਵਾਰ ਨੇ ਕਿਹਾ, ਰੱਬ ਦਾ ਸ਼ੁਕਰ ਹੈ ਕਿ ਗਗਨਦੀਪ ਨੂੰ ਮਾਮੂਲੀ ਸੱਟਾਂ ਹੀ ਆਈਆਂ ਹਨ।


author

shivani attri

Content Editor

Related News