ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਨਕਦੀ ਤੇ ਹੋਰ ਸਾਮਾਨ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
Thursday, Jun 29, 2023 - 07:02 PM (IST)

ਬੰਗਾ (ਚਮਨ ਲਾਲ/ਰਾਕੇਸ਼) : ਥਾਣਾ ਮੁਕੰਦਪੁਰ ਪੁਲਸ ਵੱਲੋਂ ਬੀਤੀ 17 ਜੂਨ ਨੂੰ ਨਵਾਂਸ਼ਹਿਰ ਦੀ ਆਰ. ਬੀ. ਐੱਲ. ਨਾਮੀ ਇਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ 48 ਹਜ਼ਾਰ ਰੁਪਏ ਨਕਦੀ, ਫਾਈਨਾਂਸ ਕੰਪਨੀ ਦੀ ਟੈਬ ,ਕਰਮਚਾਰੀ ਦਾ ਪਰਸ ਤੇ ਹੋਰ ਜ਼ਰੂਰੀ ਕਾਗਜ਼ਾਤ ਲੁੱਟ ਕੇ ਲਿਜਾਣ ਵਾਲੇ ਗਿਰੋਹ ਦੇ 3 ਹੋਰ ਸਾਥੀ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋਂ ਲੁੱਟ ਖੋਹ ਦੌਰਾਨ ਵਰਤੇ ਮੋਟਰਸਾਈਕਲ ਤੋਂ ਇਲਾਵਾ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਡਾਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮਿਤੀ 17 ਜੂਨ ਨੂੰ ਆਰ. ਬੀ. ਐੱਲ. ਨਾਮੀ ਫਾਈਨਾਂਸ ਕੰਪਨੀ ਦੇ ਇਕ ਆਕਾਸ਼ ਸੈਣੀ ਨਾਮੀ ਕਰਮਚਾਰੀ, ਜੋ ਉਕਤ ਫਾਈਨਾਂਸ ਕੰਪਨੀ ਦੀ ਕੁਲੈਕਸ਼ਨ ਕਰ ਪਿੰਡ ਸਾਧਪੁਰ ਵੱਲ ਨੂੰ ਜਾ ਰਿਹਾ ਸੀ, ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਘੇਰਿਆ, ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸੱਟਾਂ ਮਾਰੀਆਂ, ਉੱਥੇ ਹੀ ਉਸ ਕੋਲੋਂ ਕੰਪਨੀ ਦੀ 48 ਹਜ਼ਾਰ ਰੁਪਏ ਦੀ ਨਕਦੀ, ਕੰਪਨੀ ਦੀ ਇਕ ਟੈਬ, ਉਸ ਦਾ ਪਰਸ ਅਤੇ ਕੁਝ ਹੋਰ ਜਰੂਰੀ ਕਾਗਜ਼ਾਤ ਲੁੱਟ ਲਏ ਸਨ, ਜਿਸ ਤੋਂ ਬਾਅਦ ਥਾਣਾ ਮੁਕੰਦਪੁਰ ਦੀ ਮੁਖੀ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਮਿਲੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਸੀਨੀਅਰ ਪੁਲਸ ਕਪਤਾਨ ਭਗੀਰਥ ਸਿੰਘ ਮੀਨਾ ਦੀ ਅਗਵਾਈ ਵਿਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਤੇ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਵੱਖ-ਵੱਖ ਟੀਮਾ ਦਾ ਗਠਨ ਕਰਕੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਕਤ ਮਾਮਲੇ ਦੇ ਮਾਸਟਰਮਾਈਂਡ ਲਵਪ੍ਰੀਤ ਸਿੰਘ ਪੁੱਤਰ ਦੇਵ ਰਾਜ ਨਿਵਾਸੀ ਕਰੀਮਪੁਰ ਨੂੰ 24 ਘੰਟਿਆਂ ਅੰਦਰ ਕਾਬੂ ਕਰ ਉਸ ਕੋਲੋਂ ਲੁੱਟੀ ਗਈ ਰਾਸ਼ੀ ’ਚੋਂ 30 ਹਜ਼ਾਰ ਰੁਪਏ ਦੀ ਨਕਦੀ ਅਤੇ ਫਾਈਨਾਂਸ ਕੰਪਨੀ ਦਾ ਟੈਬ ਬਰਾਮਦ ਕਰ ਲਿਆ।
ਉਨ੍ਹਾਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਥੋੜ੍ਹੀ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਉਕਤ ਲੁੱਟ ਵਿਚ ਸ਼ਾਮਿਲ ਆਪਣੇ ਬਾਕੀ ਸਾਥੀਆਂ ਦੇ ਨਾਂ ਵੀ ਦੱਸ ਦਿੱਤੇ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ, ਨੂੰ ਵੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਿਰੋਹ ਦੇ ਤਿੰਨਾਂ ਮੈਂਬਰਾਂ ’ਚੋਂ ਇਕ ਬਾਲਗ ਤੇ ਦੋ ਨਾਬਾਲਗ ਹਨ। ਉਨ੍ਹਾਂ ਦੱਸਿਆ ਕਿ ਕਾਬੂ ਆਏ ਦੋਸ਼ੀਆਂ ਦੀ ਪਛਾਣ ਹਰਦੀਪ ਕੁਮਾਰ ਉਰਫ ਦੀਪਾ ਪੁੱਤਰ ਹਰੀਸ਼ ਕੁਮਾਰ ਨਿਵਾਸੀ ਗਲੀ ਨੰਬਰ 21 ਨਵੀ ਆਬਾਦੀ ਨਵਾਂਸ਼ਹਿਰ, ਤੁਸ਼ਾਰ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਫਤਿਹ ਨਗਰ ਨਵਾਂਸ਼ਹਿਰ ,ਗੁਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਸੋਨੀ ਰਾਮ ਨਿਵਾਸੀ ਕਰੀਮਪੁਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਤਿੰਨਾਂ ਦੋਸ਼ੀਆਂ ’ਚੋਂ ਹਰਦੀਪ ਕੁਮਾਰ ਉਰਫ ਦੀਪਾ ਕੋਲੋਂ 2 ਕਿਰਪਾਨਾਂ ਤੇ 2 ਹਜ਼ਾਰ ਰੁਪਏ ਦੀ ਨਕਦੀ ,ਤੁਸ਼ਾਰ ਕੁਮਾਰ ਕੋਲੋਂ 3 ਹਜ਼ਾਰ ਰੁਪਏ ਦੀ ਨਕਦੀ, ਜਦਕਿ ਗੁਰਪ੍ਰੀਤ ਸਿੰਘ ਉਰਫ ਸੰਨੀ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੇ ਤੁਸ਼ਾਰ ਕੁਮਾਰ ਨਾਮੀ ਦੋਸ਼ੀ ’ਤੇ ਨਵਾਂਸ਼ਹਿਰ ਸਿਟੀ ਵਿਚ ਧਾਰਾ 307 ਤਹਿਤ ਮਾਮਲਾ ਦਰਜ ਹੈ, ਜਿਸ ਵਿਚ ਵੀ ਇਹ ਲੋੜੀਂਦਾ ਸੀ ਅਤੇ ਕਾਬੂ ਨਹੀ ਸੀ ਆ ਰਿਹਾ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. ਡੀ. ਪ੍ਰੇਮ ਕੁਮਾਰ, ਡੀ. ਐੱਸ. ਪੀ. ਬੰਗਾ ਸਰਵਣ ਸਿੰਘ ਬੱਲ, ਐੱਸ. ਐੱਚ. ਓ. ਨਰੇਸ਼ ਕੁਮਾਰੀ ਤੇ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਹੋਈਆਂ ਵਾਰਦਾਤਾਂ ਦੇ ਵੀ ਸਾਹਮਣੇ ਆਉਣ ਦਾ ਖਦਸ਼ਾ ਹੈ।