ਕਮਿਸ਼ਨਰੇਟ ਪੁਲਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 5 ਕਿੱਲੋ ਅਫੀਮ ਸਣੇ 3 ਕਾਬੂ

Sunday, Mar 03, 2024 - 10:20 PM (IST)

ਕਮਿਸ਼ਨਰੇਟ ਪੁਲਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 5 ਕਿੱਲੋ ਅਫੀਮ ਸਣੇ 3 ਕਾਬੂ

ਜਲੰਧਰ (ਸੁਧੀਰ/ਵਰੁਣ) : ਕਮਿਸ਼ਨਰੇਟ ਪੁਲਸ ਨੇ ਕੋਰੀਅਰ ਏਜੰਸੀ ਦੇ ਮਾਧਿਅਮ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਕੋਰੀਅਰ ਕੰਪਨੀ ਦੇ ਮਾਲਕ ਸਮੇਤ ਗਰੁੱਪ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਫੜੇ ਗਏ ਗਰੁੱਪ ਦੇ ਮੈਂਬਰਾਂ ਤੋਂ ਪੁਲਸ ਨੇ 5 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ ਜਦਕਿ ਗਰੁੱਪ ਦੇ ਹੋਰ ਮੈਂਬਰਾਂ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ।

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ’ਚ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਦੇ 300 ਐੱਡਰੈੱਸ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਡਰੱਗ ਰੈਕੇਟ ’ਚ ਕਈ ਲੋਕ ਪਿਛਲੇ 3 ਸਾਲ ਤੋਂ ਸਰਗਰਮ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਕਿ ਜਲੰਧਰ ਦਾ ਮਨੀਸ਼ ਉਰਫ ਮਨੀ ਠਾਕੁਰ ਇਸ ਕਾਰਟ ਦਾ ਲੀਡਰ ਹੈ ਅਤੇ ਯੂ.ਕੇ. ’ਚ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਝਾਰਖੰਡ ਤੋਂ ਹੁਸ਼ਿਆਰਪੁਰ ਅਤੇ ਜਲੰਧਰ ਦੇ ਕੋਰੀਅਰ ਸੰਚਾਲਕਾਂ ਨੂੰ ਅਫੀਮ ਭੇਜੀ ਜਾਂਦੀ ਸੀ ਅਤੇ ਫਿਰ ਇਸ ਨੂੰ ਵਿਦੇਸ਼ਾਂ ’ਚ ਭੇਜਿਆ ਜਾਂਦਾ ਸੀ।

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ

ਸ਼ਰਮਾ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਪੁਲਸ ਨੇ ਹੁਸ਼ਿਆਰਪੁਰ ’ਚ 2 ਮੋਬਾਇਲ ਦੇ ਸ਼ੋਅਰੂਮ ਚਲਾਉਣ ਵਾਲੇ ਅਮਨ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਕਿ ਉਹ ਝਾਰਖੰਡ ਤੋਂ ਅਫੀਮ ਦੀ ਡਿਲੀਵਰੀ ਦੇ ਲਈ ਪੁਆਇੰਟਮੈਨ ਸੀ ਅਤੇ ਉਸ ਨੇ ਹੁਸ਼ਿਆਰਪੁਰ ’ਚ ਇਕ ਪਾਸ਼ ਕਾਲੋਨੀ ’ਚ ਇਕ ਆਲੀਸ਼ਾਨ ਘਰ ਵੀ ਬਣਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਆਪਣੀ ਕੋਰੀਅਰ ਕੰਪਨੀ ਚਲਾਉਣ ਵਾਲੇ ਜਲੰਧਰ ਵਾਸੀ ਸੰਨੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਕਿ ਅਫੀਮ ਨੂੰ ਪੈਕ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਆਖ਼ਰੀ ਪ੍ਰਾਪਤਕਰਤਾ ਦਾ ਵੇਰਵਾ ਅਤੇ ਪਤਾ ਹੁਸ਼ਿਆਰਪੁਰ ਦੇ ਟਾਂਡਾ ਵਾਸੀ ਸ਼ੇਜਲ ਵਲੋਂ ਪ੍ਰਦਾਨ ਕੀਤਾ ਗਿਆ ਸੀ, ਜੋ ਇਕ ਕੋਰੀਅਰ ਏਜੰਸੀ ਚਲਾਉਂਦਾ ਹੈ ਅਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਸੀ.ਪੀ. ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਕੋਲੋਂ 5 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਤਿੰਨੋਂ ਕੌਮਾਂਤਰੀ ਕੋਰੀਅਰ ਸੇਵਾ ਦੇ ਜ਼ਰੀਏ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ’ਚ ਅਫੀਮ ਭੇਜਦੇ ਸਨ। ਇਹ ਗਰੁੱਪ ਪਿਛਲੇ 3 ਸਾਲਾਂ ਤੋਂ ਸਰਗਰਮ ਹੈ ਅਤੇ ਪੁਲਸ ਨੇ ਇਸ ਗਰੁੱਪ ’ਚ ਲਗਭਗ 8 ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ’ਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਹੋਰਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪੁਲਸ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, ਗੜ੍ਹਸ਼ੰਕਰ ਨੂੰ ਜਾਂਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ (ਵੀਡੀਓ)

ਕਸਟਮ ਵਿਭਾਗ ਦਿੱਲੀ ਅਤੇ ਡਾਕ ਵਿਭਾਗ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ’ਚ, 2 ਕੁਇੰਟਲ ਅਫੀਮ ਭੇਜ ਚੁੱਕੇ ਹਨ ਵਿਦੇਸ਼
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਫੜੇ ਗਏ ਦੋਸ਼ੀ ਪਿਛਲੇ ਕੁਝ ਸਮੇਂ ਦੌਰਾਨ ਲਗਭਗ 2 ਕੁਇੰਟਲ ਅਫੀਮ ਦੀ ਖੇਪ ਕੋਰੀਅਰ ਕੰਪਨੀਆਂ ਦੇ ਜ਼ਰੀਏ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ’ਚ ਭੇਜ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਦੋਸ਼ੀ ਇਕ ਮਹੀਨੇ ’ਚ 3-4 ਵਾਰ ਹੀ ਕੋਰੀਅਰ ਦੇ ਜ਼ਰੀਏ ਡਰੱਗ ਦੀ ਖੇਪ ਭੇਜਦੇ ਸਨ।

ਉਨ੍ਹਾਂ ਨੇ ਦੱਸਿਆ ਕਿ ਇਸ ਰੈਕੇਟ ’ਚ ਕਸਟਮ ਵਿਭਾਗ ਦਿੱਲੀ ਅਤੇ ਡਾਕ ਵਿਭਾਗ ਦੀ ਵੀ ਕਾਰਗੁਜਾਰੀ ਸ਼ੱਕ ਦੇ ਘੇਰੇ ’ਚ ਹੈ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਬਿਨਾਂ ਸਕੈਨ ਅਤੇ ਬਿਨਾਂ ਕਿਸੇ ਜਾਂਚ ਦੇ ਵਿਦੇਸ਼ਾਂ ’ਚ ਕਿਵੇਂ ਡਰੱਗ ਦੇ ਪਾਰਸਲ ਪਹੁੰਚਦੇ ਸਨ। ਜੇਕਰ ਜਾਂਚ ’ਚ ਕੋਈ ਦੋਸ਼ੀ ਸਹੀ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਰੱਗ ਮਨੀ ਦੇ ਜ਼ਰੀਏ ਬਣਾਈਆਂ ਜਾਇਦਾਦਾਂ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਜਾਂਚ ’ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਦੋਸ਼ੀਆਂ ਨੇ ਡਰੱਗ ਮਨੀ ਦੇ ਜ਼ਰੀਏ ਕਈ ਜਾਇਦਾਦਾਂ ਵੀ ਬਣਾਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਜਾਂਚ ’ਚ ਡਰੱਗ ਮਨੀ ਦੌਰਾਨ ਕੋਈ ਵੀ ਜਾਇਦਾਦ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਜ਼ਬਤ ਕੀਤਾ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News