ਕਾਰ ਸਵਾਰ 3 ਵਿਅਕਤੀ 10 ਨਸ਼ੀਲੇ ਟੀਕਿਆਂ ਸਣੇ ਕਾਬੂ

Tuesday, Dec 17, 2024 - 05:12 AM (IST)

ਨੂਰਪੁਰਬੇਦੀ (ਭੰਡਾਰੀ) - ਜ਼ਿਲਾ ਪੁਲਸ ਮੁੱਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਆਦੇਸ਼ਾਂ ਤਹਿਤ ਗੈਰ ਸਮਾਜਿਕ ਕਾਰਜਾਂ ’ਚ ਸ਼ਾਮਲ ਵਿਅਕਤੀਆਂ ਨੂੰ ਦਬੋਚਣ ਲਈ ਆਰੰਭੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਬਾਅਦ ਦੁਪਹਿਰ ਸਥਾਨਕ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ 3 ਕਾਰ ਸਵਾਰ ਵਿਅਕਤੀਆਂ ਨੂੰ 10 ਨਸ਼ੀਲੇ ਟੀਕਿਆਂ ਸਣੇ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ  ਦਿੱਤਾ ਹੈ। 

ਥਾਣਾ ਮੁੱਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਏ.ਐੱਸ.ਆਈ. ਪ੍ਰਦੀਪ ਸ਼ਰਮਾ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ, ਦਮਨਜੀਤ ਸਿੰਘ ਅਤੇ ਕਾਂਸਟੇਬਲ ਰਵਿੰਦਰਵੀਰ ਸਿੰਘ ’ਤੇ ਆਧਾਰਤ ਪੁਲਸ ਪਾਰਟੀ ਨੇ ਸ਼ੱਕੀ ਵਾਹਨਾਂ ਦੀ ਜਾਂਚ ਲਈ ਟੀ-ਪੁਆਇੰਟ ਆਜਮਪੁਰ ਬਾਈਪਾਸ ਵਿਖੇ ਕੋਲਾ ਭੱਠੀਆਂ ਦੇ ਲਾਗੇ ਨਾਕਾ ਲਗਾਇਆ ਹੋਇਆ ਸੀ। 

ਇਸ ਦੌਰਾਨ ਜਦੋਂ ਉਹ ਬੁੰਗਾ ਸਾਹਿਬ ਦੀ ਤਰਫੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕਰ ਰਹੇ ਸਨ ਤਾਂ ਦੁਪਹਿਰ ਕਰੀਬ 3.15 ਵਜੇ ਕਾਰ ਨੰਬਰ ਪੀ.ਬੀ. 11ਏ.ਯੂ.-2008 ਮਾਰਕਾ ਫੋਰਡ ਫੀਗੋ ਦੀ ਰੋਕ ਕੇ ਰੂਟੀਨ ਤਲਾਸ਼ੀ ਲੈਣ ’ਤੇ ਉਸਦੇ ਗੀਅਰ ਲੀਵਰ ਲਾਗਿਓਂ ਇਕ ਕਾਲੇ ਰੰਗ ਦਾ ਪਲਾਸਟਿਕ ਦਾ ਲਿਫਾਫਾ ਮਿਲਿਆ ਜਿਸ ਨੂੰ ਚੈੱਕ ਕਰਨ ’ਤੇ 2-2 ਐੱਮ.ਐੱਲ. ਦੇ 5 ਨਸ਼ੀਲੇ ਟੀਕੇ ਬਿਨਾਂ ਲੈਵਲ ਤੋਂ ਜੋ ਬਪਰੇਨੌਫਿਨ ਦੇ ਲੱਗਦੇ ਸਨ ਅਤੇ 5 ਹੋਰ 10-10 ਐੱਮ.ਐੱਲ. ਦੇ ਬਿਨਾਂ ਲੈਵਲ ਦੇ ਟੀਕੇ ਜਿਨ੍ਹਾਂ ਦੇ ਢੱਕਣ ’ਤੇ ਏਵਿਲ ਲਿਖਿਆ ਹੋਇਆ ਸੀ ਸਹਿਤ ਕੁੱਲ 10 ਟੀਕੇ ਬਰਾਮਦ ਹੋਏ। 

ਉਕਤ ਕਾਰ ਚਾਲਕ ਨੇ ਪੁੱਛਣ ’ਤੇ ਆਪਣਾ ਨਾਮ ਦੀਪਕ ਮਹਿਤਾ ਪੁੱਤਰ ਹਰੀਚੰਦ ਨਿਵਾਸੀ ਪਿੰਡ ਗੰਗੂਵਾਲ, ਥਾਣਾ ਸ੍ਰੀ  ਅਨੰਦਪੁਰ ਸਾਹਿਬ ਅਤੇ ਡਰਾਈਵਰ ਸੀਟ ’ਤੇ ਬੈਠ ਲਡ਼ਕੇ ਨੇ ਆਪਣਾ ਨਾਂ ਹਰਮਨਦੀਪ ਸਿੰਘ ਪੁੱਤਰ ਬੁੱਧ ਸਿੰਘ ਨਿਵਾਸੀ ਪਿੰਡ ਮੂਸਾਪੁਰ, ਥਾਣਾ ਨੂਰਪੁਰਬੇਦੀ ਅਤੇ ਪਿਛਲੀ ਸੀਟ ’ਤੇ ਬੈਠੇ ਤੀਜੇ ਵਿਅਕਤੀ ਨੇ ਆਪਣਾ ਨਾਂ ਹਰਜੀਤ ਸਿੰਘ ਪੁੱਤਰ ਸੰਤ ਰਾਮ ਨਿਵਾਸੀ ਪਿੰਡ ਗੋਚਰ, ਥਾਣਾ ਨੂਰਪੁਰਬੇਦੀ ਵਿਖੇ ਦੱਸਿਆ ਅਤੇ ਜੋ ਉਕਤ ਟੀਕੇ ਆਪਣੇ ਕੋਲ  ਰੱਖਣ ਸਬੰਧੀ ਕੋਈ ਬਿੱਲ ਵਗੈਰਾ ਨਹੀਂ ਦਿਖਾ ਸਕੇ ਜਿਸਨੂੰ ਲੈ ਕੇ ਉਕਤ ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਖਿਲਾਫ 22-61-85 ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਿਨ੍ਹਾਂ ਨੂੰ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ’ਤੇ ਭੇਜਣ ਦਾ  ਹੁਕਮ  ਦਿੱਤਾ।   


Inder Prajapati

Content Editor

Related News