ਸਰਕਾਰੀ ਲਾਟਰੀ ਦੀ ਆੜ ''ਚ ਦੜੇ ਸੱਟੇ ਦਾ ਧੰਦਾ ਕਰ ਰਹੇ 3 ਗ੍ਰਿਫਤਾਰ

Tuesday, Jul 16, 2019 - 12:24 AM (IST)

ਸਰਕਾਰੀ ਲਾਟਰੀ ਦੀ ਆੜ ''ਚ ਦੜੇ ਸੱਟੇ ਦਾ ਧੰਦਾ ਕਰ ਰਹੇ 3 ਗ੍ਰਿਫਤਾਰ

ਕਪੂਰਥਲਾ (ਭੂਸ਼ਣ)-ਪੁਲਸ ਨੇ ਸਰਕਾਰੀ ਲਾਟਰੀ ਦੀ ਆੜ ਵਿਚ ਦੜੇ ਸੱਟੇ ਦਾ ਧੰਦਾ ਕਰ ਰਹੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 9200 ਰੁਪਏ ਦੀ ਨਕਦੀ, ਇਕ ਸੀ. ਪੀ. ਯੂ. ਅਤੇ ਮੋਬਾਇਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ਵਿਚ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਟੀਮ ਨਾਲ ਜਲੰਧਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਟੀਮ ਨੂੰ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਰਣਬੀਰ ਪੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਜਾਨਕੀ ਦਾਸ ਕਪੂਰਥਲਾ ਪ੍ਰਤੀਕ ਕੁਮਾਰ ਪੁੱਤਰ ਅਨਿਲ ਕੁਮਾਰ ਨਿਵਾਸੀ ਨਰੋਤਮ ਵਿਹਾਰ ਗਲੀ ਨੰਬਰ 3 ਕਪੂਰਥਲਾ ਅਤੇ ਸੰਜੀਵ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਸ਼ੇਰਗੜ੍ਹ ਕਪੂਰਥਲਾ ਜੋ ਕਿ ਪਟਾਖਾ ਮਾਰਕੀਟ 'ਚ ਕਿਰਾਏ 'ਤੇ ਦੁਕਾਨ ਲੈ ਕੇ ਲਾਟਰੀ ਦੀ ਆੜ 'ਚ ਸੀ. ਪੀ. ਯੂ. ਰੱਖ ਕੇ ਮੋਬਾਇਲ ਦੀ ਮਦਦ ਨਾਲ ਪਰਚੀਆਂ ਲਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦੇ ਹਨ। ਜੇਕਰ ਹੁਣੇ ਛਾਪਾਮਾਰੀ ਕੀਤੀ ਜਾਵੇ ਤਾਂ ਪੁਲਸ ਨੂੰ ਦੜੇ ਸਟੇ ਦੀਆਂ ਕਾਫ਼ੀ ਪਰਚੀਆਂ ਮਿਲ ਸਕਦੀਆਂ ਹਨ। ਜਿਸ 'ਤੇ ਸਿਟੀ ਪੁਲਸ ਨੇ ਜਦੋਂ ਮੌਕੇ 'ਤੇ ਛਾਪਾਮਾਰੀ ਕੀਤੀ ਤਾਂ ਮੁਲਜ਼ਮ ਰਣਬੀਰ ਪੂਰੀ ਤੋਂ ਇਕ ਮੋਬਾਇਲ ਅਤੇ 5500 ਰੁਪਏ ਦੀ ਨਕਦੀ ਬਰਾਮਦ ਹੋਈ। ਉਥੇ ਹੀ ਮੁਲਜ਼ਮ ਸੰਜੀਵ ਕੁਮਾਰ ਤੋਂ ਇਕ ਮੋਬਾਇਲ ਅਤੇ 3500 ਰੁਪਏ ਦੀ ਨਕਦੀ ਬਰਾਮਦ ਹੋਈ। ਜਦੋਂ ਕਿ ਮੁਲਜ਼ਮ ਪ੍ਰਤੀਕ ਕੁਮਾਰ ਤੋਂ ਇਕ ਮੋਬਾਇਲ ਅਤੇ 200 ਰੁਪਏ ਦੀ ਨਕਦੀ ਬਰਾਮਦ ਹੋਈ। ਦੁਕਾਨ ਦੀ ਤਲਾਸ਼ੀ ਲੈਣ 'ਤੇ ਪੁਲਸ ਟੀਮ ਨੇ ਇਕ ਸੀ. ਪੀ. ਯੂ. ਅਤੇ ਇਕ ਕਾਪੀ ਜਿਸ ਵਿਚ ਦੜੇ ਸਟੇ ਦੇ ਨੰਬਰ ਲਿਖੇ ਹੋਏ ਸਨ ਬਰਾਮਦ ਹੋਏ। ਤਿੰਨਾ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Karan Kumar

Content Editor

Related News