25 ਸਾਲਾ ਨਾਈਜੀਰੀਅਨ 1 ਕਿਲੋ ਹੈਰੋਇਨ ਸਮੇਤ ਕਾਬੂ

06/02/2019 1:02:34 AM

ਜਲੰਧਰ, (ਸ਼ੋਰੀ)— ਪੰਜਾਬ ਵਿਚ ਹੈਰੋਇਨ ਸਮੱਗਲਿੰਗ ਦਾ ਧੰਦਾ ਕਰਨ ਵਿਚ ਨਾਈਜੀਰੀਅਨ ਨੌਜਵਾਨ ਤੇ ਲੜਕੀਆਂ ਪਹਿਲੇ ਨੰਬਰ 'ਤੇ ਆ ਰਹੀਆਂ ਹਨ। ਦਿਹਾਤੀ ਪੁਲਸ ਨੇ ਇਕ 25 ਸਾਲ ਦੀ ਨਾਈਜੀਰੀਅਨ ਲੜਕੀ ਨੂੰ ਇਕ ਕਿਲੋ ਹੈਰੋਇਨ ਦੇ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਆਈ. ਪੀ. ਐੱਸ. ਜਲੰਧਰ ਰੇਂਜ ਨੌਨਿਹਾਲ ਸਿੰਘ ਦੇ ਹੁਕਮਾਂ ਕਾਰਨ ਦਿਹਾਤੀ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਪੁਲਸ ਚਲਾ ਰਹੀ ਹੈ। ਐੱਸ. ਪੀ. ਰਾਜਵੀਰ ਸਿੰਘ ਤੇ ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਤੇ ਐੱਸ. ਆਈ. ਨਿਰਮਲ ਸਿੰਘ ਕਰੀਬ 12 ਵਜੇ ਗੁਰਾਇਆ ਤੋਂ ਬੜਾ ਪਿੰਡ ਵੱਲ ਜਾ ਰਹੇ ਸੀ ਕਿ ਪੁਲਸ ਪਾਰਟੀ ਨੂੰ ਵੇਖ ਕੇ ਇਕ ਵਿਦੇਸ਼ੀ ਔਰਤ ਜਿਸ ਨੇ ਆਪਣੇ ਮੋਢੇ 'ਤੇ ਪਰਸ ਲਟਕਾ ਕੇ ਰੱਖਿਆ ਸੀ, ਪੁਲਸ ਨੂੰ ਵੇਖ ਕੇ ਘਬਰਾ ਕੇ ਤੇਜ਼ੀ ਨਾਲ ਤੁਰਨ ਲੱਗੀ।
ਪੁਲਸ ਨੂੰ ਸ਼ੱਕ ਹੋਇਆ ਤਾਂ ਮਹਿਲਾ ਪੁਲਸ ਕਰਮਚਾਰੀ ਦੀ ਮਦਦ ਨਾਲ ਵਿਦੇਸ਼ੀ ਔਰਤ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਬਿਊਟੀ ਪੁੱਤਰੀ ਜੋਸ਼ੀਆ ਵਾਸੀ ਨਾਈਜੀਰੀਆ ਹਾਲ ਸ਼ਿਆਪੁਰ ਨੇੜੇ ਵਿਕਾਸਪੁਰੀ ਨਿਊ ਦਿੱਲੀ ਦੱਸੀ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ ਨੂੰ ਬੁਲਾ ਕੇ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਵਿਦੇਸ਼ੀ ਮਹਿਲਾ ਦੇ ਪਰਸ ਦੀ ਤਲਾਸ਼ੀ ਲਈ ਤਾਂ ਪਰਸ ਵਿਚੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

20 ਵਿਦੇਸ਼ੀ ਨਾਗਰਿਕ ਫੜ ਚੁੱਕੀ ਹੈ ਪੁਲਸ
ਉਥੇ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਹੁਣ ਤੱਕ 10 ਮਹੀਨੇ ਵਿਚ 29 ਕਿਲੋਗ੍ਰਾਮ 925 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜ਼ਿਆਦਾਤਰ ਮਾਮਲਿਆਂ ਵਿਚ 20 ਵਿਦੇਸ਼ੀ ਨਾਗਰਿਕ ਜਿਨ੍ਹਾਂ ਵਿਚ 11 ਮਰਦ ਅਤੇ 9 ਔਰਤਾਂ ਸ਼ਾਮਲ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਜੇਲ ਭੇਜ ਚੁੱਕੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਤੋਂ ਉਕਤ ਲੋਕ ਹੈਰੋਇਨ ਲਿਆ ਕੇ ਪੰਜਾਬ ਵਿਚ ਸਪਲਾਈ ਕਰ ਕੇ ਮੋਟੀ ਪੈਸੇ ਕਮਾਉਂਦੇ ਹਨ ਅਤੇ ਨਾਲ ਹੀ ਸਟੱਡੀ ਵੀਜ਼ਾ 'ਤੇ ਆਏ ਜ਼ਿਆਦਾਤਰ ਨਾਈਜੀਰੀਅਨ ਦੇ ਵੀਜ਼ਾ ਖਤਮ ਹੋ ਚੁੱਕੇ ਹੁੰਦੇ ਹਨ। ਪੰਜਾਬ ਪੁਲਸ ਦਿੱਲੀ ਪੁਲਸ ਨੂੰ ਵੀ ਇਸ ਬਾਬਤ ਸੂਚਿਤ ਕਰ ਚੁੱਕੀ ਹੈ।


 


KamalJeet Singh

Content Editor

Related News