ਟਰੱਕ ’ਚੋਂ ਅਫ਼ੀਮ ਅਤੇ ਚੂਰਾ-ਪੋਸਤ ਬਰਾਮਦ, 2 ਗ੍ਰਿਫ਼ਤਾਰ

03/06/2021 1:49:55 PM

ਜਲੰਧਰ (ਜ. ਬ.)– ਪਰਾਗਪੁਰ ਚੌਕੀ ਨੇੜੇ ਚੈਕਿੰਗ ਲਈ ਰੋਕੇ ਗਏ ਪਲਾਸਟਿਕ ਦਾਣਾ ਅਤੇ ਪਲਾਸਟਿਕ ਦੀਆਂ ਬੋਰੀਆਂ ਨਾਲ ਲੱਦੇ 12 ਟਾਇਰੀ ਟਰੱਕ ਵਿਚੋਂ ਸੀ. ਆਈ. ਏ. ਸਟਾਫ-1 ਨੇ ਅਫ਼ੀਮ ਅਤੇ ਚੂਰਾ-ਪੋਸਤ ਬਰਾਮਦ ਕੀਤਾ ਹੈ। ਪੁਲਸ ਨੇ ਟਰੱਕ ਸਵਾਰ ਦੋਵਾਂ ਡਰਾਈਵਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਹੜੇ ਰਾਜਸਥਾਨ ਦੇ ਸਮੱਗਲਰਾਂ ਕੋਲੋਂ ਅਫ਼ੀਮ ਅਤੇ ਚੂਰਾ-ਪੋਸਤ ਖ਼ਰੀਦ ਕੇ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਦੇ ਰਹੇ ਸਨ। ਮੁਲਜ਼ਮਾਂ ਦੀ ਪਛਾਣ ਮਲਕੀਤ ਖਾਨ (34) ਪੁੱਤਰ ਬਲਬੀਰ ਸਿੰਘ ਨਿਵਾਸੀ ਗਾਜ਼ੀਪੁਰ (ਪਟਿਆਲਾ) ਅਤੇ ਰਣਜੀਤ ਸਿੰਘ ਉਰਫ ਜੀਤੀ (36) ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਬਜਹੇੜੀ (ਮੋਹਾਲੀ) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਆਪਣੀ ਟੀਮ ਦੇ ਨਾਲ ਪਰਾਗਪੁਰ ਚੌਕੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ 12 ਟਾਇਰੀ ਟਰੱਕ ਨੂੰ ਰੋਕ ਕੇ ਡਰਾਈਵਰ ਮਲਕੀਤ ਖਾਨ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਗੁਜਰਾਤ ਦੇ ਬੜੌਦਾ ਤੋਂ ਪਲਾਸਟਿਕ ਦਾਣਾ ਅਤੇ ਪਲਾਸਟਿਕ ਦੀਆਂ ਬੋਰੀਆਂ ਲੋਡ ਕੀਤੀਆਂ ਸਨ, ਜਿਹੜੀਆਂ ਹਿਮਾਚਲ ਪ੍ਰਦੇਸ਼ ਅਤੇ ਪਟਿਆਲਾ ਵਿਚ ਡਲਿਵਰ ਕਰਨੀਆਂ ਸਨ। ਸ਼ੱਕ ਪੈਣ ’ਤੇ ਪੁਲਸ ਨੇ ਟਰੱਕ ਨੂੰ ਜਲੰਧਰ ਲਿਆਉਣ ਦਾ ਕਾਰਣ ਪੁੱਛਿਆ ਤਾਂ ਡਰਾਈਵਰ ਘਬਰਾ ਗਿਆ। ਟਰੱਕ ਦੀ ਚੈਕਿੰਗ ਕਰਨ ’ਤੇ ਪੁਲਸ ਨੂੰ ਬੋਰੀਆਂ ਦੇ ਹੇਠਾਂ ਲੁਕਾ ਕੇ ਰੱਖੀਆਂ 25-25 ਕਿਲੋ ਦੀਆਂ 2 ਬੋਰੀਆਂ ਮਿਲੀਆਂ, ਜਿਨ੍ਹਾਂ ਵਿਚ 50 ਕਿਲੋ ਚੂਰਾ-ਪੋਸਤ ਸੀ। ਇਸੇ ਤਰ੍ਹਾਂ ਟਰੱਕ ਦੇ ਕੈਬਿਨ ਵਿਚੋਂ ਵੀ 4 ਕਿਲੋ ਅਫੀਮ ਬਰਾਮਦ ਹੋਈ। ਪੁਲਸ ਨੇ ਟਰੱਕ ਡਰਾਈਵਰ ਅਤੇ ਟਰੱਕ ਦੇ ਮਾਲਕ ਮਲਕੀਤ ਖਾਨ ਅਤੇ ਉਸਦੇ ਸਾਥੀ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ ਕੀਤਾ ਹਾਸਲ

PunjabKesari

ਪੁੱਛਗਿੱਛ ਵਿਚ ਪਤਾ ਲੱਗਾ ਕਿ ਮਲਕੀਤ ਖਾਨ ਨੇ ਮਾਰਚ 2020 ਵਿਚ ਟਰੱਕ ਖ਼ਰੀਦਿਆ ਸੀ। ਉਹ ਲਗਭਗ 6 ਸਾਲਾਂ ਤੋਂ ਟਰੱਕ ਡਰਾਈਵਰੀ ਕਰ ਰਿਹਾ ਹੈ। ਮਲਕੀਤ ਨੇ ਦੱਸਿਆ ਕਿ 10 ਦਿਨ ਪਹਿਲਾਂ ਉਹ ਜ਼ੀਰਕਪੁਰ ਤੋਂ ਸਾਬਣ ਲੋਡ ਕਰ ਕੇ ਅਹਿਮਦਾਬਾਦ ਗਿਆ ਸੀ। ਉਥੇ ਉਸਨੇ ਟਰੱਕ ਖਾਲੀ ਕੀਤਾ ਅਤੇ ਫਿਰ ਬੜੌਦਾ ਜਾ ਕੇ ਪਲਾਸਟਿਕ ਦਾਣਾ ਅਤੇ ਪਲਾਸਟਿਕ ਦੀਆਂ ਬੋਰੀਆਂ ਲੋਡ ਕੀਤੀਆਂ। ਜਾਂਚ ਵਿਚ ਪਤਾ ਲੱਗਾ ਕਿ ਮਲਕੀਤ ਖਾਨ ਫਿਰ ਰਾਜਸਥਾਨ ਦੇ ਚਿਤੌੜਗੜ੍ਹ ਗਿਆ, ਜਿਥੇ ਨਸ਼ਾ ਸਮੱਗਲਰਾਂ ਕੋਲੋਂ ਉਸਨੇ 4 ਕਿਲੋ ਅਫ਼ੀਮ ਸਪਲਾਈ ਕਰਨ ਵਾਸਤੇ ਲਈ ਅਤੇ ਖੁਦ ਵੇਚਣ ਲਈ 50 ਕਿਲੋ ਚੂਰਾ-ਪੋਸਤ ਵੀ ਖਰੀਦ ਲਿਆ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ 4 ਕਿਲੋ ਅਫੀਮ ਕਰਤਾਰਪੁਰ ਨੇੜੇ ਸਪਲਾਈ ਕਰਨੀ ਸੀ, ਜਦੋਂ ਕਿ ਚੂਰਾ-ਪੋਸਤ ਰਾਜਪੁਰਾ ਅਤੇ ਜ਼ੀਰਕਪੁਰ ਵਿਚ ਆਪਣੇ ਗਾਹਕਾਂ ਨੂੰ ਵੇਚਣਾ ਸੀ। ਮਲਕੀਤ ਖਾਨ ਨੇ ਮੰਨਿਆ ਕਿ ਉਹ 3 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅਫੀਮ ਅਤੇ ਚੂਰਾ-ਪੋਸਤ ਦੀ ਸਪਲਾਈ ਦਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਨਸ਼ਾ ਸਮੱਗਲਰਾਂ ਲਈ ਕੋਰੀਅਰ ਦਾ ਕੰਮ ਕਰਦੇ ਸਨ ਅਤੇ ਚੂਰਾ-ਪੋਸਤ ਖੁਦ ਵੇਚਣ ਲਈ ਲਿਆਉਂਦੇ ਸਨ। ਰਣਜੀਤ ਸਿੰਘ 10 ਸਾਲਾਂ ਤੋਂ ਟਰੱਕ ਡਰਾਈਵਰੀ ਕਰ ਰਿਹਾ ਹੈ। ਉਸਨੇ 3 ਮਹੀਨੇ ਪਹਿਲਾਂ ਆਪਣਾ ਟਰੱਕ ਵੇਚ ਦਿੱਤਾ ਸੀ ਅਤੇ ਉਦੋਂ ਤੋਂ ਮਲਕੀਤ ਖਾਨ ਦੇ ਨਾਲ ਮਿਲ ਕੇ ਡਰਾਈਵਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ

ਮੁਲਜ਼ਮਾਂ ਨੇ ਕਿਹਾ ਕਿ ਉਹ 2500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੂਰਾ-ਪੋਸਤ ਖਰੀਦ ਕੇ ਆਪਣੇ ਗਾਹਕਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਸਨ, ਜਦੋਂ ਕਿ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫ਼ੀਮ ਲਿਆ ਕੇ 2 ਲੱਖ ਰੁਪਏ ਪ੍ਰਤੀ ਕਿਲੋ ਵੇਚਦੇ ਸਨ। ਸੀ. ਪੀ. ਭੁੱਲਰ ਨੇ ਕਿਹਾ ਕਿ ਮੁਲਜ਼ਮਾਂ ਦੇ ਸਾਰੇ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਨਾਲ ਜੁੜੇ ਹੋਰ ਸਪਲਾਇਰ ਵੀ ਫੜੇ ਜਾ ਸਕਣ। ਪੁਲਸ ਸ਼ਨੀਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲਵੇਗੀ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ


shivani attri

Content Editor

Related News