ਨਾਬਾਲਗਾ ਨਾਲ ਸਮੂਹਕ ਜਬਰ-ਜ਼ਨਾਹ ਦੇ 2 ਦੋਸ਼ੀਆਂ ਨੂੰ ਤਾਉਮਰ-ਕੈਦ

Wednesday, Aug 28, 2019 - 09:12 PM (IST)

ਨਾਬਾਲਗਾ ਨਾਲ ਸਮੂਹਕ ਜਬਰ-ਜ਼ਨਾਹ ਦੇ 2 ਦੋਸ਼ੀਆਂ ਨੂੰ ਤਾਉਮਰ-ਕੈਦ

ਹੁਸ਼ਿਆਰਪੁਰ (ਅਮਰਿੰਦਰ)-ਟਾਂਡਾ ਥਾਣੇ ਅਧੀਨ ਇਕ ਪਿੰਡ ਵਿਚ 15 ਅਗਸਤ 2018 ਨੂੰ ਦੇਰ ਰਾਤ ਨਾਬਾਲਗ ਲਡ਼ਕੀ ਨੂੰ ਡਰਾ-ਧਮਕਾ ਘਰੋਂ ਚੁੱਕ ਕੇ ਸਮੂਹਕ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਵਿਚ ਸ਼ਾਮਲ ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਅਤੇ ਰੋਹਿਤ ਪੁੱਤਰ ਸੁੱਚਾ ਸਿੰਘ ਦੋਵੇਂ ਨਿਵਾਸੀ ਪਿੰਡ ਨੰਗਲ ਖੂੰਗਾ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਨੀਲਮ ਅਰੋਡ਼ਾ ਦੀ ਅਦਾਲਤ ਨੇ ਤਾਉਮਰ ਕੈਦ (ਮੌਤ ਹੋਣ ਤੱਕ ਕੈਦ) ਦੇ ਨਾਲ-ਨਾਲ 95-95 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ । ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀਆਂ ਨੂੰ 1-1 ਸਾਲ ਕੈਦ ਹੋਰ ਕੱਟਣੀ ਪਵੇਗੀ। ਅਦਾਲਤ ਨੇ ਜੁਰਮਾਨੇ ਦੀ ਰਾਸ਼ੀ ਪੀਡ਼ਤਾ ਦੇ ਪਰਿਵਾਰ ਨੂੰ ਦੇਣ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ਵਿਚ ਤੀਜਾ ਅਣਪਛਾਤਾ ਦੋਸ਼ੀ ਅਜੇ ਵੀ ਫਰਾਰ ਹੈ।

ਉਪ ਜ਼ਿਲਾ ਅਟਾਰਨੀ ਟੀ. ਐੱਸ. ਗਰੇਵਾਲ ਨੇ ਮੀਡੀਆ ਨੂੰ ਦੱਸਿਆ ਕਿ ਆਜ਼ਾਦੀ ਦਿਹਾੜਾ ਸਮਾਗਮ ਵੇਖ ਕੇ ਘਰ ਪਰਤਣ ਸਮੇਂ ਦੋਸ਼ੀ ਸੰਦੀਪ ਨੇ ਨਾਬਾਲਗਾ ਦਾ ਰਸਤਾ ਰੋਕ ਕੇ ਧਮਕੀ ਦਿੱਤੀ ਸੀ ਕਿ ਉਹ ਰਾਤ ਨੂੰ ਉਸ ਦੇ ਘਰ ਆਵੇਗਾ, ਉਹ ਦਰਵਾਜ਼ਾ ਖੁੱਲ੍ਹਾ ਰੱਖੇ। ਰਾਤ ਕਰੀਬ ਢਾਈ ਵਜੇ ਸੰਦੀਪ ਨੇ ਆਪਣੇ ਦੋਸਤ ਰੋਹਿਤ ਅਤੇ ਇਕ ਅਣਪਛਾਤੇ ਨੌਜਵਾਨ ਸਮੇਤ ਪੀੜਤਾ ਦੇ ਸੌਂ ਰਹੇ ਪਰਿਵਾਰਕ ਮੈਂਬਰਾਂ ’ਤੇ ਜ਼ਹਿਰੀਲਾ ਸਪਰੇਅ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਗਏ। ਦੋਸ਼ੀਆਂ ਨੇ ਪੀੜਤਾ ਨੂੰ ਆਪਣੇ ਘਰ ਲਿਆ ਕੇ ਸਮੂਹਕ ਜਬਰ-ਜ਼ਨਾਹ ਕੀਤਾ। ਤਡ਼ਕੇ ਦੋਸ਼ੀਆਂ ਨੇ ਪੀੜਤਾ ਨੂੰ ਘਰ ਛੱਡਣ ਸਮੇਂ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਦੇ ਭਰਾ ਨੂੰ ਮਾਰ ਦੇਣਗੇ।

ਉਨ੍ਹਾਂ ਦੱਸਿਆ ਕਿ ਸਵੇਰੇ ਨਾਬਾਲਗਾ ਨੇ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਲੈ ਕੇ ਟਾਂਡਾ ਥਾਣੇ ਪੁੱਜੇ। ਪੁਲਸ ਨੇ ਨਾਬਾਲਗਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀਆਂ ਵਿਚ ਸ਼ਾਮਲ ਸੰਦੀਪ ਅਤੇ ਰੋਹਿਤ ਦੇ ਨਾਲ ਤੀਸਰੇ ਅਣਪਛਾਤੇ ਦੋਸ਼ੀ ਖਿਲਾਫ਼ ਧਾਰਾ 376 (ਡੀ. ਏ. ), 363, 366 , 328 ਦੇ ਨਾਲ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਕੇ ਸੰਦੀਪ ਅਤੇ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਤੀਜਾ ਅਣਪਛਾਤਾ ਦੋਸ਼ੀ ਅਜੇ ਵੀ ਫਰਾਰ ਚੱਲ ਰਿਹਾ ਹੈ।
 


author

Karan Kumar

Content Editor

Related News