ਸਤਲੁਜ ਦਰਿਆ ਕੰਢੇ ਐਕਸਾਈਜ਼ ਮਹਿਕਮੇ ਦੀ ਛਾਪੇਮਾਰੀ ’ਚ 19000 ਲਿਟਰ ਸ਼ਰਾਬ ਬਰਾਮਦ
Friday, Apr 21, 2023 - 06:29 PM (IST)

ਜਲੰਧਰ (ਪੁਨੀਤ)–ਐਕਸਾਈਜ਼ ਮਹਿਕਮੇ ਨੇ ਸਤਲੁਜ ਦਰਿਆ ਕੰਢੇ ਪੈਂਦੇ ਨੂਰਮਹਿਲ, ਫਿਲੌਰ ਸਮੇਤ ਆਲੇ-ਦੁਆਲੇ ਦੇ ਵੱਖ-ਵੱਖ ਇਲਾਕਿਆਂ ਵਿਚ ਵਿਭਾਗੀ ਪੁਲਸ ਫੋਰਸ ਨਾਲ ਛਾਪੇਮਾਰੀ ਕਰਦੇ ਹੋਏ 19000 ਲਿਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਸਰਚ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਇਸ ਲੜੀ ਵਿਚ ਐਕਸਾਈਜ਼ ਇੰਸ. ਰਵਿੰਦਰ ਸਿੰਘ, ਰਾਮ ਮੂਰਤੀ ਅਤੇ ਬਲਦੇਵ ਕ੍ਰਿਸ਼ਨ ਦੀਆਂ ਟੀਮਾਂ ਵੱਲੋਂ ਸਤਲੁਜ ਕੰਢੇ ਪੈਂਦੇ ਭੋਡੇ, ਬੁਰਜ, ਸੰਗੋਵਾਲ, ਢੰਗਾਰਾ, ਮੀਓਵਾਲ ਅਤੇ ਗੰਨਾ ਪਿੰਡ ਦੇ ਇਲਾਕਿਆਂ ਵਿਚ ਸਵੇਰ ਸਮੇਂ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਸਤਲੁਜ ਦਰਿਆ ਦੇ ਅੰਦਰ ਬਾਂਸ ਦੀ ਸਹਾਇਤਾ ਨਾਲ ਲੁਕਾਏ ਗਏ ਮੋਟੇ ਪਲਾਸਟਿਕ ਦੇ 38 ਵੱਡੇ ਬੈਗ ਬਰਾਮਦ ਕੀਤੇ ਗਏ। ਇਨ੍ਹਾਂ ਵਿਚ ਹਰੇਕ ਬੈਗ ਵਿਚ 500 ਲਿਟਰ ਸ਼ਰਾਬ ਦੱਸੀ ਗਈ ਹੈ, ਜਿਸ ਤਹਿਤ ਵਿਭਾਗ ਨੇ ਵੀਰਵਾਰ 19000 ਲਿਟਰ ਸ਼ਰਾਬ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਦੀ ਦੇਖ-ਰੇਖ ਵਿਚ ਬਰਾਮਦ ਕੀਤੀ ਗਈ ਸ਼ਰਾਬ ਨੂੰ ਉਥੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਥੇ ਹੀ, ਉਕਤ ਟੀਮਾਂ ਨੇ ਸਰਚ ਦੌਰਾਨ 25 ਬੋਤਲਾਂ ਨਾਜਾਇਜ਼ ਸ਼ਰਾਬ, ਲੋਹੇ ਦੇ 5 ਡਰੰਮ ਅਤੇ 2 ਕੰਟੇਨਰ ਵੀ ਬਰਾਮਦ ਕੀਤੇ। ਵਿਭਾਗ ਵੱਲੋਂ ਕਾਰਵਾਈ ਸਬੰਧੀ ਬਿਲਗਾ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜ਼ਿਮਨੀ ਚੋਣ ਦੇ ਮੱਦੇਨਜ਼ਰ ਮਹਿਕਮੇ ਵੱਲੋਂ ਸਤਲੁਜ ਕੰਢੇ ਦੇ ਇਲਾਕਿਆਂ ਵਿਚ ਵਿਸ਼ੇਸ਼ ਚੌਕਸੀ ਅਪਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: NRIs ਲਈ ਮਾਨ ਸਰਕਾਰ ਦਾ ਇਕ ਹੋਰ ਵੱਡਾ ਉਪਰਾਲਾ, ਜਾਰੀ ਕੀਤੇ ਵਟਸਐਪ ਨੰਬਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।