140 ਦਿਨਾਂ ਦੌਰਾਨ ਕੇਂਦਰੀ ਜੇਲ੍ਹ ’ਚੋਂ ਮਿਲੇ 100 ਮੋਬਾਇਲ ਤੇ ਸਿਮ ਕਾਰਡ

05/23/2022 4:47:01 PM

ਕਪੂਰਥਲਾ (ਭੂਸ਼ਣ/ਮਹਾਜਨ)-ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ ’ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਜਿੱਥੇ 3 ਜ਼ਿਲ੍ਹਿਆਂ ਨਾਲ ਸਬੰਧਤ 3500 ਦੇ ਕਰੀਬ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਣ ਦੀ ਸਮਰੱਥਾ ਰੱਖਦੀ ਹੈ, ਉੱਥੇ ਹੀ ਇਸ ਵਿਸ਼ਾਲ ਜੇਲ੍ਹ ਕੰਪਲੈਕਸ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲਗਾਤਾਰ ਮੋਬਾਇਲ ਫੋਨਾਂ ਦੀ ਬਰਾਮਦਗੀ ਇਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਜੇਕਰ ਅੰਕਡ਼ਿਆ ਵੱਲ ਝਾਤ ਮਾਰੀਏ ਤਾਂ ਸਾਲ 2022 ਦੇ ਪਹਿਲੇ 140 ਦਿਨਾਂ ਦੇ ਦੌਰਾਨ ਕੇਂਦਰੀ ਜੇਲ੍ਹ ਕੰਪਲੈਕਸ ’ਚੋਂ ਤਕਰੀਬਨ 100 ਮੋਬਾਇਲ ਤੇ ਸਿਮ ਕਾਰਡ ਬਰਾਮਦ ਹੋਏ ਹਨ, ਜੋ ਕਿਤੇ ਨਾ ਕਿਤੇ ਜੇਲ੍ਹ ਕੰਪਲੈਕਸ ਦੀ ਸੁਰੱਖਿਆ ’ਚ ਆਈ ਦਰਾਰ ਵੱਲ ਇਸ਼ਾਰਾ ਕਰਦਾ ਹੈ। ਜ਼ਿਕਰਯੋਗ ਹੈ ਕਿ ਸਾਲ 2011 ’ਚ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਜ਼ਿਲ੍ਹਾ ਕਪੂਰਥਲਾ ਦੇ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਣ ਲਈ 70 ਏਕਡ਼ ਦੇ ਵਿਸ਼ਾਲ ਰਕਬੇ ’ਚ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਦਾ ਨਿਰਮਾਣ ਕਾਰਜ ਪੂਰਾ ਕੀਤਾ ਗਿਆ ਸੀ।

ਗੌਰ ਹੋਵੇ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਦੌਰਾਨ ਕਈ ਅਜਿਹੇ ਵੱਡੇ ਡਰੱਗ ਸਮੱਗਲਰ ਫਡ਼ੇ ਗਏ ਹਨ, ਜਿਨ੍ਹਾਂ ਨੂੰ ਸੂਬੇ ਦੀਆਂ ਕਈ ਜੇਲ੍ਹਾਂ ’ਚ ਬੰਦ ਅਪਰਾਧੀ ਫੋਨਾਂ ’ਤੇ ਡਰੱਗ ਲਿਆਉਣ ਸਬੰਧੀ ਯੋਜਨਾ ਤਿਆਰ ਕਰਦੇ ਸਨ ਤੇ ਅਜਿਹੇ ਕਈ ਡਰੱਗ ਸਮੱਲਗਰਾਂ ਨੂੰ ਪੁਲਸ ਟੀਮਾਂ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਵੀ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਸੂਬੇ ਦੀਆਂ ਜੇਲ੍ਹਾਂ ’ਚ ਮੋਬਾਇਲ ਦੀ ਵਰਤੋਂ ’ਤੇ ਰੋਕਣ ਲਗਾਉਣ ਲਈ ਸਖਤ ਮੁਹਿੰਮ ਚਲਾਉਣ ਦੀ ਗੱਲ ਕਹੀ ਗਈ ਸੀ। ਇਸੇ ਹੀ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਕਪੂਰਥਲਾ ਤੇ ਜਲੰਧਰ ਸਮੇਤ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਵੱਡੀ ਪੱਧਰ ’ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਜੇਲ੍ਹ ਕੰਪਲੈਕਸਾਂ ’ਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦੇ ਮਾਮਲੇ ਇਕ ਚੁਣੌਤੀ ਪੇਸ਼ ਕਰ ਰਹੇ ਹਨ।

 5 ਕੋਣੀ ਸੁਰੱਖਿਆ ਦੇ ਬਾਵਜੂਦ ਜੇਲ੍ਹ ਕੰਪਲੈਕਸ ’ਚ ਪਹੁੰਚ ਰਹੇ ਮੋਬਾਇਲ
ਸੁਰੱਖਿਆ ਤੇ ਸਮਰੱਥਾ ਦੇ ਲਿਹਾਜ਼ ਨਾਲ ਇਹ ਜੇਲ੍ਹ ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ’ਚ ਸ਼ੁਮਾਰ ਹੁੰਦੀ ਹੈ, ਜਿੱਥੇ ਸੁਰੱਖਿਆ ਨੂੰ ਸਖ਼ਤ ਕਰਨ ਦੇ ਮਕਸਦ ਨਾਲ ਇਸ ਨੂੰ 5 ਕੋਣੀ ਬਣਾਉਂਦੇ ਹੋਏ ਚੱਪੇ-ਚੱਪੇ ’ਤੇ ਸੀ. ਆਰ. ਪੀ. ਐੱਫ., ਪੀ. ਏ. ਪੀ. ਤੇ ਜੇਲ੍ਹ ਪੁਲਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਜੇਲ੍ਹ ਕੰਪਲੈਕਸ ’ਚ ਲਗਾਤਾਰ ਕੀਤੀ ਜਾ ਰਹੀ ਸਰਚ ਦੌਰਾਨ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ।

ਸਾਲ 2021 ’ਚ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਕੰਪਲੈਕਸ ’ਚੋਂ ਕੁਲ 400 ਦੇ ਕਰੀਬ ਮੋਬਾਇਲ ਫੋਨ ਬਰਾਮਦ ਹੋਏ ਸਨ ਤੇ ਵੱਡੀ ਗਿਣਤੀ ’ਚ ਕੈਦੀਆਂ ਤੇ ਹਵਾਲਾਤੀਆਂ ਦੇ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲੇ ਦਰਜ ਕੀਤੇ ਗਏ ਸਨ। ਜਿਸ ਦੌਰਾਨ ਸਾਲ 2022 ’ਚ ਕੇਂਦਰੀ ਜੇਲ੍ਹ ’ਚ ਮੋਬਾਇਲ ਫੋਨ ਦੇ ਇਸਤੇਮਾਲ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਨੇ ਕਈ ਨਵੇਂ ਉਪਾਅ ਕਰਨ ਦਾ ਐਲਾਨ ਕੀਤਾ ਸੀ ਪਰ ਇੰਨਾ ਵੱਡਾ ਸੁਰੱਖਿਆ ਘੇਰਾ ਤੇ ਸਖ਼ਤੀ ਹੋਣ ਦੇ ਬਾਵਜੂਦ ਇਸ ਸਾਲ ਦੇ ਪਹਿਲੇ 140 ਦਿਨਾਂ ’ਚ 100 ਦੇ ਕਰੀਬ ਮੋਬਾਇਲ ਮਿਲਣਾ ਕਈ ਵੱਡੇ ਸਵਾਲ ਪੈਦਾ ਕਰਦਾ ਹੈ।
 
ਕੀ ਕਹਿੰਦੇ ਹਨ ਜੇਲ੍ਹ ਸੁਪਰਡੈਂਟ
ਇਸ ਸਬੰਧ ’ਚ ਜਦੋਂ ਨਵ-ਨਿਯੁਕਤ ਜੇਲ੍ਹ ਸੁਪਰਡੈਂਟ ਐੱਸ. ਪੀ. ਕੋਹਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਕਪੂਰਥਲਾ ਤੇ ਜਲੰਧਰ ’ਚ ਮੋਬਾਇਲ ਫੋਨ ਦੇ ਇਸਤੇਮਾਲ ਨੂੰ ਰੋਕਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਜਿਸ ਤਹਿਤ ਹੁਣ ਲਗਾਤਾਰ ਵੱਡੇ ਪੱਧਰ ’ਤੇ ਵੱਖ-ਵੱਖ ਬੈਰਕਾਂ ’ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।


Manoj

Content Editor

Related News