ਪਾਰਲੀਮੈਂਟ ਦੀ ਕਾਰਵਾਈ ਪੂਰੀ ਨਾ ਹੋਣ 'ਤੇ ਭੜਕੇ ਰਵਨੀਤ ਬਿੱਟੂ, ਕੇਂਦਰ 'ਤੇ ਲਾਏ ਗੰਭੀਰ ਇਲਜ਼ਾਮ

08/09/2022 5:31:34 PM

ਨਵੀਂ ਦਿੱਲੀ/ਲੁਧਿਆਣਾ : ਪਾਰਲੀਮੈਂਟ ਦੀ ਕਾਰਵਾਈ ਪੂਰੀ ਨਾ ਹੋਣ 'ਤੇ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ। ਰਵਨੀਤ ਬਿੱਟੂ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਦੋ ਦਿਨ ਵੀ ਪੂਰਾ ਨਹੀਂ ਚੱਲ ਸਕਿਆ। ਬਿੱਟੂ ਨੇ ਕਿਹਾ ਕਿ ਇਹ (ਕੇਂਦਰ ਸਰਕਾਰ) ਭੱਜਣਾ ਚਾਹੁੰਦੇ ਹਨ। ਬਿੱਟੂ ਨੇ ਕਿਹਾ ਹੁਣ ਇਕ ਹਫ਼ਤਾ ਪਹਿਲਾਂ ਸੈਸ਼ਨ ਦੀ ਕਾਰਵਾਈ ਕਿਉਂ ਬੰਦ ਕੀਤੀ, ਪਹਿਲਾਂ ਇਨ੍ਹਾਂ ਦਾ ਕਹਿਣਾ ਸੀ ਕਿ ਇਹ ਈ.ਡੀ ਦੀ ਗੱਲ ਕਰਦੇ ਜਾਂ ਕੋਈ ਹੋਰ ਮੁੱਦਿਆਂ 'ਤੇ ਗੱਲ ਕਰਦੇ ਹਨ ਪਰ ਅੱਜ ਤਾਂ ਕੋਈ ਵਿਰੋਧ ਨਹੀਂ ਕੀਤਾ ਗਿਆ, ਫਿਰ ਵੀ ਕਾਰਵਾਈ ਕਿਉਂ ਨਹੀਂ ਚਲਾਈ ਗਈ।

ਇਹ ਵੀ ਪੜ੍ਹੋ : ਕਾਂਗਰਸੀ ਸੰਸਦ ਮੈਂਬਰਾਂ ਦੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਅਗਵਾਈ ਸੰਭਾਲਣ ਦੀ ਬੇਨਤੀ ’ਤੇ ਸ਼ੱਕ ਬਰਕਰਾਰ

ਬਿੱਟੂ ਨੇ ਕਿਹਾ ਇਹ (ਕੇਂਦਰ ਸਰਕਾਰ) ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਸੈਸ਼ਨ ਤੋਂ ਪਹਿਲਾਂ ਈ.ਡੀ ਨੇ ਸੋਨੀਆ ਗਾਂਧੀ ਨੂੰ ਇਸ ਕਰਕੇ ਸੱਦਿਆ ਕਿ ਪਾਰਲੀਮੈਂਟ 'ਚ ਕੋਈ ਬੇਰੁਜ਼ਗਾਰੀ ਦੀ ਗੱਲ ਨਾ ਹੋ ਸਕੇ, ਮਹਿੰਗਾਈ ਜਾਂ ਕਿਸੇ ਹੋਰ ਮੁੱਦੇ ਦੀ ਗੱਲ ਨਾ ਹੋ ਸਕੇ। ਬਿੱਟੂ ਨੇ ਕਿਹਾ ਕਿ ਅੱਜ ਅਚਾਨਕ ਫ਼ੈਸਲਾ ਕਰ ਲਿਆ ਜਾਂਦਾ ਹੈ ਕਿ 5: 30 ਵਜੇ ਹਾਊਸ ਬੰਦ ਕਰ ਦਿੱਤਾ ਜਾਵੇ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਦਿਲ ਕਰਦਾ ਹਾਊਸ ਚਲਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਰਿਹਾ ਹੀ ਨਹੀਂ, ਲੋਕਤੰਤਰ ਦੀ ਹੱਤਿਆ ਹੋ ਚੁੱਕੀ ਹੈ ਤੇ ਦੇਸ਼ 'ਚ ਤਾਨਾਸ਼ਾਹ ਦੀ ਸਰਕਾਰ ਹੈ।

ਬਿੱਟੂ ਨੇ ਕਿਹਾ ਕਿ ਪਾਰਲੀਮੈਂਟ 2 ਦਿਨ ਵੀ ਪੂਰੀ ਨਹੀਂ ਚੱਲ ਸਕੀ। ਉਨ੍ਹਾਂ ਕਿਹਾ ਭਾਜਪਾ ਸਰਕਾਰ ਬਾਹਰ ਸਪੀਚਾਂ ਕਰ ਸਕਦੀ ਹੈ, ਬਾਹਰ ਭਾਸ਼ਨ ਕਰ ਸਕਦੀ ਹੈ ਪਰ ਪਾਰਲੀਮੈਂਟ 'ਚ ਬਹਿਸ ਨਹੀਂ ਕਰ ਸਕਦੀ। ਬਿੱਟੂ ਨੇ ਕਿਹਾ ਅਸੀਂ ਮਹਿੰਗਾਈ, ਬੇਰੋਜ਼ਗਾਰੀ ਤੇ ਅਗਨੀਪੱਥ 'ਤੇ ਗੱਲ ਕਰਨਾ ਚਾਹੁੰਦੇ ਸੀ ਪਰ ਉਹ ਇਸ 'ਤੇ ਗੱਲ ਕਰਨ ਨੂੰ ਤਿਆਰ ਹੀ ਨਹੀਂ ਹਨ। ਰਨਵੀਤ ਬਿੱਟੂ ਨੇ ਕਿਹਾ ਕਿ ਕੇਂਦਰ ਖ਼ਿਲਾਫ਼ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਨੂੰ ਭੱਜਣ ਲਈ ਰਾਹ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ ਅਗਲੀ ਵਾਰ ਇਹ ਕੋਈ ਨਵਾਂ ਮੁੱਦਾ ਜਿਵੇਂ ਕਹਿਣਗੇ ਨਵੀਂ ਪਾਰਲੀਮੈਂਟ ਬਣਾ ਲਈ।

ਇਹ ਵੀ ਪੜ੍ਹੋ : ED ਦੀ ਗਾਂਧੀ ਪਰਿਵਾਰ ਖ਼ਿਲਾਫ਼ ਕਾਰਵਾਈ ਸਿਆਸੀ ਹਾਸ਼ੀਏ ’ਤੇ ਚੱਲ ਰਹੀ ਕਾਂਗਰਸ ’ਚ ਪਾਵੇਗੀ ਨਵੀਂ ਜਾਨ!

ਬਿੱਟੂ ਨੇ ਕਿਹਾ ਕਰੋੜਾਂ ਰੁਪਇਆ ਪਾਰਲੀਮੈਂਟ 'ਤੇ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਦ ਪਾਰਲੀਮੈਂਟ 'ਚ ਕੋਈ ਸਵਾਲ ਜਵਾਬ ਹੀ ਨਹੀਂ ਹੋਣ ਦੇਣਾ ਤਾਂ ਨਵੀਆਂ ਬਿਲਡਿੰਗਾਂ ਬਣਾਉਣ ਦਾ ਕੀ ਫਾਇਦਾ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਆਮ ਬੰਦੇ ਦੀ ਗੱਲ ਕਰਨੀ ਹੈ ਤਾਂ ਲੋਕਾਂ ਨੂੰ 2024 'ਚ ਸੋਚਣਾ ਪਵੇਗਾ ਤੇ ਸਰਕਾਰ ਬਦਲਣੀ ਪਵੇਗੀ। ਬਿੱਟੂ ਨੇ ਕਿਹਾ 4 ਬੰਦਿਆਂ ਦਾ ਸ਼ੋਅ ਚੱਲ ਰਿਹਾ 2 ਸਰਕਾਰ 'ਚ ਹਨ ਤੇ 2 ਬਿਜ਼ਨੈਸ ਹਾਊਸ। ਉਨ੍ਹਾਂ ਕਿਹਾ ਕਿਵੇਂ ਹਾਊਸ ਚੱਲਦੇ-ਚੱਲਦੇ ਗੈਸ ਸਿਲੰਡਰ ਦਾ ਭਾਅ 15 ਰੁਪਏ ਵੱਧ ਜਾਂਦਾ ਹੈ। ਬਿੱਟੂ ਨੇ ਕਿਹਾ ਪਹਿਲਾਂ ਸਰਕਾਰਾਂ ਡਰਦੀਆਂ ਸੀ ਜੇਕਰ ਸੈਸ਼ਨ ਚੱਲਦੇ ਕਿਸੇ ਚੀਜ਼ ਦਾ ਭਾਅ ਵੱਧ ਗਿਆ ਤਾਂ ਵਿਰੋਧੀ ਧਿਰ ਹੱਲਾ ਬੋਲ ਦੇਵੇਗੀ ਪਰ ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਨ੍ਹਾਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣਨੀ।

ਨੋਟ : ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News