ਭਾਰਤ ਦੇ ਮਾਮਲੇ ''ਚ ਗਰੇਟਾ ਨੇ ਮੁੜ ਦਿੱਤਾ ਦਖ਼ਲ, ਦਿਸ਼ਾ ਰਵੀ ਨੂੰ ਲੈ ਕੇ ਪੜ੍ਹਾਇਆ ਆਜ਼ਾਦੀ ਦਾ ਪਾਠ
Saturday, Feb 20, 2021 - 12:08 PM (IST)
ਨੈਸ਼ਨਲ ਡੈਸਕ- ਕਿਸਾਨ ਅੰਦੋਲਨ ਦੇ ਬਹਾਨੇ ਭਾਰਤ 'ਚ ਖ਼ਾਲਿਸਤਾਨੀ ਸਾਜਿਸ਼ ਨੂੰ ਉਤਸ਼ਾਹ ਦੇਣ ਵਾਲੀ ਮਸ਼ਹੂਰ ਵਾਤਾਵਰਣ ਵਰਕਰ ਗਰੇਟਾ ਥਨਬਰਗ ਨੇ ਇਕ ਵਾਰ ਫਿਰ ਮਨੁੱਖੀ ਅਧਿਕਾਰ ਦਾ ਮੁੱਦਾ ਚੁੱਕ ਕੇ ਟਵੀਟ ਕੀਤਾ ਹੈ। ਗਰੇਟਾ ਨੇ ਦਿਸ਼ਾ ਰਵੀ ਦਾ ਸਮਰਥਨ ਕਰਦੇ ਹੋਏ ਲਿਖਿਆ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਸਾਰਿਆਂ ਦਾ ਮਨੁੱਖੀ ਅਧਿਕਾਰ ਹੈ। ਇਹ ਕਿਸੇ ਵੀ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ।
ਫਰਾਈਡੇਅ ਫਾਰ ਫਿਊਚਰ ਦੇ ਟਵੀਟ ਨੂੰ ਕੀਤਾ ਰੀਟਵੀਟ
ਗਰੇਟਾ ਥਨਬਰਗ ਨੇ Fridays For Future ਨਾਂ ਦੇ ਇਕ ਟਵਿੱਟਰ ਹੈਂਡਲ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਅਤੇ ਜਨ ਸਭਾ ਕਰਨਾ ਮਨੁੱਖੀ ਅਧਿਕਾਰ ਹੈ। ਇਹ ਕਿਸੇ ਵੀ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ। ਇਸ ਟਵੀਟ ਨਾਲ #StandWithDishaRavi ਹੈਸ਼ਟੈਗ ਵੀ ਕੀਤਾ ਗਿਆ ਹੈ। ਦਰਅਸਲ ਫਰਾਈਡੇਅ ਫਾਰ ਫਿਊਚਰ ਦੀ ਸਥਾਪਨਾ ਗਰੇਟਾ ਨੇ 2018 'ਚ ਕੀਤੀ ਸੀ। ਇਸੇ ਟਵਿੱਟਰ ਹੈਂਡਲ ਤੋਂ ਦਿਸ਼ਾ ਰਵੀ ਦੇ ਸਮਰਥਨ 'ਚ ਕਈ ਟਵੀਟ ਕੀਤੇ ਗਏ ਸਨ, ਹੁਣ ਗਰੇਟਾ ਨੇ ਵੀ ਇਸ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਹੈ।
ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ
13 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ
ਦੱਸਣਯੋਗ ਹੈ ਕਿ ਦਿਸ਼ਾ ਰਵੀ ਨੂੰ 3 ਖੇਤੀ ਕਾਨੂੰਨਾਂ ਨਾਲ ਸੰਬੰਧਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ 13 ਫਰਵਰੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 'ਟੈਲੀਗ੍ਰਾਮ ਐਪ' ਰਾਹੀਂ ਜਲਵਾਯੂ ਪਰਿਵਰਤਨ ਵਰਕਰ ਗ੍ਰੇਟਾ ਥਨਬਰਗ ਨੂੰ ਇਹ 'ਟੂਲਕਿੱਟ' ਭੇਜੀ ਸੀ ਅਤੇ ਇਸ 'ਤੇ ਕਾਰਵਾਈ ਲਈ ਉਨ੍ਹਾਂ ਨੂੰ ਮਨਾਇਆ ਸੀ। ਦਿੱਲੀ ਪੁਲਸ ਮੁਖੀ ਨੇ ਕਿਹਾ ਸੀ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਦੇ ਅਨੁਰੂਪ ਕੀਤੀ ਗਈ ਹੈ, ਜੋ 22 ਤੋਂ 50 ਸਾਲ ਦੀ ਉਮਰ ਦੇ ਲੋਕਾਂ ਵਿਚਾਲੇ ਕੋਈ ਭੇਦਭਾਵ ਨਹੀਂ ਕਰਦਾ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਦਿਸ਼ਾ ਰਵੀ ਨੂੰ 3 ਦਿਨ ਦੀ ਨਿਆਇਕ ਹਿਰਾਸਤ, ਭੇਜਿਆ ਗਿਆ ਜੇਲ੍ਹ
ਕੀ ਹੈ ਟੂਲਕਿੱਟ
ਅੰਦੋਲਨਾਂ ਨੂੰ ਅੱਗੇ ਵਧਾਉਣ ਅਤੇ ਰਣਨੀਤੀ ਤਿਾਰ ਕਰਨ ਲਈ ਆਨਲਾਈਨ ਟੂਲਕਿੱਟ ਦੀ ਵਰਤੋਂ ਕਈ ਸੰਗਠਨ ਕਰਦੇ ਹਨ। ਕਹਿ ਸਕਦੇ ਹਾਂ ਕਿ ਜੋ ਲੋਕ ਦੇਸ਼ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਅੰਦੋਲਨ ਕਰਦੇ ਹਨ, ਉਹ ਉਸ ਅੰਦੋਲਨ ਨੂੰ ਵਧਾਉਣ ਲਈ ਲਿਖਤੀ ਯੋਜਨਾ ਤਿਆਰ ਕਰਦੇ ਹਨ। ਉਸ ਤਿਆਰ ਯੋਜਨਾ ਦੇ ਨੋਟਸ (ਡਾਟਾ) ਨੂੰ ਹੀ ਟੂਲਕਿੱਟ ਯਾਨੀ ਦਸਤਾਵੇਜ਼ ਕਹਿੰਦੇ ਹਨ। ਇਸ ਟੂਲਕਿੱਟ 'ਚ ਪ੍ਰਦਰਸ਼ਨ ਕਰਨ ਨਾਲ ਸੰਬੰਧਤ ਨਿਯਮ ਅਤੇ ਜਾਣਕਾਰੀਆਂ ਉਪਲੱਬਧ ਹੁੰਦੀਆਂ ਹਨ। ਟੂਲਕਿੱਟ ਅਜਿਹੇ ਲੋਕਾਂ ਨਾਲ ਸ਼ੇਅਰ ਕੀਤੀ ਜਾਂਦੀ ਹੈ, ਜੋ ਅੰਦੋਲਨ ਨੂੰ ਵਧਾਉਣ 'ਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ