ਦਿੱਲੀ ਕੂਚ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਅੱਤਵਾਦੀਆਂ ਵਰਗਾ ਕਰ ਰਹੀ ਹੈ ਸਲੂਕ : ਮੁਖਜੀਤ ਸਿੰਘ

Wednesday, Feb 14, 2024 - 05:37 PM (IST)

ਅੰਮ੍ਰਿਤਸਰ (ਛੀਨਾ) - ਕੇਂਦਰ ਸਰਕਾਰ ਵਲੋਂ ਖੇਤੀਬਾੜੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਨਾ ਕਰਨ ਅਤੇ ਮੰਗਾਂ ਨਾ ਮੰਨਣ ਦੇ ਵਿਰੋਧ ’ਚ ਮੁੜ ਸੰਘਰਸ਼ ਵਿੱਢਣ ਲਈ ਦਿੱਲੀ ਕੂਚ ਕਰ ਰਹੇ ਕਿਸਾਨਾਂ ਦਾ ਰਾਹ ਰੋਕਣ ਲਈ ਸਰਕਾਰ ਹਰ ਹੱਥਕੰਡੇ ਵਰਤ ਰਹੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੁਖਜੀਤ ਸਿੰਘ ਨੇ ਸੁਲਤਾਨਵਿੰਡ ਰੋਡ ਵਿਖੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦਿੱਲੀ ’ਚ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇ ਅਤੇ ਅਪੀਲ ਤੋਂ ਬਾਅਦ ਆਪਣਾ ਸੰਘਰਸ਼ ਖ਼ਤਮ ਕਰਕੇ ਪੰਜਾਬ ਵਾਪਸ ਮੁੜ ਆਏ ਸਨ ਪਰ ਕੇਂਦਰ ਸਰਕਾਰ ਨੇ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਤੇ ਕਾਲੇ ਕਾਨੂੰਨ ਖ਼ਤਮ ਕਰਨ ਸਬੰਧੀ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ, ਜਿਸ ਕਾਰਨ ਹੀ ਕਿਸਾਨ ਭਰਾਵਾਂ ਨੂੰ ਮੁੜ ਸੰਘਰਸ਼ ਦੇ ਰਾਹ ’ਤੇ ਪੈਣ ਲਈ ਮਜ਼ਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ-  ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਪੁੱਜਾ ਮਾਮਲਾ, ਕੋਰਟ ਨੇ ਕੀਤੀ ਇਹ ਟਿੱਪਣੀ

ਮੁਖਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਦੀਆਂ ਸਰਹੱਦਾਂ ਨੂੰ ਕੰਕਰੀਟ ਦੀਆਂ ਦੀਵਾਰਾਂ, ਕੰਟੈਨਰਾਂ ਤੇ ਬੈਰੀਕੇਡਾਂ ਨਾਲ ਸੀਲ ਕਰਦਿਆਂ ਕਿਸਾਨਾਂ ਦੇ ਰਾਹਾਂ ’ਚ ਲੋਹੇ ਦੀਆਂ ਤਿੱਖੀਆਂ ਮੇਖਾਂ ਅਤੇ ਕਿੱਲ ਵਿਛਾਉਣ ਸਮੇਤ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਜੋ ਕਿ ਧੱਕੇਸ਼ਾਹੀ ਦੀ ਅੱਤ ਹੈ। ਮੁਖਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦਿੱਲੀ ’ਚ ਸੰਘਰਸ਼ ਕਰਨ ਲਈ ਕਿਸਾਨ ਆ ਰਹੇ ਹਨ ਜਾਂ ਫਿਰ ਅੱਤਵਾਦੀ, ਇੰਨੇ ਸਖਤ ਪਹਿਰੇ ਅੰਨਦਾਤਾ ਖਿਲਾਫ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਅਸਲ ਕਿਸਾਨ ਵਿਰੋਧੀ ਰੂਪ ਦਿਖਾ ਹੀ ਦਿੱਤਾ ਹੈ।

ਇਹ ਵੀ ਪੜ੍ਹੋ- ਬਜ਼ੁਰਗ ਬਾਬੇ ਦੀ ਹਰਿਆਣਾ ਪੁਲਸ ਨੂੰ ਲਲਕਾਰ- ਹੁਣ ਪਿੱਛੇ ਨਹੀਂ ਜਾਂਦੇ ਮਾਰ ਗੋਲੀ, ਇਕ ਮਾਰੋਗੇ ਬਹੁਤ ਜੰਮਣਗੇ

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮਾਂ ਰਹਿੰਦਿਆਂ ਕਿਸਾਨਾ ਨਾਲ ਕੀਤੇ ਗਏ ਵਾਅਦੇ ਪੂਰੇ ਕਰ ਦਿੰਦੀ ਤਾਂ ਸ਼ਾਇਦ ਅੱਜ ਇਹ ਹਾਲਾਤ ਮੁੜ ਪੈਦਾ ਨਾ ਹੁੰਦੇ। ਉਨ੍ਹਾਂ ਅਖੀਰ ’ਚ ਆਖਿਆ ਕਿ ਦੇਸ਼ ਦੇ ਅੰਨਦਾਤਾ ਨਾਲ ਅੱਤਵਾਦੀਆਂ ਜਿਹਾ ਸਲੂਕ ਕਰਨ ਵਾਲੀ ਕੇਂਦਰ ਸਰਕਾਰ ਹੁਣ ਅਗਾਮੀ ਲੋਕ ਸਭਾ ਚੋਣਾ ’ਚ ਇਸ ਦਾ ਖਮਿਆਜਾ ਭੁਗਤਣ ਲਈ ਵੀ ਤਿਆਰ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News