ਨਹੀਂ ਆਇਆ ਗੱਲਬਾਤ ਦਾ ਸੱਦਾ, 14 ਨੂੰ ਕਿਸਾਨ ਮੁੜ ਕਰਨਗੇ ਦਿੱਲੀ ਕੂਚ
Wednesday, Dec 11, 2024 - 05:36 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਕੇਂਦਰ ਸਰਕਾਰ ਵੱਲੋਂ ਪਿਛਲੇ 2 ਦਿਨਾਂ ਤੋਂ ਕਈ ਵੀ ਗੱਲਬਾਤ ਦਾ ਸੱਦਾ ਨਾ ਆਉਣ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਨੇ ਐਲਾਨ ਕੀਤਾ ਕਿ 14 ਦਸੰਬਰ ਨੂੰ ਕਿਸਾਨ ਪੂਰੀ ਮਜ਼ਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਕੇਂਦਰ ਵਾਂਗ ਲਗਾਤਾਰ ਵਾਅਦਿਆਂ ਤੋਂ ਮੁਕਰ ਰਹੇ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ’ਚ ਹਨ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ 11 ਦਸੰਬਰ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਮੋਰਚੇ ਦੀ ਜਿੱਤ ਲਈ ਅਰਦਾਸ ਸਮਾਗਮ ਹੋਣਗੇ। ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨ, ਮੰਦਰਾਂ, ਮਸਜਿਦਾਂ ਤੇ ਗਿਰਜਾ ਘਰਾਂ ਅੰਦਰ ਅਤੇ ਹੋਰ ਧਾਰਮਿਕ ਸੰਸਥਾਵਾਂ ’ਚ ਮੋਰਚੇ ਦੀ ਜਿੱਤ ਲਈ ਅਰਦਾਸ ਕਰਨ ਅਤੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਵੀ ਅਰਦਾਸ ਕਰਨ।
ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਪੰਧੇਰ ਨੇ ਆਖਿਆ ਕਿ 12 ਦਸੰਬਰ ਨੂੰ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ’ਚ ਸਾਰੇ ਦੇਸ਼ ਵਾਸੀ ਰਾਤ ਨੂੰ ਇਕ ਵੇਲੇ ਦਾ ਖਾਣਾ ਤਿਆਗਣ ਤੇ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਆਪਣੀ ਫੋਟੋ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਨ। ਇਸੇ ਤਰ੍ਹਾਂ 13 ਦਸੰਬਰ ਨੂੰ ਦੋਵੇਂ ਬਾਰਡਰਾਂ ’ਤੇ ਰੋਸ ਪ੍ਰਦਰਸ਼ਨ ਕਰਾਂਗੇ। ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਕਦੇ ਲਿਸਟ ਮੰਗਦੀ ਹੈ। ਕਦੇ ਕੁਝ ਮੰਗਦੀ ਹੈ। ਅਸੀਂ ਲਿਸਟ ਦੇਣ ਲਈ ਤਿਆਰ ਹਾਂ, ਬਸ਼ਰਤੇ ਉਹ ਕਿਸਾਨਾਂ ਨੂੰ ਪੂਰੀ ਜਾਣਕਾਰੀ ਦੇਣ।
ਪੰਧੇਰ ਨੇ ਆਖਿਆ ਕਿ ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਦਾ ਪੇਜ ਵੀ ਕੇਂਦਰ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ। ਕਿਸਾਨ ਨੇਤਾਵਾਂ ਨੂੰ ਅਸਿੱਧੇ ਢੰਗ ਨਾਲ ਧਮਕੀਆਂ ਆ ਰਹੀਆਂ ਹਨ। ਪੰਧੇਰ ਨੇ ਆਖਿਆ ਕਿ ਅਸੀਂ ਜਿੱਤਣ ਤੱਕ ਲੜਾਈ ਜਾਰੀ ਰੱਖਾਂਗੇ ਅਤੇ 14 ਦਸੰਬਰ ਨੂੰ ਪੂਰੀ ਮਜ਼ਬੂਤੀ ਨਾਲ ਦਿੱਲੀ ਵੱਲ ਕੂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਆਖ਼ਿਰਕਾਰ ਲੱਭ ਗਈ 18 ਦਿਨ ਤੋਂ 'ਲਾਪਤਾ' ਹੋਈ ਕੁੜੀ, PUBG ਨਹੀਂ, ਇਹ ਤਾਂ ਮਾਮਲਾ ਹੀ ਹੋਰ ਨਿਕਲਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e