ਅੱਜ ਦਿੱਲੀ ਕੂਚ ਕਰਨਗੇ ਕਿਸਾਨ, 12 ਵਜੇ ਰਵਾਨਾ ਹੋਵੇਗਾ 101 ਕਿਸਾਨਾਂ ਦਾ ਜੱਥਾ

Sunday, Dec 08, 2024 - 10:49 AM (IST)

ਪਟਿਆਲਾ/ਸਨੌਰ (ਮਨਦੀਪ ਜੋਸਨ)-ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਦਿੱਲੀ ਤੋਂ ਗੱਲਬਾਤ ਦਾ ਸੱਦਾ ਨਾ ਆਉਣ ’ਤੇ ਅੱਜ ਫਿਰ ਕਿਸਾਨ ਭੜਕ ਉੱਠੇ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਦਿੱਲੀ ਇਕ ਵਾਰ ਫਿਰ ਵਾਅਦਿਆਂ ਤੋਂ ਮੁੱਕਰ ਗਈ ਹੈ, ਇਸ ਲਈ 8 ਦਸੰਬਰ ਨੂੰ ਮੁੜ 12 ਵਜੇ 101 ਕਿਸਾਨਾਂ ਦਾ ਜਥਾ ਸਿਰ ’ਤੇ ਕੱਫਨ ਬੰਨ੍ਹ ਕੇ ਦਿੱਲੀ ਵੱਲ ਕੂਚ ਕਰੇਗਾ। ਪੰਧੇਰ ਨੇ ਆਖਿਆ ਕਿ ਜਦੋਂ ਅਸੀਂ 6 ਦਸੰਬਰ ਨੂੰ ਦਿੱਲੀ ਵੱਲ ਵਧੇ ਸੀ, ਉਸ ਸਮੇਂ ਹਰਿਆਣਾ ਪੁਲਸ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਗੱਲਬਾਤ ਲਈ ਦਰਵਾਜ਼ੇ ਖੋਲ੍ਹੋ, ਅਸੀਂ ਹਰਿਆਣਾ ਪੁਲਸ ਦੇ ਅਧਿਕਾਰੀਆਂ ਦੀ ਗੱਲ ਸੁਣ ਕੇ ਆਪਣਾ ਜਥਾ ਵੀ ਵਾਪਸ ਬੁਲਾ ਲਿਆ ਸੀ। ਅਧਿਕਾਰੀਆਂ ਨੇ ਆਖਿਆ ਸੀ ਕਿ 7 ਦਸੰਬਰ ਨੂੰ ਤੁਹਾਡੀ ਗੱਲਬਾਤ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕਰਵਾਈ ਜਾਵੇਗੀ ਪਰ ਹੁਣ ਫਿਰ ਦਿੱਲੀ ਅਤੇ ਹਰਿਆਣਾ ਪੁਲਸ ਮੁੱਕਰ ਗਈਆਂ ਹਨ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅੰਬਾਲਾ ਅਤੇ ਹੋਰ ਸਾਰੀਆਂ ਥਾਵਾਂ ’ਤੇ ਹਰਿਆਣਾ ਪੁਲਸ ਨੇ ਭਾਵੇਂ ਧਾਰਾ 144 (163) ਲਾਈ ਹੋਈ ਹੈ ਪਰ ਹੈਰਾਨੀ ਹੈ ਕਿ ਅੰਬਾਲਾ ਵਾਲੇ ਪਾਸੇ ਵੱਡੇ-ਵੱਡੇ ਗਾਇਕਾਂ ਦੇ ਪ੍ਰੋਗਰਾਮ ਹੋ ਰਹੇ ਹਨ। 

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ

ਹਰਿਆਣਾ ਪੁਲਸ ਨੇ ਮੀਡੀਆ ਨੂੰ 1 ਕਿਲੋਮੀਟਰ ਦੂਰ ਰਹਿਣ ਦੀ ਦਿੱਤੀ ਸਲਾਹ

ਦੂਜੇ ਪਾਸੇ ਹਰਿਆਣਾ ਦੇ ਡੀ. ਜੀ. ਪੀ. ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਕਿਹਾ ਕਿ ਪੰਜਾਬ ਦਾ ਮੀਡੀਆ ਹਰਿਆਣਾ ਸਰਹੱਦ ’ਤੇ ਚੱਲ ਰਹੇ ਸੰਘਰਸ਼ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਰਹੇ। ਹਰਿਆਣਾ ਪੁਲਸ ਨੇ ਪੱਤਰ ਲਿਖ ਕੇ ਕਿਹਾ ਕਿ ਕਈ ਵਾਰ ਹਾਲਾਤ ਵਿਗੜ ਜਾਂਦੇ ਹਨ, ਇਸ ਲਈ ਮੀਡੀਆ ਨੂੰ ਦੂਰ ਰਹਿਣਾ ਚਾਹੀਦਾ ਹੈ। ਹਾਲਾਂਕਿ ਮੀਡੀਆ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਕਿਉਂਕਿ ਹੁਣ ਤੱਕ ਸਾਰਾ ਪੱਤਰਕਾਰ ਭਾਈਚਾਰਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕਿਸਾਨ ਅੰਦੋਲਨ ਦੀ ਕਵਰੇਜ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ

ਡੱਲੇਵਾਲ ਦਾ ਮਰਨ ਵਰਤ 12ਵੇਂ ਦਿਨ ਵੀ ਜਾਰੀ, ਸਾਢੇ 8 ਕਿਲੋ ਭਾਰ ਘਟਿਆ

ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਅਦੇ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 12ਵੇਂ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਉਨ੍ਹਾਂ ਦਾ ਭਾਰ ਵੀ ਸਾਢੇ 8 ਕਿਲੋ ਘੱਟ ਗਿਆ। ਜਗਜੀਤ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਕਿਡਨੀ ’ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾ ਭਾਰ ਕਰੀਬ ਸਾਢੇ 8 ਕਿਲੋ ਘੱਟ ਗਿਆ ਹੈ। ਬਲੱਡ ਪ੍ਰੈਸ਼ਰ 152/103, ਪਲਸ 87, ਸ਼ੂਗਰ 99, ਤਾਪਮਾਨ 96.5 ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ

ਕਿਸਾਨ ਆਗੂਆਂ ਨੇ ਕਿਹਾ ਕਿ 9 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ’ਚ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਇਕ ਦਿਨ ਦਾ ਸੰਕੇਤਿਕ ਮਰਨ ਵਰਤ ਰੱਖਣਗੇ ਅਤੇ ਸੰਸਦ ਮੈਂਬਰਾਂ ਤੋਂ ਪੁੱਛਣਗੇ ਕਿ ਉਹ ਸੰਸਦ ’ਚ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਦਾ ਮੁੱਦਾ ਕਿਉਂ ਨਹੀਂ ਉਠਾ ਰਹੇ। ਖਨੌਰੀ ਬਾਰਡਰ ਉੱਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਕਿਸਾਨਾਂ ਦੇ ਨਵੇਂ ਜਥੇ ਲਗਾਤਾਰ ਪਹੁੰਚ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News