ਸ਼ੰਭੂ ਬਾਰਡਰ ''ਤੇ ਕਿਸਾਨ ਨੇ ਨਿਗਲ਼ ਲਈ ਸਲਫ਼ਾਸ, ਦਿੱਲੀ ਕੂਚ 18 ਤੱਕ ਹੋਇਆ ਮੁਲਤਵੀ
Sunday, Dec 15, 2024 - 05:57 AM (IST)
ਪਟਿਆਲਾ/ਸਨੌਰ/ਬਨੂੜ (ਮਨਦੀਪ ਜੋਸਨ, ਗੁਰਪਾਲ)- ਸ਼ੰਭੂ ਬਾਰਡਰ ਵਿਖੇ ਤੀਸਰੀ ਵਾਰ 101 ‘ਕਿਸਾਨ ਮਰਜੀਵੜਿਆਂ’ ਦਾ ਜਥਾ ਜਦੋਂ ਦਿੱਲੀ ਕੂਚ ਕਰਨ ਲਈ ਨਿਕਲਿਆ ਤਾਂ ਉਸ ’ਤੇ ਕੇਂਦਰੀ ਸੁਰੱਖਿਆ ਫੋਰਸਾਂ ਨੇ ਪਾਣੀ ਦੀਆਂ ਵਾਛੜਾਂ, ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਕਾਰਨ 17 ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਜਥੇ ਨੂੰ 4 ਘੰਟੇ ਬਾਅਦ ਵਾਪਸ ਬੁਲਾਉਂਦਿਆਂ ਐਲਾਨ ਕੀਤਾ ਕਿ 18 ਦਸੰਬਰ ਤੱਕ ਜਥਾ ਦਿੱਲੀ ਕੂਚ ਨਹੀਂ ਕਰੇਗਾ ਪਰ ਸੰਘਰਸ਼ ਹੋਰ ਤਿੱਖਾ ਹੋਵੇਗਾ। ਕਿਸਾਨਾਂ ਵੱਲੋਂ ਕੀਤੇ ਐਲਾਨ ਮੁਤਾਬਕ ਠੀਕ 12 ਵਜੇ ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਵੱਲ ਵਧਿਆ। ਪੂਰੇ 45 ਮਿੰਟ ਹਰਿਆਣਾ ਪੁਲਸ ਨਾਲ ਬਹਿਸ ਹੋਈ। ਉਸ ਤੋਂ ਬਾਅਦ ਡੀ.ਸੀ. ਅੰਬਾਲਾ ਤੇ ਐੱਸ.ਐੱਸ.ਪੀ. ਅੰਬਾਲਾ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ।
ਓਧਰ ਕਿਸਾਨਾਂ ਨੇ ਮੁੜ ਬੈਰੀਕੇਡਾਂ ਨੂੰ ਸੰਗਲ ਪਾ ਲਏ। ਇਸ ਤੋਂ ਬਾਅਦ ਕੇਂਦਰੀ ਸੁਰੱਖਿਆ ਫੋਰਸਾਂ ਨੇ ਅੰਨ੍ਹੇਵਾਹ ਪਾਣੀ ਦੀਆਂ ਵਾਛੜਾਂ, ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾ ਦਿੱਤੀਆਂ। ਕਿਸਾਨ ਘੱਗਰ ਦੇ ਪੁਲ ਤੋਂ ਹੇਠਾਂ ਉਤਰ ਕੇ ਜਦੋਂ ਘੱਗਰ ਰਾਹੀਂ ਅੱਗੇ ਵਧੇ ਤਾਂ ਇਨ੍ਹਾਂ ਉਪਰ ਘੱਗਰ ਦੇ ਗੰਦੇ ਕੈਮੀਕਲ ਵਾਲੇ ਪਾਣੀ ਨੂੰ ਵੀ ਵਾਛੜਾਂ ਰਾਹੀਂ ਸੁੱਟਿਆ ਗਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲਸ ’ਤੇ ਇਕ ਕਿਸਾਨ ਨੂੰ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਸਾਨਾਂ ਉਪਰ ਕੈਮੀਕਲ ਵਾਲਾ ਪਾਣੀ ਸੁੱਟਣ ਦਾ ਵੀ ਦੋਸ਼ ਲਾਇਆ।
ਇਕ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਜ਼ਿਕਰਯੋਗ ਹੈ ਕਿ ਜਦੋਂ ਇਹ ਦਿੱਲੀ ਕੂਚ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਖੰਨਾ ਦੇ ਰਹਿਣ ਵਾਲੇ ਕਿਸਾਨ ਜੋਧ ਸਿੰਘ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ਨੂੰ ਮੌਕੇ ’ਤੇ ਮੌਜੂਦ ਕਿਸਾਨਾਂ ਵੱਲੋਂ ਤੁਰੰਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਕਦਮ ਉਸ ਨੇ ਕੇਂਦਰ ਸਰਕਾਰ ਦੀ ਜ਼ਿੱਦ ਤੋਂ ਅੱਕ ਕੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਦਿਨੋ-ਦਿਨ ਵਿਗੜਦੀ ਸਿਹਤ ਕਾਰਨ ਚੁੱਕਿਆ ਹੈ।
ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
ਬਿਲਕੁਲ ਸਾਫ ਸੀ : ਐੱਸ.ਪੀ. ਅੰਬਾਲਾ
ਇਸ ਦੌਰਾਨ ਐੱਸ.ਪੀ. ਅੰਬਾਲਾ ਸੁਰਿੰਦਰ ਸਿੰਘ ਭੋਰੀਆ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੋ ਪਾਣੀ ਸੀ, ਉਹ ਬਿਲਕੁਲ ਸਾਫ ਸੀ ਅਤੇ ਉਸ ਵਿਚ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਇਜਾਜ਼ਤ ਲੈ ਕੇ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਆਪ ਦਿੱਲੀ ਛੱਡ ਕੇ ਆਉਣਗੇ।
ਇਹ ਵੀ ਪੜ੍ਹੋ- ਬਿਨਾਂ ਦੱਸੇ ਘਰੋਂ ਚਲੇ ਗਏ ਮਾਂ-ਪੁੱਤ, ਹਾਲੇ ਤੱਕ ਨਹੀਂ ਮੁੜੇ, ਅਗਵਾ ਹੋਣ ਦਾ ਜਤਾਇਆ ਜਾ ਰਿਹੈ ਸ਼ੱਕ
16 ਨੂੰ ਦੇਸ਼ ’ਚ ਟਰੈਕਟਰ ਮਾਰਚ : 18 ਨੂੰ ਹੋਵੇਗਾ ਰੇਲਾਂ ਦਾ ਚੱਕਾ ਜਾਮ : ਪੰਧੇਰ
ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਨੂੰ ਭਾਰਤ ਸਰਕਾਰ ਦੱਸੇ ਕਿ 101 ਕਿਸਾਨਾਂ ਦਾ ਜਥਾ ਕਾਨੂੰਨ ਲਈ ਕਿਵੇਂ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਸਰਹੱਦ ਤੋਂ ਪਾਰ ਨਹੀਂ ਜਾ ਸਕੇ ਪਰ ਸਾਡੀ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੀਤਾ ਜਾਵੇਗਾ, ਉਥੇ ਹੀ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ’ਚ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ।
ਸ਼ੰਭੂ ਬਾਰਡਰ ਨਹੀਂ ਸਗੋਂ ਭਾਰਤ-ਪਾਕਿ ਦੀ ਲੱਗ ਰਹੀ ਸਰਹੱਦ : ਬਜਰੰਗ ਪੂਨੀਆ
ਇਸ ਮੌਕੇ ਕਿਸਾਨਾਂ ਦੀ ਹਮਾਇਤ ਲਈ ਸ਼ੰਭੂ ਬਾਰਡਰ ਵਿਖੇ ਪੁੱਜੇ ਪਹਿਲਵਾਨ ਬਜਰੰਗ ਪੂਨੀਆ ਨੇ ਜਦੋਂ ਸਾਰੀ ਸਥਿਤੀ ਦੇਖੀ ਤਾਂ ਆਖਿਆ ਕਿ ਇਹ ਸ਼ੰਭੂ ਬਾਰਡਰ ਦੀ ਥਾਂ ਭਾਰਤ-ਪਾਕਿ ਦੀ ਸਰਹੱਦ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਨਹੀਂ ਰੋਕ ਰਹੇ ਪਰ ਦੂਜੇ ਪਾਸੇ ਹੰਝੂ ਗੈਸ ਦੀ ਵਰਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ- ਹੋਸਟਲ 'ਚ ਰਹਿੰਦੇ ਵਿਦਿਆਰਥੀ ਦੇ ਘਰ ਅੱਧੀ ਰਾਤ ਆਏ ਫ਼ੋਨ ਨੇ ਪਵਾਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e