ਕਿਸਾਨਾਂ ਦਾ ਤੀਜੀ ਵਾਰ ਦਿੱਲੀ ਕੂਚ ਅੱਜ : ਹਰਿਆਣਾ ਸਰਕਾਰ ਨਾਲ ਮੁੜ ਹੋਵੇਗਾ ਸਾਹਮਣਾ
Saturday, Dec 14, 2024 - 02:22 AM (IST)
ਪਟਿਆਲਾ/ਸਨੌਰ (ਜੋਸਨ)- ਸ਼ੰਭੂ ਮੋਰਚੇ ’ਤੇ ਡਟੇ ਕਿਸਾਨ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਦਾ ਸੱਦਾ ਨਾ ਆਉਣ ਕਾਰਨ 14 ਦਸੰਬਰ ਨੂੰ ਮੁੜ ਤੀਸਰੀ ਵਾਰ ਠੀਕ 12 ਵਜੇ 101 ਮੈਂਬਰਾਂ ਦਾ ਜਥਾ ਦਿੱਲੀ ਵੱਲ ਭੇਜਣਗੇ।
ਉਧਰ ਹਰਿਆਣਾ ਸਰਕਾਰ ਮੋੜਵਾਂ ਜਵਾਬ ਦੇਣ ਲਈ ਤਿਆਰ ਹੈ। ਪੁਲਸ ਤੇ ਕੇਂਦਰੀ ਫੋਰਸਾਂ ਨੇ ਬੈਰੀਕੇਡਿੰਗ ਹੋਰ ਮਜ਼ਬੂਤ ਕਰ ਦਿੱਤੀ ਹੈ। ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਜ਼ੋਰਦਾਰ ਰੋਸ ਰੈਲੀਆਂ ਕਰ ਕੇ ਕੇਂਦਰ ਸਰਕਾਰ ਦਾ ਪਿੱਟ-ਸਿਆਪਾ ਕੀਤਾ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਅਤੇ ਹੋਰਨਾਂ ਨੇ ਆਖਿਆ ਕਿ ਮਰਜੀਵੜਿਆਂ ਦਾ ਇਹ ਜਥਾ ਕਫਨ ਬੰਨ੍ਹ ਕੇ ਅੱਗੇ ਵਧੇਗਾ ਅਤੇ ਜਦੋਂ ਤੱਕ ਅਸੀਂ ਇਹ ਜੰਗ ਨਹੀਂ ਜਿੱਤਦੇ, ਉਦੋਂ ਤੱਕ ਇਹ ਜਥੇ ਲਗਾਤਾਰ ਜਾਂਦੇ ਰਹਿਣਗੇ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ PM ਮੋਦੀ ਦੇ ਨਾਂ ਸੰਦੇਸ਼ ; ''ਅੰਨਦਾਤਾ ਨੂੰ ਮਰਨ ਵਰਤ 'ਤੇ ਬੈਠਣ ਲਈ ਹੋਣਾ ਪਿਆ ਮਜਬੂਰ...''
ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਮੋਰਚੇ ਦਾ 306ਵਾਂ ਦਿਨ ਹੋ ਗਿਆ ਹੈ। ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵਿਚ ਦਾਖਲ ਹੋ ਗਿਆ ਹੈ, ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ ਪਰ ਫਿਰ ਵੀ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਪੰਧੇਰ ਨੇ ਆਖਿਆ ਕਿ ਕੇਂਦਰ ਨੈਤਿਕ ਤੌਰ ’ਤੇ ਹਾਰ ਮੰਨ ਚੁੱਕਾ ਹੈ। ਉਨ੍ਹਾਂ ਆਖਿਆ ਕਿ ਅਸੀਂ ਸੰਘਰਸ਼ ਜਾਰੀ ਰੱਖਾਂਗੇ, ਭਾਵੇਂ ਕੇਂਦਰ ਤੇ ਹਰਿਆਣਾ ਸਰਕਾਰ ਸਾਡੇ ਉਪਰ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ।
ਪੰਧੇਰ ਨੇ ਡੀ.ਸੀ. ਅੰਬਾਲਾ ਵੱਲੋਂ ਡੀ.ਸੀ. ਸੰਗਰੂਰ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ’ਤੇ ਲਿਖੀ ਚਿੱਠੀ ’ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਇਹ ਵੀ ਇਕ ਵੱਡੀ ਸਾਜ਼ਿਸ਼ ਹੈ। ਕਿਸਾਨ ਨੇਤਾਵਾਂ ਨੇ ਇਸ ਮੌਕੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਸਾਰੇ ਸੂਬਿਆਂ ਤੇ ਤਹਿਸੀਲਾਂ ’ਚ ਟ੍ਰੈਕਟਰ ਮਾਰਚ ਹੋਵੇ। 18 ਦਸੰਬਰ ਨੂੰ ਕਿਸਾਨ ਰੇਲਾਂ ਵੀ ਰੋਕ ਸਕਦੇ ਹਨ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e