12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ ਦੇ ਗੋਗਰਾ 'ਚ ਪਿੱਛੇ ਹਟੀ ਭਾਰਤ ਅਤੇ ਚੀਨ ਦੀ ਫ਼ੌਜ

08/06/2021 5:24:01 PM

ਨਵੀਂ ਦਿੱਲੀ- ਭਾਰਤ ਅਤੇ ਚੀਨ ਦੇ ਫ਼ੌਜ ਕਮਾਂਡਰਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਸੈਨਾਵਾਂ ਨੇ ਕੰਟਰੋਲ ਰੇਖਾ 'ਤੇ ਗੋਗਰਾ ਖੇਤਰ ਤੋਂ ਆਪਣੇ-ਆਪਣੇ ਫ਼ੌਜੀ ਪਿੱਛੇ ਹਟਾ ਲਏ ਹਨ। ਹੁਣ ਦੋਹਾਂ ਪੱਖਾਂ ਦੇ ਫ਼ੌਜੀ ਆਪਣੇ ਪੁਰਾਣੇ ਸਥਾਈ ਬੇਸ 'ਚ ਪਹੁੰਚ ਗਏ ਹਨ। ਫ਼ੌਜ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 31 ਜੁਲਾਈ ਨੂੰ ਚੁਸ਼ੁਲ ਮੋਲਦੋ 'ਚ ਦੋਹਾਂ ਪੱਖਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ 12ਵੇਂ ਦੌਰ ਦੀ ਗੱਲਬਾਤ ਦੇ ਨਤੀਜੇ ਵਜੋਂ ਦੋਹਾਂ ਪੱਖਾਂ ਨੇ ਗੋਗਰਾ ਖੇਤਰ ਤੋਂ ਆਪਣੇ ਫ਼ੌਜੀਆਂ ਨੂੰ ਪਿੱਛੇ ਹਟਾ ਲਿਆ ਹੈ ਅਤੇ ਇਹ ਕਾਰਵਾਈ ਬੁੱਧਵਾਰ ਅਤੇ ਵੀਰਵਾਰ ਨੂੰ ਹੋਈ ਅਤੇ ਹੁਣ ਦੋਹਾਂ ਦੇ ਫ਼ੌਜੀ ਆਪਣੇ ਪੁਰਾਣੇ ਸਥਾਈ ਬੇਸ 'ਚ ਪਹੁੰਚ ਗਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਵਿਚਾਲੇ ਭਾਰਤ-ਚੀਨ ਸਰਹੱਦ ਦੇ ਪੱਛਮੀ ਸੈਕਟਰ 'ਚ ਕੰਟਰੋਲ ਰੇਖਾ ਦੇ ਨਾਲ-ਨਾਲ ਵਿਵਾਦ ਦੇ ਬਾਕੀ ਬਚੇ ਵਿਸ਼ਿਆਂ 'ਤੇ ਸਪੱਸ਼ਟ ਰੂਪ ਨਾਲ ਵਿਚਾਰਾਂ ਦਾ ਵਿਸਥਾਰ ਨਾਲ ਆਦਾਨ-ਪ੍ਰਦਾਨ ਹੋਇਆ। ਦੋਵੇਂ ਪੱਖ ਗੋਗਰਾ ਖੇਤਰ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ 'ਤੇ ਸਹਿਮਤ ਹੋਏ ਸਨ। ਇਸ ਖੇਤਰ 'ਚ ਦੋਹਾਂ ਸੈਨਾਵਾਂ ਦੇ ਫ਼ੌਜੀ ਪਿਛਲੇ ਸਾਲ ਮਈ ਤੋਂ ਆਹਮੋ-ਸਾਹਮਣੇ ਟਕਰਾਅ ਦੀ ਸਥਿਤੀ 'ਚ ਸਨ। 

ਇਹ ਵੀ ਪੜ੍ਹੋ : ਮੋਲਡੋ ਗੱਲਬਾਤ ਨਾਲ ਖੁੱਲ੍ਹਿਆ ਸੁਲ੍ਹਾ ਦਾ ਰਾਹ, ਭਾਰਤ-ਚੀਨ ਗੋਗਰਾ ਹਾਈਟਸ ਤੋਂ ਫ਼ੌਜ ਹਟਾਉਣ ’ਤੇ ਹੋਏ ਰਾਜ਼ੀ

ਸਮਝੌਤੇ ਅਨੁਸਾਰ ਗੋਗਰਾ ਖੇਤਰ ਪੈਟਰੋਲ ਪੁਆਇੰਟ 17ਏ 'ਤੇ ਦੋਹਾਂ ਪੱਖਾਂ ਨੇ ਚਰਨਬੱਧ ਅਤੇ ਪ੍ਰਮਾਣਿਤ ਢੰਗ ਨਾਲ ਫ਼ੌਜੀਆਂ ਦੀ ਤਾਇਨਾਤੀ ਬੰਦ ਕਰ ਦਿੱਤੀ ਹੈ। ਦੋਹਾਂ ਸੈਨਾਵਾਂ ਨੇ ਇਸ ਖੇਤਰ 'ਚ ਬਣਾਏ ਗਏ ਅਸਥਾਈ ਢਾਂਚਿਆਂ ਅਤੇ ਹੋਰ ਢਾਂਚਿਆਂ ਨੂੰ ਨਸ਼ਟ ਕਰ ਦਿੱਤਾ ਅਤੇ ਇਸ ਦੀ ਪੁਸ਼ਟੀ ਵੀ ਕੀਤੀ। ਸਮਝੌਤੇ 'ਚ ਇਹ ਯਕੀਨੀ ਕੀਤਾ ਗਿਆ ਹੈ ਕਿ ਦੋਵੇਂ ਪੱਖ ਇਸ ਖੇਤਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਨਿਗਰਾਨੀ ਰੱਖਣਗੇ ਅਤੇ ਉਸ ਦਾ ਸਨਮਾਨ ਕਰਨਗੇ ਅਤੇ ਕੋਈ ਵੀ ਪੱਖ ਇੱਥੇ ਮੌਜੂਦਾ ਸਥਿਤੀ 'ਚ ਕਿਸੇ ਤਰ੍ਹਾਂ ਦਾ ਇਕ ਪਾਸੜ ਤਬਦੀਲੀ ਨਹੀਂ ਕਰੇਗਾ। ਇਸ ਦੇ ਨਾਲ ਹੀ ਵਿਵਾਦ ਦੇ ਇਕ ਹੋਰ ਸੰਵੇਦਨਸ਼ੀਲ ਮੁੱਦੇ ਦਾ ਹੱਲ ਹੋ ਗਿਆ ਹੈ। ਦੋਹਾਂ ਪੱਖਾਂ ਨੇ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਪੱਛਮੀ ਸੈਕਟਰ 'ਚ ਐੱਲ.ਏ.ਸੀ. ਨਾਲ ਬਾਕੀ ਬਚੇ ਮੁੱਦਿਆਂ ਦੇ ਹੱਲ ਬਾਰੇ ਵੀ ਵਚਨਬੱਧਤਾ ਜ਼ਾਹਰ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਫ਼ੌਜ ਭਾਰਤ-ਤਿੱਬਤ ਸਰਹੱਦੀ ਪੁਲਸ ਨਾਲ ਮਿਲ ਕੇ ਪੱਛਮੀ ਸੈਕਟਰ 'ਚ ਅਸਲ ਕੰਟਰੋਲ ਰੇਖਾ ਨਾਲ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾ ਕੇ ਰਾਸ਼ਟਰ ਦੀ ਪ੍ਰਭੂਸੱਤਾ ਯਕੀਨੀ ਕਰਨ ਲਈ ਵਚਨਬੱਧ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਨਾਲ ਲੱਗਦੇ ਖੇਤਰਾਂ 'ਚ ਚੀਨ ਵਲੋਂ ਪਿਛਲੇ ਸਾਲ ਮਈ ਦੇ ਸ਼ੁਰੂ 'ਚ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਫ਼ੌਜ ਗਤੀਰੋਧ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਦੋਹਾਂ ਸੈਨਾਵਾਂ ਵਿਚਾਲੇ 15 ਜੂਨ ਨੂੰ ਹਿੰਸਕ ਝੜਪ ਹੋਈ, ਜਿਸ 'ਚ ਫ਼ੌਜ ਦੇ ਇਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ। ਚੀਨ ਦੇ ਵੀ ਵੱਡੀ ਗਿਣਤੀ 'ਚ ਫ਼ੌਜੀ ਮਾਰੇ ਗਏ ਸਨ। ਇਸ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਰਾਜਨੀਤਕ, ਕੂਟਨੀਤਕ ਅਤੇ ਫ਼ੌਜ ਪੱਧਰ 'ਤੇ ਗੱਲਬਾਤ ਜਾਰੀ ਹੈ, ਜਿਸ ਦੇ ਨਤੀਜੇ ਵਜੋਂ ਕੁਝ ਹੱਦ ਤੱਕ ਮੁੱਦਿਆਂ ਦਾ ਹੱਲ ਹੋਇਆ ਹੈ।

ਇਹ ਵੀ ਪੜ੍ਹੋ : ਅਜੀਬ ਬੀਮਾਰੀ ਤੋਂ ਪੀੜਤ ਬੱਚੇ ਦੀ ਜਾਗੀ ਕਿਸਮਤ, ਲੱਕੀ ਡਰਾਅ 'ਚ ਜਿੱਤਿਆ 16 ਕਰੋੜ ਦਾ ਟੀਕਾ

ਨੋਟ : ਭਾਰਤ ਚੀਨ ਦੀ ਫ਼ੌਜ ਦੇ ਗੋਗਰਾ ਖੇਤਰ ਤੋਂ ਹਟਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News