ਭਾਰਤ ਫੇਰੀ ਨੂੰ ਲੈ ਕੇ ਉਤਸ਼ਾਹਿਤ, ਸ਼ੀ ਦੇ ਜੀ-20 ਸੰਮੇਲਨ 'ਚ ਸ਼ਾਮਲ ਨਾ ਹੋਣ ਤੋਂ ਨਿਰਾਸ਼ : ਬਾਈਡੇਨ

Monday, Sep 04, 2023 - 03:48 PM (IST)

ਵਾਸ਼ਿੰਗਟਨ (ਪੀ. ਟੀ. ਆਈ.)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਇਸ ਹਫ਼ਤੇ ਹੋਣ ਵਾਲੀ ਆਪਣੀ ਭਾਰਤ ਫੇਰੀ ਨੂੰ ਲੈ ਕੇ ਉਤਸ਼ਾਹਿਤ ਹਨ ਪਰ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਵੀਂ ਦਿੱਲੀ ਵਿਚ ਹੋਣ ਵਾਲੇ ਜੀ-20 ਸੰਮੇਲਨ ਵਿਚ ਸ਼ਾਮਲ ਨਹੀਂ ਹੋਣਗੇ। ਵ੍ਹਾਈਟ ਹਾਊਸ ਨੇ ਪਿਛਲੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਬਾਈਡੇਨ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ 7 ਸਤੰਬਰ ਨੂੰ ਭਾਰਤ ਆਉਣਗੇ ਅਤੇ 8 ਸਤੰਬਰ ਨੂੰ ਇਸ ਇਤਿਹਾਸਕ ਸਮਾਗਮ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। 

ਭਾਰਤ ਜੀ-20 ਦੇ ਪ੍ਰਧਾਨ ਵਜੋਂ 9-10 ਸਤੰਬਰ ਨੂੰ ਪ੍ਰਭਾਵਸ਼ਾਲੀ ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਬਾਈਡੇਨ ਸਮੇਤ ਦੋ ਦਰਜਨ ਤੋਂ ਵੱਧ ਵਿਸ਼ਵ ਨੇਤਾ ਇਸ ਵਿੱਚ ਹਿੱਸਾ ਲੈਣ ਜਾ ਰਹੇ ਹਨ। ਯਾਤਰਾ ਤੋਂ ਪਹਿਲਾਂ ਪੱਤਰਕਾਰਾਂ ਨੇ ਐਤਵਾਰ ਨੂੰ ਬਾਈਡੇਨ ਤੋਂ ਪੁੱਛਿਆ ਕੀ ਉਹ ਭਾਰਤ ਅਤੇ ਵੀਅਤਨਾਮ ਦੀ ਆਪਣੀ ਯਾਤਰਾ ਦੀ ਉਡੀਕ ਕਰ ਰਹੇ ਹਨ। ਇਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''ਹਾਂ, ਮੈਂ ਉਤਸ਼ਾਹਿਤ ਹਾਂ।'' ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਸੰਮੇਲਨ ਵਿਚ ਸ਼ਾਮਲ ਨਾ ਹੋਣ 'ਤੇ ਨਿਰਾਸ਼ਾ ਜਤਾਈ ਅਤੇ ਇਸ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਨਿਰਾਸ਼ ਹਾਂ ਪਰ ਮੈਂ ਉਨ੍ਹਾਂ ਨੂੰ ਮਿਲਾਂਗਾ।'' 

ਪੜ੍ਹੋ ਇਹ ਅਹਿਮ ਖ਼ਬਰ-ਚੀਨੀ ਰਾਸ਼ਟਰਪਤੀ ਜੀ-20 ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ, ਪ੍ਰਧਾਨ ਮੰਤਰੀ ਲੀ ਕਰਨਗੇ ਵਫ਼ਦ ਦੀ ਅਗਵਾਈ

ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਸ਼ੀ ਜਿਨਪਿੰਗ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਜੀ-20 ਸੰਮੇਲਨ 'ਚ ਹਿੱਸਾ ਨਹੀਂ ਲੈਣਗੇ। ਜਿਨਪਿੰਗ ਦੀ ਥਾਂ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕੇਕਿਆਂਗ ਕਰਨਗੇ। ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਦੇ ਜਕਾਰਤਾ ਵਿੱਚ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਆਉਣ ਦੀ ਸੰਭਾਵਨਾ ਹੈ। ਬਾਈਡੇਨ ਤੋਂ ਇਲਾਵਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਜਰਮਨ ਚਾਂਸਲਰ ਓਲਾਫ ਸਕੋਲਜ਼, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਜੀ-20 ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਦੀ ਪਹਿਲਾਂ ਹੀ ਪੁਸ਼ਟੀ ਕੀਤੀ ਹੈ। ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ 10 ਸਤੰਬਰ ਨੂੰ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਨੂੰ ਸੌਂਪਣਗੇ। ਬ੍ਰਾਜ਼ੀਲ 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਸਮੂਹ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ ਸ਼ਾਮਲ (EU) ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News