3 ਕਿੱਲੋ ਤੋਂ ਵੱਧ ਗਾਂਜੇ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
Thursday, May 29, 2025 - 03:25 PM (IST)

ਖਰੜ (ਗਗਨਦੀਪ) : 2 ਵਿਅਕਤੀਆਂ ਨੂੰ 3 ਕਿਲੋ 800 ਗ੍ਰਾਮ ਗਾਂਜੇ ਸਮੇਤ ਥਾਣਾ ਸੰਨੀ ਇਨਕਲੇਵ ਦੀ ਪੁਲਸ ਵੱਲੋਂ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ.ਐੱਚ.ਓ. ਸਿਟੀ ਅਜੀਤੇਸ਼ ਕੌਸ਼ਲ ਤੇ ਸੰਨੀ ਇਨਕਲੇਵ ਚੌਕੀ ਦੇ ਇੰਚਾਰਜ ਚਰਨ ਸਿੰਘ ਰਾਮੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਪੁਲਸ ਪਾਰਟੀ ਨਾਲ ਗਿਲਕੋ ਵੈਲੀ ਦੇ ਅੰਦਰ ਚੈਕਿੰਗ ਲਈ ਨਾਕਾ ਲਗਾਇਆ ਹੋਇਆ ਸੀ ਤਾਂ ਦੋ ਨੌਜਵਾਨ ਜੋ ਕਿ ਪੁਲਸ ਨੂੰ ਦੇਖ ਘਬਰਾ ਗਏ ਤੇ ਉਨ੍ਹਾਂ ਵਿੱਚੋਂ ਇਕ ਨੌਜਵਾਨ ਵੱਲੋਂ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਕਾਬੂ ਕਰ ਲਿਆ।
ਇਸ ਦੌਰਾਨ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਅਮਿਤ ਮੁੰਡੀ ਖਰੜ, ਜਿਸ ਤੋਂ 2 ਕਿੱਲੋ 100 ਗ੍ਰਾਮ ਤੇ ਵੀਜ਼ਾ ਪੁੱਤਰ ਕਰਨੈਲ ਵਾਸੀ ਮੁੰਡੀ ਖਰੜ ਤੋਂ 1 ਕਿੱਲੋ 700 ਗ੍ਰਾਮ ਕੁੱਲ 3 ਕਿਲੋ 800 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਤੇ ਉਨ੍ਹਾਂ ਕੋਲੋਂ 16 ਹਜ਼ਾਰ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਵਾਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।