ਅਕਾਲੀ-ਬਸਪਾ ਗੱਠਜੋੜ ਵਿਗਾੜ ਸਕਦਾ ਹੈ ਵਿਰੋਧੀ ਪਾਰਟੀਆਂ ਦੀ ਚੋਣ ਰਣਨੀਤੀ

Thursday, Jun 24, 2021 - 12:26 PM (IST)

ਅਕਾਲੀ-ਬਸਪਾ ਗੱਠਜੋੜ ਵਿਗਾੜ ਸਕਦਾ ਹੈ ਵਿਰੋਧੀ ਪਾਰਟੀਆਂ ਦੀ ਚੋਣ ਰਣਨੀਤੀ

ਚੰਡੀਗੜ੍ਹ (ਹਰੀਸ਼) : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਜੂਦ ਵਿਚ ਆਏ ਨਵੇਂ ਗੱਠਜੋੜ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਦਲਿਤ ਵੋਟ ਬੈਂਕ ’ਤੇ ਏਕਾ ਅਧਿਕਾਰ ਜਮਾਉਣ ਵਾਲੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਚਿੰਤਾ ਵੀ ਵਾਜਿਬ ਹੈ, ਕਿਉਂਕਿ ਕਮਜ਼ੋਰ ਲੀਡਰਸ਼ਿਪ ਅਤੇ ਕਦੇ ਸੱਤਾ ਦੀ ਦਹਿਲੀਜ਼ ਦੇ ਆਸਪਾਸ ਵੀ ਨਾ ਭਟਕਣ ਵਾਲੀ ਬਸਪਾ ਦੀ ਥਾਂ ਦਲਿਤ ਵੋਟ ਉਨ੍ਹਾਂ ਦੇ ਖਾਤੇ ਵਿਚ ਹੀ ਜਾਂਦਾ ਸੀ।

ਬਸਪਾ ਦਾ ਆਧਾਰ ਕਿਸ ਨੂੰ ਜਿਤਾਉਣ ਵਿਚ ਰਿਹਾ ਹੈ ਜਾਂ ਇਸ ਤਰ੍ਹਾਂ ਕਹੋ ਕਿ ਦੋਆਬੇ ਵਿਚ ਤੂਤੀ ਬੋਲਦੀ ਸੀ ਪਰ ਦੋ ਦਹਾਕੇ ਪਹਿਲਾਂ ਬਸਪਾ ਦੀ ਲੀਡਰਸ਼ਿਪ ਇਸ ਨੂੰ ਸੰਭਾਲ ਕੇ ਨਹੀਂ ਰੱਖ ਸਕੀ। ਇਹੀ ਕਾਰਣ ਰਿਹਾ ਕਿ ਇਹ ਵੋਟ ਬੈਂਕ ਹੋਰ ਪਾਰਟੀਆਂ ਵੱਲ ਝੁਕਾਅ ਰੱਖਣ ਲੱਗਾ, ਜਿਸ ਵਿਚ ਅਕਸਰ ਵੱਡਾ ਹੱਥ ਕਾਂਗਰਸ ਨੇ ਹੀ ਮਾਰਿਆ ਹੈ ਪਰ ਹੁਣ ਅਕਾਲੀ-ਬਸਪਾ ਗੱਠਜੋੜ ਉਸਦੀ ਚੋਣ ਰਣਨੀਤੀ ਵਿਗਾੜ ਸਕਦਾ ਹੈ। ਦੋਵੇਂ ਦਲ ਆਪਣੇ-ਆਪਣੇ ਵੋਟ ਦੂਜੇ ਨੂੰ ਕਨਵਰਟ ਕਰਨ ਵਿਚ ਕਾਮਯਾਬ ਹੋ ਗਏ ਤਾਂ 25 ਸਾਲ ਬਾਅਦ ਦੁਬਾਰਾ ਬਣੇ ਇਸ ਗੱਠਜੋੜ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਵਧ ਜਾਵੇਗੀ।

ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਯਕੀਨਨ ਹੀ ਇਸ ਗੱਠਜੋੜ ਲਈ ਅਕਾਲੀ ਦਲ ਨੇ ਹੀ ਹੱਥ ਵਧਾਇਆ ਹੋਵੇਗਾ, ਕਿਉਂਕਿ ਬਸਪਾ ਨੇ ਚਾਰ ਵਿਧਾਨਸਭਾ ਚੋਣਾਂ ਦੇ ਨਤੀਜੇ ਵੇਖਦੇ ਹੋਏ ਕਦੇ ਪੰਜਾਬ ਦੀ ਸੱਤਾ ਵਿਚ ਆਉਣ ਦਾ ਸੁਫ਼ਨਾ ਵੀ ਨਹੀਂ ਵੇਖਿਆ ਹੋਵੇਗਾ। ਅਕਾਲੀ ਦਲ ਹੀ ਹੈ, ਜੋ ਸੱਤਾ ਸੁੱਖ ਭੋਗ ਚੁੱਕਿਆ ਹੈ ਅਤੇ ਦੁਬਾਰਾ ਸੱਤਾ ਵਿਚ ਆਉਣਾ ਚਾਹੁੰਦਾ ਹੈ। ਅਜਿਹੇ ਵਿਚ ਅਕਾਲੀ ਦਲ ’ਤੇ ਗੱਠਜੋੜ ਧਰਮ ਨਿਭਾਉਣ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ।

ਦਲਿਤ ਵੋਟਾਂ ਦੀ ਭੂਮਿਕਾ ਰਹੇਗੀ ਫੈਸਲਾਕੁੰਨ
ਦਲਿਤ ਵੋਟ ’ਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਸਾਰੀ ਜ਼ਿੰਮੇਵਾਰੀ ਰਹੇਗੀ ਅਤੇ ਇਹੀ ਵੋਟ ਸੱਤਾ ਲਈ ਫੈਸਲਾਕੁੰਨ ਭੂਮਿਕਾ ਅਦਾ ਕਰੇਗੀ। ਇਸ ਵਰਗ ਨੇ ਸੁਖਬੀਰ ਬਾਦਲ ਦੇ ਦਲਿਤ ਉਪ ਮੁੱਖ ਮੰਤਰੀ ਦੇ ਵਾਅਦੇ ’ਤੇ ਭਰੋਸਾ ਕਰ ਕੇ ਗੱਠਜੋੜ ਦੇ ਹੱਕ ਵਿਚ ਥੋਕ ਵਿਚ ਵੋਟਾਂ ਪਾਈਆਂ ਤਾਂ ਉਨ੍ਹਾਂ ਨੂੰ ਸੱਤਾ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।

ਬਸਪਾ ਦੇ ਭਵਿੱਖ ਦੀ ਚਰਚਾ
ਕਾਂਗਰਸ ਨੂੰ ਇਸ ਵੋਟ ਬੈਂਕ ਤੋਂ ਹੀ ਉਮੀਦਾਂ ਸਨ ਅਤੇ ਜਿਉਂ ਹੀ ਅਕਾਲੀ-ਬਸਪਾ ਗੱਠਜੋੜ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ, ਉਸ ਨਾਲ ਇਹ ਉਮੀਦਾਂ ਵੀ ਹੁਣ ਧੁੰਦਲੀਆਂ ਪੈਣ ਲੱਗੀਆਂ ਹਨ ਪਰ ਗੱਠਜੋੜ ਦੇ ਭਵਿੱਖ ਨੂੰ ਲੈ ਕੇ ਹੁਣ ਤੋਂ ਕਿਆਸ ਵੀ ਲੱਗਣ ਲੱਗੇ ਹਨ, ਕਿਉਂਕਿ ਗੱਠਜੋੜ ਵਿਚ ਰਹਿੰਦੇ ਹੋਏ ਭਾਜਪਾ ਵਰਗੇ ਕੌਮੀ ਦਲ ਨੂੰ ਵੀ ਬਾਦਲ ਨੇ ਪੰਜਾਬ ਵਿਚ ਇੱਕ ਹੱਦ ਤੋਂ ਅੱਗੇ ਨਹੀਂ ਵਧਣ ਦਿੱਤਾ ਸੀ, ਜਿਸਦੀ ਅਗਵਾਈ ਕੇਂਦਰੀ ਪੱਧਰ ’ਤੇ ਵਰ੍ਹਿਆਂ ਤੋਂ ਮਜ਼ਬੂਤ ਰਹੀ ਹੈ। ਅਜਿਹੇ ਵਿਚ ਬਸਪਾ ਦੇ ਭਵਿੱਖ ਨੂੰ ਲੈ ਕੇ ਹੁਣ ਤੋਂ ਚਰਚਾ ਹੋਣ ਲੱਗੀ ਹੈ।

ਇਹ ਵੀ ਪੜ੍ਹੋ: ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਗੱਠਜੋੜ ਦੇ ਐਲਾਨ ਦੇ ਨਾਲ ਹੀ ਅਕਾਲੀ ਦਲ ਨੇ 20 ਸੀਟਾਂ ਵੀ ਬਸਪਾ ਲਈ ਛੱਡ ਦਿੱਤੀਆਂ ਹਨ ਪਰ ਜ਼ਿਆਦਾਤਰ ਸ਼ਹਿਰੀ ਸੀਟਾਂ ਹਨ ਅਤੇ ਇਸ ’ਤੇ ਬਸਪਾ ਦੀਆਂ ਵੋਟਾਂ ਨਾਂਹ ਦੇ ਬਰਾਬਰ ਹੀ ਹਨ। ਦੋਆਬੇ ਵਿਚ ਤਾਂ ਬਸਪਾ ਲਈ ਉਹ ਗੜਸ਼ੰਕਰ ਸੀਟ ਵੀ ਨਹੀਂ ਛੱਡੀ ਜੋ ਉਹ ਜਿੱਤਦੀ ਰਹੀ ਸੀ। ਅਜਿਹੇ ਕੁਝ ਸਵਾਲ ਹੁਣ ਤੋਂ ਬਸਪਾ ਵਿਚ ਉੱਠਣ ਲੱਗੇ ਹਨ, ਜਿਨ੍ਹਾਂ ਦੇ ਜਵਾਬ ਅਕਾਲੀ ਦਲ ਕੋਲ ਵੀ ਨਹੀਂ ਹਨ। ਸੁਖਬੀਰ ’ਤੇ ਗੱਠਜੋੜ ਦੀ ਸਾਰੀ ਜ਼ਿੰਮੇਵਾਰੀ ਰਹੇਗੀ ਕਿ ਉਹ ਬਸਪਾ ਲੀਡਰਸ਼ਿਪ ਨੂੰ ਅਜਿਹਾ ਭਰੋਸਾ ਦੇਣ ਕਿ ਭਾਜਪਾ ਵਰਗਾ ਹਸ਼ਰ ਉਹ ਬਸਪਾ ਦਾ ਨਹੀਂ ਕਰਨਗੇ।

ਅਕਸਰ ਕਾਂਗਰਸ ’ਤੇ ਜਤਾਇਆ ਹੈ ਦਲਿਤ ਵਰਗ ਨੇ ਭਰੋਸਾ
117 ਮੈਂਬਰਾਂ ਵਾਲੀ ਪੰਜਾਬ ਵਿਧਾਨਸਭਾ ਵਿਚ 34 ਸੀਟਾਂ ਰਾਖਵੀਂਆਂ ਹਨ। ਕਾਂਗਰਸ ਦੇ 80 ਵਿਧਾਇਕਾਂ ਵਿਚੋਂ 22 ਇਨ੍ਹਾਂ ਰਾਖਵੀਆਂ ਸੀਟਾਂ ਤੋਂ ਜਿੱਤ ਕੇ ਆਏ ਹਨ, ਜੋ ਰਾਜ ਦੀਆਂ ਹੋਰ ਪਾਰਟੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਆਮ ਆਦਮੀ ਪਾਰਟੀ ਦੇ 18 ਵਿਧਾਇਕਾਂ ਵਿਚੋਂ 9 ਦਲਿਤ ਵਰਗ ਤੋਂ ਹਨ। ਅਕਾਲੀ ਦਲ ਦੇ 14 ਵਿਚੋਂ 3 ਵਿਧਾਇਕ ਇਸ ਵਰਗ ਤੋਂ ਹਨ। ਭਾਜਪਾ ਕੋਲ ਪਹਿਲਾਂ ਇੱਕਲੌਤੇ ਦਲਿਤ ਵਿਧਾਇਕ ਸੋਮਪ੍ਰਕਾਸ਼ ਸਨ ਪਰ 2019 ਵਿਚ ਉਨ੍ਹਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਵੀ ਉਪ ਚੋਣ ਵਿਚ ਕਾਂਗਰਸ ਨੇ ਖੋਹ ਲਈ।

ਗੱਲ ਲੋਕ ਸਭਾ ਦੀ ਕਰੀਏ ਤਾਂ ਉੱਥੇ ਵੀ ਕਾਂਗਰਸ ਵਲੋਂ 3 ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਅਮਰ ਸਿੰਘ ਅਤੇ ਮੁਹੰਮਦ ਸਦੀਕ ਹਨ, ਜਦੋਂਕਿ ਸੋਮ ਪ੍ਰਕਾਸ਼ ਭਾਜਪਾ ਤੋਂ ਰਿਜ਼ਰਵ ਸੀਟ ’ਤੇ ਸੰਸਦ ਮੈਂਬਰ ਚੁਣੇ ਗਏ ਹਨ। ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਤੋਂ ਕੋਈ ਦਲਿਤ ਸੰਸਦ ਮੈਂਬਰ ਨਹੀਂ ਹੈ। ਇਨ੍ਹਾਂ ਨਤੀਜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਲਿਤ ਵਰਗ ਲਈ ਰਾਖਵੀਂਆਂ ਸੀਟਾਂ ’ਤੇ ਕਾਂਗਰਸ ਹੀ ਹਾਵੀ ਰਹੀ ਹੈ।

ਗੱਠਜੋੜ ਦਾ ਵੱਡਾ ਲਾਭ ਅਕਾਲੀ ਦਲ ਨੂੰ ਹੋਵੇਗਾ
ਬਸਪਾ ਦਾ ਪੰਜਾਬ ਵਿਚ ਕਾਫ਼ੀ ਆਧਾਰ ਹੈ ਪਰ ਮਜ਼ਬੂਤ ਲੀਡਰਸ਼ਿਪ ਅਤੇ ਬਿਹਤਰ ਟੀਮ ਦੀ ਘਾਟ ਕਾਰਣ ਇਹ ਵੋਟ ਕਾਂਗਰਸ ਵੱਲ ਹੀ ਖਿਸਕ ਜਾਂਦੀ ਸੀ। ਬਸਪਾ ਹਰ ਚੋਣ ਲੜਦੀ ਸੀ ਅਤੇ ਉਸ ਨੂੰ ਜੋ ਵੀ ਵੋਟਾਂ ਪਈਆਂ, ਉਸਦਾ ਅਕਾਲੀ ਦਲ ਨੂੰ ਸਿੱਧੇ ਲਾਭ ਮਿਲਦਾ ਸੀ। ਇਸ ਵਾਰ ਆਧਿਕਾਰਤ ਤੌਰ ’ਤੇ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਇਆ ਹੈ, ਜਿਸਦਾ ਵੱਡਾ ਲਾਭ ਅਕਾਲੀ ਦਲ ਨੂੰ ਹੋਵੇਗਾ।

ਵੇਖਿਆ ਜਾਵੇ ਤਾਂ ਅਕਾਲੀ-ਭਾਜਪਾ ਗੱਠਜੋੜ ਸਭ ਤੋਂ ਮਜ਼ਬੂਤ ਗੱਠਜੋੜ ਸੀ ਅਤੇ ਭਾਜਪਾ ਦੀ ਥਾਂ ਕੋਈ ਨਹੀਂ ਲੈ ਸਕਦਾ। ਅਕਾਲੀ ਦਲ ਅਗਲੀਆਂ ਚੋਣਾਂ ਵਿਚ ਕਈ ਹਿੰਦੂ ਉਮੀਦਵਾਰ ਵੀ ਉਤਾਰੇਗਾ, ਤਾਂ ਕਿ ਭਾਜਪਾ ਦੇ ਹਿੰਦੂ ਵੋਟ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਸਾਰੇ ਜਾਣਦੇ ਹਨ ਕਿ ਪੰਜਾਬ ਵਿਚ ਅਕਾਲੀ ਦਲ ਭਾਜਪਾ ਨੂੰ ਦਬਾ ਕੇ ਰੱਖਦਾ ਸੀ ਤਾਂ ਬਸਪਾ ਦੀ ਵੀ ਉਹ ਚੱਲਣ ਨਹੀਂ ਦੇਵੇਗਾ, ਜੋ ਪਹਿਲਾਂ ਤੋਂ ਹੀ ਬਹੁਤ ਕਮਜ਼ੋਰ ਹੈ।ਰਾਜ ਵਿਚ ਜੋ 32 ਫੀਸਦੀ ਦਲਿਤ ਆਬਾਦੀ ਦੀ ਗੱਲ ਕਹਿੰਦੇ ਹਨ, ਉਹ ਇਹ ਵੀ ਧਿਆਨ ਰੱਖਣ ਕਿ ਇਹ 2011 ਦੇ ਅੰਕੜੇ ਹਨ। ਦਸ ਸਾਲ ਬਾਅਦ ਹੁਣ ਇਹ ਆਬਾਦੀ 35 ਫ਼ੀਸਦੀ ਦਾ ਅੰਕੜਾ ਪਾਰ ਕਰ ਚੁੱਕੀ ਹੈ।     

ਨੋਟ:  ਅਕਾਲੀ ਬਸਪਾ ਗੱਠਜੋੜ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦਿਓ ਆਪਣਾ ਜੁਆਬ


author

Harnek Seechewal

Content Editor

Related News