ਐੱਨ. ਜੀ. ਟੀ. ਦੀ ਰਿਪੋਰਟ ''ਚ ਖੁਲਾਸਾ : 6 ਸਾਲਾਂ ''ਚ 9.06 ਫ਼ੀਸਦੀ ਘਟਿਆ ਟ੍ਰੀ ਕਵਰ
Saturday, Jul 05, 2025 - 04:17 PM (IST)

ਚੰਡੀਗੜ੍ਹ : ਪੰਜਾਬ 'ਚ ਪਿਛਲੇ 6 ਸਾਲ 'ਚ ਟ੍ਰੀ ਕਵਰ 9.06 ਫੀਸਦੀ ਘਟਿਆ ਹੈ। ਵਣ ਵਿਭਾਗ ਵੱਲੋਂ ਨੈਸ਼ਨਲ ਗ੍ਰੀਨ ਟ੍ਰਬਿਊਨਲ 'ਚ ਹੈਰਾਨੀ ਵਾਲੇ ਅੰਕੜੇ ਸਾਹਮਣੇ ਆਏ ਹਨ । ਸੂਬੇ 'ਚ 1 ਤੋਂ 7 ਜੁਲਾਈ ਤੱਕ ਵਣ ਤਿਉਹਾਰ ਮਨਾਇਆ ਗਿਆ ਪਰ ਇਸ ਰਿਪੋਰਟ ਨੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਨਾਲ ਹੀ ਫੌਰੇਸਟ ਕਵਰ ਵੀ ਪਹਿਲਾਂ ਤੋਂ ਘੱਟ ਹੋਇਆ ਹੈ। ਐੱਨ. ਜੀ. ਟੀ. ਨੇ ਸਾਰੇ ਰਾਜਾਂ ਤੋਂ ਫੌਰੇਸਟ ਕਵਰ ਨੂੰ ਲੈ ਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸੀ। ਰਿਪੋਰਟ ਅਨੁਸਾਰ ਸਾਲ 2017 'ਚ ਪੰਜਾਬ ਦਾ ਟ੍ਰੀ ਕਵਰ 1622 ਵਰਗ ਕਿ.ਮੀ ਸੀ, ਜੋ ਸਾਲ 2023 'ਚ ਘੱਟ ਕੇ 1475.15 ਵਰਗ ਕਿ.ਮੀ ਰਹਿ ਗਿਆ। ਵਣ ਵਿਭਾਗ ਨੇ ਫੌਰੇਸਟ ਸਰਵੇ ਆਫ ਇੰਡੀਆ ਦੀ ਇੰਡੀਅਨ ਸਟੇਟ ਆਫ ਫੌਰੇਸਟ ਰਿਪੋਰਟ ਦੇ ਅਧਾਰ ਤੇ ਹੀ ਇਹ ਡਾਟਾ ਤਿਆਰ ਕੀਤਾ ਹੈ, ਤਾਂਕਿ ਫੌਰੇਸਟ ਅਤੇ ਟ੍ਰੀ ਕਵਰ ਨੂੰ ਵਧਾਉਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ ਸ਼ੁਰੂ ਕੀਤੀ ਜਾ ਸਕੇ।
ਸਰਕਾਰ ਇਕ ਜਪਾਨੀ ਏਜੰਸੀ ਦੀ ਮਦਦ ਲੈਣ ਲਈ ਵੀ ਕੰਮ ਕਰ ਰਹੀ ਹੈ ਤਾਂਕਿ ਇਸ 'ਚ ਕੋਈ ਨਤੀਜਾ ਮਿਲ ਸਕੇ। ਫਿਲਹਾਲ ਪਿਛਲੇ 6 ਸਾਲ 'ਚ ਟ੍ਰੀ ਕਵਰ ਲਗਾਤਾਰ ਘੱਟ ਹੋ ਰਿਹਾ। ਇਹ ਹਾਲ ਉਦੋਂ ਹੈ, ਜਦੋਂ ਪੰਜਾਬ ਸਰਕਾਰ ਸੂਬੇ ਦਾ ਫੌਰੇਸਟ ਅਤੇ ਟ੍ਰੀ ਕਵਰ ਵਧਾਉਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ ਕਰਨ ਦਾ ਦਾਅਵਾ ਕਰਦੀ ਹੈ। ਇਸ ਲਈ ਹਰ ਸਾਲ ਹੀ ਵਿਸ਼ੇਸ਼ ਅਭਿਆਨ ਚਲਾਇਆ ਜਾਂਦਾ ਹੈ। ਸੂਬੇ 'ਚ ਸਾਲ 2023 'ਚ 1.2 ਕਰੋੜ ਪੌਦੇ ਲਗਾਏ ਗਏ ਸੀ, ਜਦਕਿ ਸਾਲ 2024 'ਚ ਇਸ ਟੀਚੇ ਨੂੰ ਵਧਾ ਕੇ 3 ਕਰੋੜ ਕਰ ਦਿੱਤਾ ਗਿਆ ਸੀ। ਫਿਰ ਵੀ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ।
ਫੌਰੇਸਟ ਕਵਰ 'ਚ ਪਹਿਲਾਂ ਤੋਂ ਸੁਧਾਰ ਪਰ ਫਿਰ ਆਈ ਮਾਮੂਲੀ ਕਮੀ
ਜੇਕਰ ਫੌਰੇਸਟ ਕਵਰ ਨੂੰ ਲੈ ਕੇ ਪਿਛਲੇ 6 ਸਾਲ ਦਾ ਰਿਕਾਰਡ ਚੈੱਕ ਕਰੀਏ ਤਾਂ ਇਸ 'ਚ ਪਹਿਲਾਂ ਤੋਂ ਸੁਧਾਰ ਹੋਣਾ ਸ਼ੁਰੂ ਹੋਇਆ ਹੈ ਪਰ ਸਾਲ 2023 'ਚ ਫਿਰ ਤੋਂ ਇਸ 'ਚ ਥੋੜ੍ਹੀ ਕਮੀ ਆਈ ਹੈ। ਸਾਲ 2021 'ਚ ਫੌਰੇਸਟ ਕਵਰ 1846.65 ਵਰਗ ਕਿ.ਮੀ ਸੀ, ਜੋ 2023 'ਚ ਘੱਟ ਕੇ 1846.09 ਵਰਗ ਕਿ.ਮੀ ਹੋ ਗਿਆ ਹੈ। ਜੇਕਰ ਪਿਛਲੇ 6 ਸਾਲਾਂ ਦਾ ਰਿਕਾਰਡ ਦੇਖੀਏ ਤਾਂ ਸਾਲ 2017 'ਚ ਫੌਰੇਸਟ ਕਵਰ 1837 ਵਰਗ ਕਿ.ਮੀ ਸੀ, ਜੋ 2023 'ਚ ਵੱਧ ਕੇ 1846.09 ਵਰਗ ਕਿ.ਮੀ ਹੋ ਗਿਆ ਹੈ। ਫੌਰੇਸਟ ਤੇ ਟ੍ਰੀ ਕਵਰ ਨੂੰ ਲੈ ਕੇ ਹਰ 2 ਸਾਲ ਬਾਅਦ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਹਾਲ ਹੀ 'ਚ ਸੁਧਾਰ ਦੇ ਲਈ 792.88 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮੰਜੂਰੀ ਦਿੱਤੀ ਸੀ। ਇਸ ਪ੍ਰੋਜੈਕਟ ਦੇ ਅਨੁਸਾਰ ਵਣ ਅਧੀਨ ਖ਼ੇਤਰ ਨੂੰ 2030 ਤੱਕ 7.5 ਪ੍ਰਤੀਸ਼ਤ ਤੱਕ ਵਧਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਨਾਲ ਹੀ ਰੈੱਡ ਜ਼ੋਨ ਦੀ ਪਹਿਚਾਣ ਲਈ ਜੀਓਗ੍ਰਾਫ਼ਿਕ ਇਨਫਾਰਮੇਸ਼ਨ ਸਿਸਟਮ ਮੈਪਿੰਗ ਵੀ ਕੀਤੀ ਗਈ ਹੈ।