ਵੀ. ਸੀ. ਦੇ ਅਸਤੀਫ਼ੇ ਮਗਰੋਂ ਵਿਵਾਦਾਂ 'ਚ ਸਿਹਤ ਮੰਤਰੀ, ਹਰਸਿਮਰਤ ਬਾਦਲ ਨੇ ਦੱਸਿਆ 'ਸੱਤਾ ਦਾ ਹੰਕਾਰ'

07/30/2022 1:28:15 PM

ਚੰਡੀਗੜ੍ਹ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵਾਈਸ ਚਾਂਸਲਰ ਨਾਲ ਕੀਤੇ ਰਵੱਈਏ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਕਈ ਸਿਆਸੀ ਆਗੂਆਂ ਵੱਲੋਂ ਸਿਹਤ ਮੰਤਰੀ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਜਾ ਰਹੀ ਹੈ। ਹੁਣ ਅਕਾਲੀ ਆਗੂ ਹਰਸਿਮਰਤ ਬਾਦਲ ਨੇ ਵੀ ਇਸ ਮਸਲੇ 'ਤੇ 'ਆਪ' ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਵੱਡੇ ਸਵਾਲ ਚੁੱਕੇ ਹਨ। ਹਰਸਿਮਰਤ ਬਾਦਲ ਨੇ ਸਿਹਤ ਮੰਤਰੀ ਦੇ ਅਜਿਹੇ ਵਤੀਰੇ ਨੂੰ ਸੱਤਾ ਦਾ ਹੰਕਾਰ ਦੱਸਿਆ ਹੈ।

ਇਹ ਵੀ ਪੜ੍ਹੋ : ਵੀ. ਸੀ. ਵਿਵਾਦ ’ਤੇ ਘਿਰੀ ‘ਆਪ’ ਸਰਕਾਰ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ

ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜੇਕਰ ਲੋਕਾਂ ਨੇ ਮੰਤਰੀ ਬਣਨ ਦਾ ਮੌਕਾ ਦਿੱਤਾ ਹੈ, ਤਾਂ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਤੁਸੀਂ ਕਿਸੇ ਦੂਜੇ ਸਤਿਕਾਰਤ ਅਹੁਦੇਦਾਰ ਨਾਲ ਬਦਸਲੂਕੀ ਕਰੋ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਰਾਜ ਬਹਾਦੁਰ ਨਾਲ ਸਿਹਤ ਮੰਤਰੀ ਦਾ ਵਤੀਰਾ ਸੱਤਾ ਦੇ ਹੰਕਾਰ ਦਾ ਪ੍ਰਗਟਾਵਾ ਕਰਦਾ ਹੈ। ਸ. ਜੋੜੇਮਾਜਰਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਇਲਾਜ ਦੀ ਸੁਵਿਧਾ ਬੰਦ ਕਰਨ ਅਤੇ ਏਮਜ਼ ਬਠਿੰਡਾ 'ਚ ਲੋੜੀਂਦੇ ਸਾਜ਼ੋ-ਸਾਮਾਨ ਦੀ ਪੂਰਤੀ ਨਾ ਹੋਣ ਕਰਕੇ ਜਿਹਨਾਂ ਲੋਕਾਂ ਨੂੰ ਇਲਾਜ ਦੀ ਪੂਰੀ ਸੁਵਿਧਾ ਨਹੀਂ ਮਿਲ ਰਹੀ, ਉਹਨਾਂ ਪ੍ਰਤੀ ਜ਼ਿੰਮੇਵਾਰੀ ਕਿਸ ਦੀ ਹੈ? ਜੇ 'ਬਦਲਾਅ' ਦਾ ਮਤਲਬ ਮੰਤਰੀਆਂ ਵੱਲੋਂ ਸਤਿਕਾਰਤ ਸ਼ਖ਼ਸੀਅਤਾਂ ਨਾਲ ਬਦਸਲੂਕੀ ਹੀ ਹੈ, ਤਾਂ ਇਹ ਬਦਲਾਅ ਪੰਜਾਬੀਆਂ ਨੂੰ ਨਹੀਂ ਚਾਹੀਦਾ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਿਵਹਾਰ ਤੋਂ ਨਿਰਾਸ਼ ਹੋ ਕੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਬੀਤੇ ਦਿਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਣ ਦੀ ਪੁਸ਼ਟੀ ਕੀਤੀ ਹੈ। ਡਾ. ਰਾਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ’ਚ ਪਹਿਲੀ ਵਾਰ ਅਜਿਹੇ ਬੁਰੇ ਵਿਵਹਾਰ ਦਾ ਸਾਹਮਣਾ ਕੀਤਾ ਹੈ, ਜਿਸ ਤੋਂ ਨਿਰਾਸ਼ ਹੋ ਕੇ ਉਹ ਅਸਤੀਫ਼ਾ ਦੇ ਰਹੇ ਹਨ।

ਨੋਟ :ਹਰਸਿਮਰਤ ਬਾਦਲ ਦੇ ਇਸ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News