ਨਸ਼ਾ ਕਰਨ ਦੇ ਆਦੀ ਨੌਜਵਾਨ ’ਤੇ ਮਾਮਲਾ ਦਰਜ
Saturday, May 03, 2025 - 06:29 PM (IST)

ਖਰੜ (ਗਗਨਦੀਪ) : ਸੂਬੇ ’ਚ ਨਸ਼ਿਆਂ ਦੀ ਰੋਕਥਾਮ ਕਰਨ ਲਈ ਪੰਜਾਬ ਪੁਲਸ ਵੱਲੋਂ ਚਲਾਏ ਅਭਿਆਨ ਤਹਿਤ ਪੁਲਸ ਥਾਣਾ ਘੜੂੰਆਂ ਦੀ ਪੁਲਸ ਨੇ ਨਸ਼ਾ ਕਰਨ ਵਾਲਿਆਂ ’ਤੇ ਨਕੇਲ ਕਸਦਿਆਂ ਸ਼ਨੀਵਾਰ ਨੂੰ ਇਕ ਨੌਜਵਾਨ ਖ਼ਿਲਾਫ਼ ਨਸ਼ਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਘੜੂੰਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਭੁਪਿੰਦਰ ਸਿੰਘ ਦੀ ਅਗਵਾਈ ’ਚ ਪਿੰਡ ਮਾਮੂਪੁਰ ਪੁਲ ਨੇੜੇ ਮੌਜੂਦ ਸੀ। ਮੁਖ਼ਬਰ ਵੱਲੋਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਰੁੜਕੀ ਪੁਖ਼ਤਾ ਦਾ ਇਕ ਵਿਅਕਤੀ ਜੋ ਕਿ ਨਸ਼ਾ ਕਰਨ ਦਾ ਆਦੀ ਹੈ ਤੇ ਉਹ ਇਸ ਸਮੇਂ ਨਸ਼ੇ ਦੀ ਹਾਲਤ ’ਚ ਆਪਣੇ ਘਰ ਮੌਜੂਦ ਹੈ।
ਇਸ ਦੌਰਾਨ ਪੁਲਸ ਨੇ ਉਸ ਦੇ ਘਰ ’ਤੇ ਛਾਪਾ ਮਾਰ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਜਦੋਂ ਉਸ ਦਾ ਮੋਹਾਲੀ ਫੇਸ 6 ਹਸਪਤਾਲ ’ਚ ਡੋਪ ਟੈਸਟ ਕਰਾਇਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ। ਪੁਲਸ ਵੱਲੋਂ ਕਾਬੂ ਕੀਤੇ ਨੌਜਵਾਨ ਦੀ ਪਛਾਣ ਹਰਸਿਮਰਨਜੀਤ ਸਿੰਘ ਵਾਸੀ ਪਿੰਡ ਰੁੜਕੀ ਪੁਖ਼ਤਾ ਵਜੋਂ ਹੋਈ ਹੈ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।