ਪਾਣੀ ਦੇ ਮੁੱਦੇ ’ਤੇ ਕੇਂਦਰ, ਹਰਿਆਣਾ ਤੇ BBMB ਨੇ ਕੀਤਾ ਪੰਜਾਬ ਦਾ ਵਿਰੋਧ

Tuesday, May 27, 2025 - 03:24 PM (IST)

ਪਾਣੀ ਦੇ ਮੁੱਦੇ ’ਤੇ ਕੇਂਦਰ, ਹਰਿਆਣਾ ਤੇ BBMB ਨੇ ਕੀਤਾ ਪੰਜਾਬ ਦਾ ਵਿਰੋਧ

ਚੰਡੀਗੜ੍ਹ (ਗੰਭੀਰ) : ਕੇਂਦਰ, ਹਰਿਆਣਾ ਸਰਕਾਰ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਉਸ ਅਰਜ਼ੀ ਦਾ ਵਿਰੋਧ ਕੀਤਾ, ਜਿਸ ’ਚ ਅਦਾਲਤ ਦੇ 6 ਮਈ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ, ਜਿਸਨੇ ਭਾਖੜਾ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਰਸਤਾ ਸਾਫ਼ ਕਰ ਦਿੱਤਾ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੀ ਬੈਂਚ ਨੇ ਧਿਰਾਂ ਨੂੰ ਵਿਸਥਾਰ ਨਾਲ ਸੁਣਨ ਤੋਂ ਬਾਅਦ ਹੁਕਮ ਸੁਰੱਖਿਅਤ ਰੱਖ ਲਿਆ। ਕੇਂਦਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸਿੱਖ ਆਗੂ ਨੇ ਭਾਈ ਕੱਨ੍ਹਈਆ ਨਾਮ ਦੇ ਇੱਕ ਵਿਅਕਤੀ ਨੂੰ ਜੰਗ ਦੇ ਮੈਦਾਨ ਵਿਚ ਉਸਦੇ ਕੰਮਾਂ ਬਾਰੇ ਸ਼ਿਕਾਇਤਾਂ ਦੱਸਣ ਲਈ ਬੁਲਾਇਆ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਬਹਾਦਰ ਸਿੱਖ ਕਹਿ ਰਹੇ ਹਨ ਕਿ ਤੁਸੀਂ ਜਾਓ ਅਤੇ ਦੁਸ਼ਮਣਾਂ ਨੂੰ ਪਾਣੀ ਪਿਲਾਓ ਅਤੇ ਉਹ ਮੁੜ ਉਨ੍ਹਾਂ ਨਾਲ ਲੜਨ ਲਈ ਤਿਆਰ ਹੋ ਜਾਣਗੇ। ਭਾਈ ਕੱਨ੍ਹਈਆ ਨੇ ਜਵਾਬ ਦਿੱਤਾ ਕਿ ਹਾਂ ਗੁਰੂ ਜੀ, ਉਹ ਜੋ ਕਹਿੰਦੇ ਹਨ ਉਹ ਸੱਚ ਹੈ। ਪਰ ਮਹਾਰਾਜ, ਮੈਂ ਜੰਗ ਦੇ ਮੈਦਾਨ ਵਿਚ ਕੋਈ ਮੁਗਲ ਜਾਂ ਸਿੱਖ ਨਹੀਂ ਦੇਖਿਆ। ਮੈਂ ਤਾਂ ਸਿਰਫ਼ ਮਨੁੱਖ ਹੀ ਦੇਖੇ। ਗੁਰੂ ਜੀ ਇਸ ਜਵਾਬ ਤੋਂ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਭਾਈ ਕੱਨ੍ਹਈਆ ਜੀ ਨੂੰ ਔਸ਼ਧੀ ਮੱਲ੍ਹਮ ਵੀ ਦਿੱਤੀ ਅਤੇ ਕਿਹਾ ਕਿ ਹੁਣ ਤੁਹਾਨੂੰ ਇਹ ਮੱਲ੍ਹਮ ਉਨ੍ਹਾਂ ਸਾਰਿਆਂ ਦੇ ਜ਼ਖ਼ਮਾਂ ’ਤੇ ਲਗਾਉਣੀ ਚਾਹੀਦੀ ਹੈ, ਜਿਨ੍ਹਾਂ ਨੂੰ ਇਸਦੀ ਲੋੜ ਹੈ।

ਕੇਂਦਰ ਸਰਕਾਰ ਦੇ ਰਵੱਈਏ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਦੋ ਅਧਿਕਾਰੀ 2 ਮਈ ਦੀ ਮੀਟਿੰਗ ਵਿਚ ਸ਼ਾਮਲ ਹੋਏ ਸਨ (ਜਿੱਥੇ ਕੇਂਦਰ ਸਰਕਾਰ ਨੇ ਕਥਿਤ ਤੌਰ ’ਤੇ ਹਰਿਆਣਾ ਨੂੰ ਪਾਣੀ ਦਾ ਵਾਧੂ ਹਿੱਸਾ ਅਲਾਟ ਕਰਨ ਦਾ ਫ਼ੈਸਲਾ ਕੀਤਾ ਸੀ) ਅਤੇ ਅੱਜ ਤੱਕ ਕੋਈ ਵੀ ਇਸ ’ਤੇ ਵਿਵਾਦ ਕਰਨ ਲਈ ਅੱਗੇ ਨਹੀਂ ਆਇਆ। ਉਨ੍ਹਾਂ ਦੇ ਨਜ਼ਰੀਏ ਨੂੰ ਰਿਕਾਰਡ ਕੀਤਾ ਗਿਆ ਅਤੇ ਉਨ੍ਹਾਂ ਨੇ ਅਸਹਿਮਤੀ ਨਹੀਂ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦਾ, ਇਸੇ ਲਈ ਉਹ ਹੁਕਮ ਨੂੰ ਵਾਪਸ ਲੈਣ ਲਈ ਮਜਬੂਰ ਹੋਏ ਹਨ, ਪੰਜਾਬ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੰਸਥਾਗਤ ਤੌਰ ’ਤੇ ਧਮਕਾਇਆ ਗਿਆ ਹੈ, ਜਦੋਂ ਕਿ ਪੰਜਾਬ, ਹਰਿਆਣਾ, ਕੇਂਦਰ ਨੂੰ ਧਮਕਾ ਰਿਹਾ ਹੈ।


author

Babita

Content Editor

Related News