ਕਰੰਟ ਲੱਗਣ ਨਾਲ ਆਟੋ ਚਾਲਕ ਦੀ ਮੌਤ ਦੇ ਮਾਮਲੇ ''ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
Tuesday, Jun 24, 2025 - 05:47 PM (IST)

ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਮੌਲੀ ਜਾਗਰਾਂ ਪਾਰਕ ਨੇੜੇ ਇਕ ਆਟੋ ਚਾਲਕ ਦੀ ਮੌਤ ਦੇ ਮਾਮਲੇ ਦਾ ਸਵੈ ਨੋਟਿਸ ਲਿਆ ਹੈ। ਚੇਅਰਪਨ ਜਸਟਿਸ ਸੰਤ ਪਰਕਾਸ਼ ਦੀ ਅਗਵਾਈ ਵਾਲੇ ਕਮਿਸ਼ਨ ਨੇ ਇਕ ਰੋਜ਼ਾਨਾ ਅਖ਼ਬਾਰ ‘ਚ ਪ੍ਰਕਾਸ਼ਿਤ ਖ਼ਬਰ ਦੇ ਅਧਾਰ 'ਤੇ ਮਾਮਲੇ ਦਾ ਸਵੈ-ਨੋਟਿਸ ਲਿਆ ਹੈ। ਜਿਸ ਅਨੁਸਾਰ ਮੌਲੀ ਜਾਗਰਾਂ ਪਾਰਕ ਨੇੜੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਵਾਲੇ ਜੰਕਸ਼ਨ ਬਾਕਸ ਕਾਰਨ ਇਕ ਆਟੋ ਚਾਲਕ ਦੀ ਕੰਰਟ ਲੱਗਣ ਕਾਰਨ ਮੌਤ ਹੋ ਗਈ ਸੀ।
ਇਸ ਮਾਮਲੇ ’ਚ ਸੋਓ ਮੋਟੋ ਨੋਟਿਸ ਲੈਂਦਿਆਂ ਕਮਿਸ਼ਨ ਨੇ ਨਿਗਮ ਕਮਿਸ਼ਨਰ ਨੂੰ ਮਾਮਲੇ ਦੀ ਅਗਲੀ ਸੁਣਵਾਈ 15 ਜੁਲਾਈ ਤੋਂ ਪਹਿਲਾਂ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਵਲੋਂ ਇਹ ਜਾਣਕਾਰੀ ਯੂ.ਟੀ. ਚੰਡੀਗੜ੍ਹ ਦੇ ਮੁਖ ਸਕੱਤਰ ਨੂੰ ਵੀ ਭੇਜੀ ਗਈ ਹੈ।