ਭਾਜਪਾ ਆਗੂ ਤਰੁਣ ਚੁੱਘ ਨੇ ਅਗਨੀਪਥ ਸਕੀਮ 'ਚ ਸਹਿਯੋਗ ਨਾ ਕਰਨ 'ਤੇ ਘੇਰੀ ਪੰਜਾਬ ਸਰਕਾਰ
Wednesday, Sep 14, 2022 - 04:16 PM (IST)
ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ‘ਆਪ’ ਸਰਕਾਰ ਦੇ ਅਗਨੀਪਥ ਸਕੀਮ ਤਹਿਤ ਭਰਤੀਆਂ 'ਤੇ ਅਪਣਾਏ ਜਾ ਰਹੇ ਰਵੱਈਏ ਅਤੇ ਸੂਬੇ ਦੇ ਨੌਜਵਾਨਾਂ ਨੂੰ ਇਸ ਦੇ ਲਾਭ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦੇ ਜੋਸ਼ ਅਤੇ ਬਹਾਦਰੀ ਸਦਕਾ ਫੌਜ ਵਿੱਚ ਸੇਵਾ ਕਰਨ ਲਈ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਇਹ ਜਾਣ ਕੇ ਹੈਰਾਨੀ ਹੋਈ ਕਿ 'ਆਪ' ਸਰਕਾਰ ਨੇ ਜਾਣਬੁੱਝ ਕੇ ਕੇਂਦਰ ਦੀ ਸਕੀਮ ਨੂੰ ਨਾਕਾਮ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਫਸਲੀ ਬੀਮਾਰੀ ਕਾਰਨ 3.50 ਏਕੜ ਤਬਾਹ ਹੋਈ ਝੋਨੇ ਦੀ ਫ਼ਸਲ, ਵਾਹੁਣ ਲਈ ਮਜਬੂਰ ਹੋਏ ਕਿਸਾਨ
ਇਹ ਨਾ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਅਗਨੀਪਥ ਸਕੀਮ ਤਹਿਤ ਰੁਜ਼ਗਾਰ ਪ੍ਰਾਪਤ ਕਰਨ ਤੋਂ ਵਾਂਝਾ ਰੱਖੇਗਾ ਸਗੋਂ ਉਨ੍ਹਾਂ ਅੰਦਰ ਨਿਰਾਸ਼ਾ ਵੀ ਫੈਲਾਏਗਾ। ਚੁੱਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜਾਣਬੁੱਝ ਕੇ ਸਹਿਯੋਗ ਨਾ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ 'ਆਪ' ਸਰਕਾਰ ਦੇ ਝੂਠੇ ਅਤੇ ਧੋਖੇ ਭਰੇ ਪ੍ਰਚਾਰ ਦਾ ਵੀ ਪਰਦਾਫਾਸ਼ ਕਰੇਗਾ ਅਤੇ ਇਹ ਸੂਬੇ ਦੇ ਨੌਜਵਾਨਾਂ ਨਾਲ ਘੋਰ ਧੋਖਾ ਹੋਵੇਗਾ।