ਝੋਟਾ ਕਾਂਡ ਕਤਲ ਦੇ ਵਿਰੋਧ ’ਚ ਭਾਜਪਾ ਵੱਲੋਂ ਪੰਜਾਬ ਭਰ ’ਚ 36 ਥਾਵਾਂ ਦੇ ਰੋਸ ਮੁਜ਼ਾਹਰੇ

Wednesday, Oct 14, 2026 - 10:41 PM (IST)

ਝੋਟਾ ਕਾਂਡ ਕਤਲ ਦੇ ਵਿਰੋਧ ’ਚ ਭਾਜਪਾ ਵੱਲੋਂ ਪੰਜਾਬ ਭਰ ’ਚ 36 ਥਾਵਾਂ ਦੇ ਰੋਸ ਮੁਜ਼ਾਹਰੇ

ਚੰਡੀਗੜ੍ਹ (ਅੰਕੁਰ) : ਮਾਨਸਾ ’ਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਲਾਈਵ ਦੌਰਾਨ ਕੀਤੇ ਗਏ ਕਤਲ ਦੇ ਵਿਰੋਧ ’ਚ ਭਾਜਪਾ ਪੰਜਾਬ ਭਰ ’ਚ ਸੜਕਾਂ ਉੱਤੇ ਉਤਰੀ। ਜਨਰਲ ਸਕੱਤਰ ਅਨਿਲ ਸਰੀਨ ਦੇ ਦੱਸਿਆ ਕਿ ਪਾਰਟੀ ਵੱਲੋਂ ਸੂਬੇ ਦੇ 36 ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ-ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਾਂ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਭੇਜੇ ਗਏ । ਇਨ੍ਹਾਂ ਮੰਗ ਪੱਤਰਾਂ ’ਚ ਭਾਜਪਾ ਨੇ ਇਸ ਕਤਲ ਕਾਂਡ ਦੀ ਨਿਰਪੱਖ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਭਾਜਪਾ ਨੇ ਮੰਗ ਪੱਤਰ ’ਚ ਕਿਹਾ ਕਿ ਪਰਵਿੰਦਰ ਸਿੰਘ ਲੰਬੇ ਸਮੇਂ ਤੋਂ ਮਾਨਸਾ ’ਚ ਨਸ਼ਾ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਉਠਾ ਰਹੇ ਸਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ’ਚੋਂ ਬਚਾਉਣ ਲਈ ਲਗਾਤਾਰ ਮੁਹਿੰਮ ਚਲਾਈ। 13 ਅਕਤੂਬਰ ਨੂੰ ਉਨ੍ਹਾਂ ਦੀ ਸ਼ਰ੍ਹੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੇ ਕਤਲ ਨੇ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਨੇ ਬਿਆਨ ’ਚ ਸਥਾਨਕ ਵਿਧਾਇਕ ਦਾ ਨਾਂ ਲਿਆ ਹੈ, ਜੋ ਗੰਭੀਰ ਮਾਮਲਾ ਹੈ। ਇਸ ਤੋਂ ਇਲਾਵਾ ਚਸ਼ਮਦੀਦਾਂ ਅਨੁਸਾਰ ਹਮਲਾਵਰ ਨੇ ਗੋਲੀ ਚਲਾਉਣ ਤੋਂ ਠੀਕ ਪਹਿਲਾਂ ਫ਼ੋਨ ’ਤੇ ਕਿਸੇ ਨਾਲ ਗੱਲਬਾਤ ਕੀਤੀ ਸੀ। ਅਜਿਹੇ ’ਚ ਇਹ ਕਤਲ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਪਾਰਟੀ ਨੇ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉਠਾਉਂਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।

PunjabKesari

ਭਾਜਪਾ ਨੇ ਰਾਜਪਾਲ ਤੋਂ ਕੀਤੀਆਂ ਇਹ 5 ਮੰਗਾਂ
-ਸੀਬੀਆਈ ਜਾਂਚ: ਇਸ ਕਤਲ ਕਾਂਡ ਦੀ ਜਾਂਚ ਤੁਰੰਤ ਸੀਬੀਆਈ ਨੂੰ ਸੌਂਪੀ ਜਾਵੇ।
-ਡਿਜੀਟਲ ਸਬੂਤ ਸੁਰੱਖਿਅਤ ਕੀਤੇ ਜਾਣ: ਹਮਲਾਵਰ ਦੇ ਕਾਲ ਰਿਕਾਰਡ, ਵਟਸਐਪ ਚੈਟ, ਸੀਸੀਟੀਵੀ ਫੁਟੇਜ ਤੇ ਫੇਸਬੁੱਕ ਲਾਈਵ ਸਟ੍ਰੀਮ ਸਮੇਤ ਸਾਰੇ ਡਿਜੀਟਲ ਸਬੂਤ ਤੁਰੰਤ ਸੁਰੱਖਿਅਤ ਕੀਤੇ ਜਾਣ।
-ਪੀੜਤ ਪਰਿਵਾਰ ਨੂੰ ਸੁਰੱਖਿਆ: ਪੀੜਤ ਪਰਿਵਾਰ ਖ਼ਾਸ ਤੌਰ ’ਤੇ ਨਾਬਾਲਗ ਬੱਚਿਆਂ ਨੂੰ ਤੁਰੰਤ ਪੁਲਿਸ ਸੁਰੱਖਿਆ ਦਿੱਤੀ ਜਾਵੇ।
-ਨਸ਼ਾ ਤਸਕਰੀ ਦੇ ਨੈੱਟਵਰਕ ਦੀ ਜਾਂਚ: ਪੰਜਾਬ ’ਚ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਤੇ ਇਸ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
-ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ: ਇਸ ਅਪਰਾਧ ’ਚ ਸ਼ਾਮਲ ਹਰ ਵਿਅਕਤੀ ਵਿਰੁੱਧ ਬਿਨਾਂ ਕਿਸੇ ਸਿਆਸੀ ਦਬਾਅ ਦੇ ਸਖ਼ਤ ਕਾਰਵਾਈ ਕੀਤੀ ਜਾਵੇ।

PunjabKesari

ਵਿਗੜਦੀ ਕਾਨੂੰਨ-ਵਿਵਸਥਾ ਦਾ ਸਭ ਤੋਂ ਵੱਡਾ ਸਬੂਤ ਹੈ ਕਤਲ ਕਾਂਡ: ਭਾਜਪਾ
ਭਾਜਪਾ ਨੇ ਇਸ ਕਤਲ ਕਾਂਡ ਨੂੰ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਤੇ ਨਸ਼ਾ ਤਸਕਰੀ ਦੇ ਗੱਠਜੋੜ ਦਾ ਸਭ ਤੋਂ ਵੱਡਾ ਸਬੂਤ ਦੱਸਿਆ। ਪਾਰਟੀ ਦਾ ਦੋਸ਼ ਹੈ ਕਿ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਨੂੰ ਸ਼ਰੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਪਾਰਟੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀ ਦੀ ਹੱਤਿਆ ਲੋਕਤੰਤਰ ’ਤੇ ਹਮਲਾ ਹੈ। ਰਾਜਪਾਲ ਨੂੰ ਇਸ ਮਾਮਲੇ ’ਚ ਤੁਰੰਤ ਦਖ਼ਲ ਦੇ ਕੇ ਸੂਬੇ ’ਚ ਕਾਨੂੰਨ ਦਾ ਰਾਜ ਸਥਾਪਤ ਕਰਵਾਉਣਾ ਚਾਹੀਦਾ ਹੈ।

PunjabKesari

PunjabKesari
 


author

Inder Prajapati

Content Editor

Related News