ਭਾਰਤ ’ਚ ਜੀ 20 ’ਚ ਟਰੂਡੋ ਦਾ ਸਨਮਾਨ, ਉੱਧਰ ਖਾਲਿਸਤਾਨੀ ਅੱਤਵਾਦੀ ਪੰਨੂ ਨੇ ਕੈਨੇਡਾ ’ਚ ਲਗਾਏ ਭਾਰਤ ਵਿਰੋਧੀ ਨਾਅਰੇ
Tuesday, Sep 12, 2023 - 12:19 PM (IST)

ਜਲੰਧਰ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਨੇਤਾਵਾਂ ਦੇ ਸੰਮੇਲਨ ’ਚ ਜਦੋਂ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਉਥੇ ਭਾਰਤ ਵਿਰੋਧੀ ਸਰਗਰਮੀਆਂ ਦਾ ਵਿਰੋਧ ਪ੍ਰਗਟਾ ਰਹੇ ਸਨ, ਠੀਕ ਉਸੇ ਸਮੇਂ ਹੀ ਕੈਨੇਡਾ ’ਚ ਖਾਲਿਸਤਾਨੀ ਰਾਇਸ਼ੁਮਾਰੀ (ਰੈਫਰੈਂਡਮ) ਕਰਵਾਈ ਜਾ ਰਹੀ ਸੀ। ਮੀਡੀਆ ਰਿਪੋਰਟ ਮੁਤਾਬਕ ਸਿੱਖ ਫਾਰ ਜਸਟਿਸ ਦੇ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਸ ਰਾਇਸ਼ੁਮਾਰੀ ਵਿਚ ਹਿੱਸਾ ਲਿਆ। ਇਸ ਦੌਰਾਨ ਪੰਨੂੰ ਨੇ ਭੜਕਾਊ ਭਾਸ਼ਣ ਵੀ ਦਿੱਤਾ। ਉਸ ਨੇ ਭਾਰਤ ਦੇ ਟੁਕੜੇ-ਟੁਕੜੇ ਹੋਣਗੇ ਦੇ ਨਾਅਰੇ ਲਗਵਾਏ। ਇੰਨਾ ਹੀ ਨਹੀਂ ਪੰਨੂ ਨੇ ਪੀ.ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਗਿੱਦੜਭਬਕੀ ਦਿੱਤੀ। ਪੰਨੂ ਨਾਲ ਸੁਰੱਖਿਆ ਗਾਰਡਾਂ ਦੀ ਪੂਰੀ ਟੀਮ ਵੀ ਮੌਜੂਦ ਸੀ। ਅਜਿਹੇ ’ਚ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੈਨੇਡਾ ਭਾਰਤ ਵੱਲੋਂ ਐਲਾਨੇ ਗਏ ਅੱਤਵਾਦੀ ਨੂੰ ਸੁਰੱਖਿਆ ਦੇ ਰਿਹਾ ਹੈ।
ਬੀ. ਸੀ. ਗੁਰਦੁਆਰਾ ਕੌਂਸਲ ਨੇ ਰਾਇਸ਼ੁਮਾਰੀ ਨੂੰ ਕੀਤਾ ਰੱਦ
ਖਾਲਿਸਤਾਨ ਦੇ ਸਮਰਥਨ ’ਤੇ ਵੋਟਿੰਗ ਐਤਵਾਰ ਨੂੰ ਉਸ ਗੁਰੂ ਨਾਨਕ ਗੁਰਦੁਆਰੇ ’ਚ ਹੋਈ ਸੀ, ਜਿਥੇ ਜੂਨ ’ਚ ਇਸ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਹਿਲਾਂ ਰਾਇਸ਼ੁਮਾਰੀ ਲਈ ਵੋਟਿੰਗ ਸਰੀ ਦੇ ਇਕ ਸਕੂਲ ਵਿਚ ਹੋਣੀ ਸੀ ਪਰ ਸਬੰਧਤ ਵਸਨੀਕਾਂ ਵੱਲੋਂ ਪੋਸਟਰਾਂ ’ਤੇ ਹਥਿਆਰਾਂ ਦੀਆਂ ਤਸਵੀਰਾਂ ਸਕੂਲ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਰਿਪੋਰਟ ਅਨੁਸਾਰ ਖਾਲਿਸਤਾਨੀ ਰਾਇਸ਼ੁਮਾਰੀ ਕੈਨੇਡੀਅਨ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਅਤੇ ਕੇ.ਟੀ.ਐੱਫ. ਦੇ ਮੁੱਖ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਸਮਰਪਿਤ ਸੀ, ਜੋ ਸਰੀ ਅਤੇ ਨੇੜਲੇ ਇਲਾਕਿਆਂ ਦੀ ਸਿੱਖ ਆਬਾਦੀ ਨੂੰ ਸ਼ਾਮਲ ਕਰਨ ’ਚ ਅਸਫਲ ਰਹੀ। ਕੈਨੇਡੀਅਨ ਸਿੱਖਾਂ ਅਤੇ ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਇਸ ਰਾਇਸ਼ੁਮਾਰੀ ਨੂੰ ਰੱਦ ਕਰ ਦਿੱਤਾ ਗਿਆ । ਬੀ. ਸੀ. ਗੁਰਦੁਆਰਾ ਕੌਂਸਲ 8 ਖਾਲਿਸਤਾਨੀ ਗੁਰਦੁਆਰਿਆਂ ਦੀ ਇਕ ਸੰਸਥਾ ਹੈ।
ਲੋਕਾਂ ਨੂੰ ਡਰਾਇਆ
ਇਸ ਗੈਰ-ਕਾਨੂੰਨੀ ਰਾਇਸ਼ੁਮਾਰੀ ਦੇ ਮੁੱਖ ਸਮਰਥਕ ਗੁਰੂ ਨਾਨਕ ਗੁਰਦੁਆਰਾ, ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰਦੁਆਰਾ ਬੰਦਾ ਬਹਾਦਰ ਐਬਟਸਫੋਰਡ ਸਨ। ਇਸ ਲਈ ਇਸ ਗੈਰ-ਕਾਨੂੰਨੀ ਸਰਗਰਮੀ ਨੂੰ ਲੋਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਅਜਿਹੀਆਂ ਖਬਰਾਂ ਹਨ ਕਿ ਪ੍ਰਬੰਧਕਾਂ ਨੇ ਬੇਘਰ ਲੋਕਾਂ ਅਤੇ ਵਿਦਿਆਰਥੀਆਂ ਨੂੰ ਮੁਫਤ ਭੋਜਨ ਦੇ ਕੇ ਗੈਰ-ਕਾਨੂੰਨੀ ਰਾਇਸ਼ੁਮਾਰੀ ਵਿਚ ਹਿੱਸਾ ਲੈਣ ਦਾ ਲਾਲਚ ਦਿੱਤਾ ਸੀ। ਜਿਹੜੇ ਲੋਕ ਹਰ ਰੋਜ ਗੁਰਦੁਆਰੇ ਆਉਂਦੇ ਹਨ, ਉਨ੍ਹਾਂ ਨੂੰ ਕਥਿਤ ਤੌਰ ’ਤੇ ‘ਖਾਲਿਸਤਾਨ’ ਦੇ ਹੱਕ ਵਿਚ ਵੋਟ ਪਾਉਣ ਲਈ ਡਰਾਇਆ ਅਤੇ ਧਮਕਾਇਆ ਗਿਆ।
ਇਹ ਪੂਰੀ ਕਾਰਵਾਈ ਪ੍ਰਬੰਧਕਾਂ ਲਈ ਅਪਮਾਨਜਨਕ ਸਾਬਤ ਹੋਈ ਕਿਉਂਕਿ ਅਮਰੀਕਾ, ਯੂ. ਕੇ. ਅਤੇ ਕੈਨੇਡਾ ਦੇ ਖਾਲਿਸਤਾਨੀਆਂ, ਬੇਘਰੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦੇਣ ਦੇ ਬਾਵਜੂਦ ਪ੍ਰਬੰਧਕ ਵੱਡੀ ਭੀੜ ਨਹੀਂ ਇਕੱਠੀ ਕਰ ਸਕੇ, ਜਿੰਨਾਂ ਉਹ ਦਾਅਵਾ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਫਰਜ਼ੀ ਰਾਇਸ਼ੁਮਾਰੀ ਦੀ ਅਸਫਲਤਾ ਕਾਰਨ ਹੁਣ ਪ੍ਰਬੰਧਕ ਆਪਣੀ ਸਾਕ ਬਚਾਉਣ ਲਈ 29 ਅਕਤੂਬਰ, 2023 ਨੂੰ ਇਕ ਹੋਰ ਰਾਇਸ਼ੁਮਾਰੀ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਮੋਰੱਕੋ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 2,681, ਰਾਹਤ ਤੇ ਬਚਾਅ ਕੰਮ ਜਾਰੀ (ਤਸਵੀਰਾਂ)
ਪੀ. ਐੱਮ. ਮੋਦੀ ਨੇ ਚੁੱਕਿਆ ਖਾਲਿਸਤਾਨ ਦਾ ਮੁੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨਾਲ ਦੋ-ਪੱਖੀ ਮੀਟਿੰਗ ਵੀ ਕੀਤੀ। ਸੂਤਰਾਂ ਮੁਤਾਬਕ ਪੀ.ਐੱਮ. ਮੋਦੀ ਨੇ ਇਸ ਦੌਰਾਨ ‘ਖਾਲਿਸਤਾਨ’ ਦਾ ਮੁੱਦਾ ਵੀ ਚੁੱਕਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕੈਨੇਡਾ ’ਚ ਭਾਰਤ ਵਿਰੋਧੀ ਤਾਕਤਾਂ ’ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਹਾਲਾਂਕਿ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਵਿਚ ਪੀ.ਐੱਮ. ਮੋਦੀ ਨਾਲ ਕਈ ਵਾਰ ਇਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਹੈ। ਕੈਨੇਡਾ ਹਮੇਸ਼ਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਵਿਰੋਧ ਦੀ ਆਜ਼ਾਦੀ ਦੀ ਰੱਖਿਆ ਕਰੇਗਾ, ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ।
ਤਿਰੰਗੇ ਦਾ ਫਿਰ ਅਪਮਾਨ
ਰਾਇਸ਼ੁਮਾਰੀ ਲਈ ਆਏ ਖਾਲਿਸਤਾਨੀਆਂ ਨੇ ਇਕ ਵਾਰ ਫਿਰ ਘਟਨਾ ਵਾਲੀ ਥਾਂ ’ਤੇ ਤਿਰੰਗੇ ਦਾ ਅਪਮਾਨ ਕੀਤਾ, ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ’ਚ ਕੁਝ ਨਕਾਬਪੋਸ਼ ਖਾਲਿਸਤਾਨੀ ਤਿਰੰਗੇ ਨੂੰ ਅੱਗ ਲਗਾਉਂਦੇ ਨਜ਼ਰ ਆ ਰਹੇ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਰਾਇਸ਼ੁਮਾਰੀ ਦਾ ਪ੍ਰੋਗਰਾਮ ਫਿੱਕਾ ਹੀ ਰਿਹਾ ਕਿਉਂਕਿ ਖਾਲਿਸਤਾਨੀਆਂ ਨੇ ਦਾਅਵਾ ਕੀਤਾ ਸੀ ਕਿ 1 ਲੱਖ ਤੋਂ ਵੱਧ ਲੋਕ ਸਮਾਗਮ ਵਾਲੀ ਥਾਂ ’ਤੇ ਪਹੁੰਚ ਚੁੱਕੇ ਸਨ, ਜਦ ਕਿ ਕੁਝ ਹੀ ਖਾਲਿਸਤਾਨੀ ਸਮਰਥਕ ਹੀ ਉਥੇ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।