ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਨੇ ‘ਆਦਿਪੁਰਸ਼’ ਨੂੰ ਲੈ ਕੇ ਅਨੁਰਾਗ ਠਾਕੁਰ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

06/29/2023 8:27:00 PM

ਇੰਟਰਨੈਸ਼ਨਲ ਡੈਸਕ : ਓਮ ਰਾਊਤ ਦੇ ਨਿਰਦੇਸ਼ਨ ’ਚ ਬਣੀ ਬਾਲੀਵੁੱਡ ਫ਼ਿਲਮ ‘ਆਦਿਪੁਰਸ਼’ ਦਾ ਦੇਸ਼ ਤੋਂ ਬਾਅਦ ਵਿਦੇਸ਼ਾਂ ’ਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਨੂੰ ਬੈਨ ਕਰਨ ਦੀ ਮੰਗ ਉੱਠਣ ਲੱਗੀ ਹੈ। ਹੁਣ ਇਸ ਫ਼ਿਲਮ ਖ਼ਿਲਾਫ਼ ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਕੈਨੇਡਾ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਇਸ ਫ਼ਿਲਮ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਕੈਨੇਡਾ ਦੇ ਮੈਂਬਰਾਂ ਬਲਰਾਮ ਕ੍ਰਿਸ਼ਨ, ਡਾਲਰ ਬਾਂਸਲ, ਨਵਨੀਤ ਅਰੋੜਾ, ਸੌਰਵ ਕਪੂਰ, ਮਾਨਯਤਾ ਵਰਮਾ, ਤਰੁਣ ਸੈਣੀ, ਈਸ਼ਾਨ ਵਰਮਾ, ਅਮਰਦੀਪ ਕੌਰ, ਅਭਿਸ਼ੇਕ ਅਵਸਥੀ ਤੇ ਸ਼ਿਵਾਨੀ ਬਾਂਸਲ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖਦਿਆਂ ਕਿਹਾ ਕਿ ਇਸ ਫ਼ਿਲਮ ਨਾਲ ਦੁਨੀਆ ਭਰ ਵਿਚ ਵਸਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ’ਚ ਸਾਡੀ ਫਾਊਂਡੇਸ਼ਨ ਦੇ ਕਈ ਮੈਂਬਰ ਵੀ ਸ਼ਾਮਲ ਹਨ, ਜੋ ਵੱਖ-ਵੱਖ ਧਾਰਮਿਕ ਪਿਛੋਕੜ ਨਾਲ ਸਬੰਧਿਤ ਹਨ।

ਫਾਊਂਡੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਓਮ ਰਾਊਤ ਵੱਲੋਂ ਨਿਰਦੇਸ਼ਿਤ ਫ਼ਿਲਮ ‘ਆਦਿਪੁਰਸ਼’ ਹਿੰਦੂ ਮਹਾਕਾਵਿ ਰਾਮਾਇਣ ’ਤੇ ਆਧਾਰਿਤ ਹੈ। ਅਸੀਂ ਹਿੰਦੂ ਧਰਮ ਗ੍ਰੰਥਾਂ ਤੇ ਪੌਰਾਣਿਕ ਕਥਾਵਾਂ ਨੂੰ ਪਵਿੱਤਰ ਤੇ ਅਧਿਆਤਮਿਕ ਰੂਪ ’ਚ ਬਹੁਤ ਮਹੱਤਵਪੂਰਣ ਮੰਨਦਿਆਂ ਬਹੁਤ ਸਨਮਾਨ ਕਰਦੇ ਹਾਂ ਪਰ ਇਸ ਫ਼ਿਲਮ ’ਚ ਪਾਤਰਾਂ ਵੱਲੋਂ ਬੋਲੇ ਗਏ ਡਾਇਲਾਗਜ਼, ਜਿਵੇਂ ਭਗਵਾਨ ਹਨੂੰਮਾਨ ਦੇ ਚਰਿੱਤਰ ਨਾਲ ਸਬੰਧਤ ਡਾਇਲਾਗ ‘ਤੇਲ ਤੇਰੇ ਬਾਪ ਕਾ, ਕਪੜਾ ਤੇਰੇ ਬਾਪ ਕਾ, ਆਗ ਤੇਰੇ ਬਾਪ ਕੀ, ਜਲੇਗੀ ਤੇਰੇ ਬਾਪ ਕੀ ਤੇ ਜੋ ਹਮਾਰੀ ਬਹਿਨੋਂ ਕੋ ਹਾਥ ਲਗਾਏਗਾ, ਉਨਕੀ ਲੰਕਾ ਲਗਾ ਦੇਗੇਂ ਆਦਿ ਨਾਲ ਦੁਨੀਆ ਦੇ ਹਰ ਕੋਨੇ ’ਚ ਵਸਦੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਟ੍ਰਿਲੀਅਮ ਕਮਿਊਨਿਟੀ ਹੈਲਪ ਫਾਊਂਡੇਸ਼ਨ ਨੇ ਇਸ ਫ਼ਿਲਮ ਨੂੰ ਲੈ ਕੇ ਡੂੰਘੀ ਚਿੰਤਾ ਜਤਾਉਂਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਇਸ ਫ਼ਿਲਮ ’ਤੇ ਦੁਨੀਆ ਭਰ ’ਚ ਬੈਨ ਕਰਨ ਦੀ ਮੰਗ ਕੀਤੀ ਹੈ। 


Manoj

Content Editor

Related News