ਟੋਰਾਂਟੋ 'ਚ 6 ਜੁਲਾਈ ਤੋਂ ਕੱਟੇ ਜਾਣਗੇ ਭਾਰੀ ਚਾਲਾਨ, ਸੋਚ-ਸਮਝ ਕੇ ਦੌੜਾਉਣਾ ਗੱਡੀ

06/27/2020 9:22:54 PM

ਟੋਰਾਂਟੋ : 6 ਜੁਲਾਈ ਤੋਂ ਸ਼ਹਿਰ ਭਰ ਦੇ ਸਪੀਡ ਕੈਮਰੇ ਉਨ੍ਹਾਂ ਡਰਾਈਵਰਾਂ ਨੂੰ ਚਾਲਾਨ ਜਾਰੀ ਕਰਨਾ ਸ਼ੁਰੂ ਕਰ ਦੇਣਗੇ ਜੋ ਸਕੂਲਾਂ ਜਾਂ ਸਪੀਡ ਲਿਮਟ ਵਾਲੇ ਨਿਰਧਾਰਤ ਖੇਤਰਾਂ ਨੇੜੇ ਬਹੁਤ ਤੇਜ਼ੀ ਨਾਲ ਗੱਡੀ ਦੌੜਾਉਂਦੇ ਫੜੇ ਜਾਣਗੇ। ਸ਼ਹਿਰ ਵਿਚ ਤਕਰੀਬਨ 50 ਥਾਵਾਂ 'ਤੇ ਕੈਮਰੇ ਲਗਾਏ ਗਏ ਹਨ, ਜਿੱਥੇ ਸਪੀਡ ਘੱਟ ਰੱਖਣੀ ਜ਼ਰੂਰੀ ਹੈ।

ਡਰਾਈਵਰਾਂ ਨੂੰ ਕੈਮਰਿਆਂ ਪ੍ਰਤੀ ਸੁਚੇਤ ਕਰਨ ਲਈ ਸਾਈਨ ਬੋਰਡ ਲਗਾਏ ਗਏ ਹਨ। ਇਸ ਦੇ ਬਾਵਜੂਦ ਵੀ ਜੇਕਰ ਕੋਈ ਡਰਾਈਵਰ ਉਨ੍ਹਾਂ ਖੇਤਰਾਂ ਵਿਚ ਨਿਰਧਾਰਤ ਰਫਤਾਰ ਤੋਂ ਵੱਧ ਤੇਜ਼ੀ ਨਾਲ ਗੱਡੀ ਲੈ ਕੇ ਲੰਘਦਾ ਹੈ ਤਾਂ ਉਸ ਨੂੰ ਚਾਲਾਨ ਆਪਣੇ-ਆਪ ਜਾਰੀ ਹੋਵੇਗਾ, ਫਿਰ ਚਾਹੇ ਵਾਹਨ ਨੂੰ ਚਲਾਉਣ ਵਾਲਾ ਕੋਈ ਵੀ ਹੋਵੇ। 

ਇੰਨਾ ਹੋਵੇਗਾ ਜੁਰਮਾਨਾ-
ਸਾਈਨ ਬੋਰਡ 'ਤੇ ਲਿਖੀ ਵੱਧ ਤੋਂ ਵੱਧ ਰਫਤਾਰ ਤੋਂ ਜੇਕਰ ਕੋਈ 1-19 ਕਿਲੋਮੀਟਰ ਪ੍ਰਤੀ ਘੰਟਾ (ਕੇ. ਪੀ. ਐੱਚ.) ਦੀ ਜ਼ਿਆਦਾ ਸਪੀਡ ਨਾਲ ਵਾਹਨ ਚਲਾ ਰਿਹਾ ਹੋਵੇਗਾ ਤਾਂ ਉਸ ਨੂੰ ਇਸ ਵਾਧੂ ਸਪੀਡ ਲਈ 5 ਡਾਲਰ ਪ੍ਰਤੀ ਕੇ. ਪੀ. ਐੱਚ. ਦੇ ਹਿਸਾਬ ਨਾਲ ਚਾਲਾਨ ਭਰਨਾ ਪਵੇਗਾ। ਇਸੇ ਤਰ੍ਹਾਂ ਸਪੀਡ ਲਿਮਟ ਤੋਂ 20-29 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਰਫਤਾਰ ਨਾਲ ਜਾਣ ਵਾਲੇ ਵਾਹਨ ਡਰਾਈਵਰਾਂ ਨੂੰ 7.50 ਡਾਲਰ ਪ੍ਰਤੀ ਕੇ. ਪੀ. ਐੱਚ. ਦੇ ਹਿਸਾਬ ਨਾਲ ਜੁਰਮਾਨਾ ਹੋਵੇਗਾ।

ਉੱਥੇ ਹੀ, ਸਪੀਡ ਲਿਮਟ ਤੋਂ  30-49 ਕਿਲੋਮੀਟਰ ਪ੍ਰਤੀ ਘੰਟਾ ਦੀ ਜ਼ਿਆਦਾ ਰਫਤਾਰ ਨਾਲ ਜਾਣ ਵਾਲਿਆਂ ਲਈ ਜੁਰਮਾਨਾ 12 ਡਾਲਰ ਪ੍ਰਤੀ ਕੇ. ਪੀ. ਐੱਚ. ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸਪੀਡ ਲਿਮਟ ਤੋਂ 49 ਕਿਲੋਮੀਟਰ ਪ੍ਰਤੀ ਘੰਟੇ ਦੀ ਜ਼ਿਆਦਾ ਰਫਤਾਰ ਨਾਲ ਲੰਘਣ ਵਾਲੇ ਨੂੰ ਆਪਣੇ-ਆਪ ਹੀ 588 ਡਾਲਰ ਦਾ ਚਾਲਾਨ ਜਾਰੀ ਹੋ ਜਾਵੇਗਾ। ਇੰਨਾ ਹੀ ਨਹੀਂ ਸਪੀਡ ਲਿਮਟ ਤੋਂ 50 ਕਿਲੋਮੀਟਰ ਜਾਂ ਇਸ ਤੋਂ ਵੱਧ ਰਫਤਾਰ ਨਾਲ ਜਾਂਦੇ ਫੜੇ ਗਏ ਕਿਸੇ ਵੀ ਵਾਹਨ ਦੇ ਮਾਲਕ ਨੂੰ ਜਸਟਿਸ ਆਫ਼ ਪੀਸ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਜਾਵੇਗਾ।


Sanjeev

Content Editor

Related News