ਲਾਕਡਾਊਨ 'ਚ ਢਿੱਲ ਪਿੱਛੋਂ ਕੈਨੇਡਾ ਦੀ ਆਰਥਿਕਤਾ 4.5 ਫ਼ੀਸਦੀ ਵਧੀ

Saturday, Aug 01, 2020 - 09:50 AM (IST)

ਲਾਕਡਾਊਨ 'ਚ ਢਿੱਲ ਪਿੱਛੋਂ ਕੈਨੇਡਾ ਦੀ ਆਰਥਿਕਤਾ 4.5 ਫ਼ੀਸਦੀ ਵਧੀ

ਓਟਾਵਾ— ਕੋਵਿਡ-19 ਕਾਰਨ ਮਾਰਚ ਅਤੇ ਅਪ੍ਰੈਲ 'ਚ ਸਖ਼ਤ ਤਾਲਾਬੰਦੀ ਹੋਣ ਤੋਂ ਬਾਅਦ ਕਾਰੋਬਾਰ ਮੁੜ ਖੁੱਲ੍ਹਣ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡੀ ਰਾਹਤ ਮਿਲੀ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ 'ਚ ਆਰਥਿਕਤਾ 4.5 ਫ਼ੀਸਦੀ ਦੀ ਦਰ ਨਾਲ ਵਧੀ ਹੈ। ਰਾਸ਼ਟਰੀ ਏਜੰਸੀ ਦਾ ਕਹਿਣਾ ਹੈ ਕਿ ਮਈ 'ਚ ਬਹੁਤ ਸਾਰੇ ਉਦਯੋਗਾਂ ਨੂੰ ਕੋਰੋਨਾ ਵਾਇਰਸ ਪਾਬੰਦੀਆਂ 'ਚ ਢਿੱਲ ਦੇਣ ਨਾਲ ਬੜ੍ਹਤ ਦਰਜ ਹੋਈ ਹੈ।

ਮਈ 'ਚ ਪ੍ਰਚੂਨ ਵਪਾਰ 'ਚ 16.4 ਫੀਸਦੀ ਦਾ ਉਛਾਲ ਦਰਜ ਹੋਇਆ, ਮੋਟਰ ਵਾਹਨ ਅਤੇ ਕਾਰਾਂ ਦੀ ਵਿਕਰੀ ਨੇ ਪ੍ਰਚੂਨ ਵਾਧੇ 'ਚ ਸਭ ਤੋਂ ਵੱਧ ਯੋਗਦਾਨ ਪਾਇਆ।
ਉੱਥੇ ਹੀ, ਜੂਨ ਲਈ ਸ਼ੁਰੂਆਤੀ ਅਨੁਮਾਨ 'ਚ ਏਜੰਸੀ ਦਾ ਕਹਿਣਾ ਹੈ ਕਿ ਇਸ ਮਹੀਨੇ 'ਚ 5 ਫੀਸਦੀ ਦੇ ਗ੍ਰੋਥ ਨਾਲ ਅਰਥਵਿਵਸਥਾ 'ਚ ਵਾਧਾ ਜਾਰੀ ਰਹੇਗਾ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ 'ਚ ਵਿਕਾਸ ਦਰ 'ਚ ਵਾਧੇ ਦੇ ਬਾਵਜੂਦ ਆਰਥਿਕ ਗਤੀਵਿਧੀਆਂ ਮਹਾਮਾਰੀ ਦੇ ਪੱਧਰ ਤੋਂ 15 ਫੀਸਦੀ ਹੇਠਾਂ ਹੀ ਰਹੀਆਂ ਕਿਉਂਕਿ ਕਾਰੋਬਾਰੀ ਗਤੀਵਿਧੀਆਂ ਨੂੰ ਹੌਲੀ-ਹੌਲੀ ਮੁੜ ਚਾਲੂ ਕਰਨ ਦੀ ਆਗਿਆ ਦਿੱਤੀ ਗਈ। ਗੌਰਤਲਬ ਹੈ ਕਿ ਇਕਨੋਮੀ 'ਚ ਸੁਧਾਰ ਦਾ ਮਤਲਬ ਹੈ ਕਿ ਹੌਲੀ-ਹੌਲੀ ਕਾਰੋਬਾਰ ਪਟੜੀ 'ਤੇ ਪਰਤ ਰਹੇ ਹਨ, ਹਾਲਾਂਕਿ ਹੁਣ ਵੀ ਕਈ ਸੈਕਟਰ ਹਨ ਜਿਨ੍ਹਾਂ 'ਚ ਮੰਦੀ ਸਮਾਪਤ ਨਹੀਂ ਹੋਈ ਹੈ। ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ।

ਸਟੈਟਿਸਟਿਕਸ ਕੈਨੇਡਾ ਦਾ ਅਨੁਮਾਨ ਹੈ ਕਿ 2020 ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਦੂਜੀ ਤਿਮਾਹੀ 'ਚ ਆਰਥਿਕ ਗ੍ਰੋਥ 'ਚ 12 ਫੀਸਦੀ ਦੀ ਗਿਰਾਵਟ ਹੋ ਸਕਦੀ ਹੈ। ਜੂਨ ਅਤੇ ਦੂਜੀ ਤਿਮਾਹੀ ਦੇ ਅੰਕੜਿਆਂ ਨੂੰ ਅਗਲੇ ਮਹੀਨੇ ਦੇ ਅਖੀਰ 'ਚ ਅੰਤਿਮ ਰੂਪ ਦਿੱਤਾ ਜਾਵੇਗਾ। ਉੱਥੇ ਹੀ, ਕੇਂਦਰੀ ਬੈਂਕ ਦਾ ਅਨੁਮਾਨ ਹੈ ਕਿ ਕੁੱਲ ਮਿਲਾ ਕੇ ਇਸ ਸਾਲ ਆਰਥਿਕਤਾ 'ਚ 7.8 ਫੀਸਦੀ ਗਿਰਾਵਟ ਰਹਿ ਸਕਦੀ ਹੈ।


author

Sanjeev

Content Editor

Related News