ਜ਼ਾਇਡਸ ਕੈਡਿਲਾ ਨੇ ਕੋਰੋਨਾ ਮਰੀਜ਼ਾਂ 'ਤੇ ਦੂਜਾ ਫੇਜ ਸਫ਼ਲਤਾ ਨਾਲ ਕੀਤਾ ਪੂਰਾ

Thursday, Nov 12, 2020 - 01:29 PM (IST)

ਜ਼ਾਇਡਸ ਕੈਡਿਲਾ ਨੇ ਕੋਰੋਨਾ ਮਰੀਜ਼ਾਂ 'ਤੇ ਦੂਜਾ ਫੇਜ ਸਫ਼ਲਤਾ ਨਾਲ ਕੀਤਾ ਪੂਰਾ

ਨਵੀਂ ਦਿੱਲੀ— ਫਾਰਮਾ ਕੰਪਨੀ ਜ਼ਾਇਡਸ ਕੈਡਿਲਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਮਰੀਜ਼ਾਂ 'ਤੇ ਆਪਣੀ ਬਾਇਓਲੌਜੀਕਲ ਥੈਰੇਪੀ 'ਪੇਗੀਹੈਪ' ਨਾਲ ਕਲੀਨੀਕਲ ਟ੍ਰਾਇਲ ਦਾ ਦੂਜਾ ਪੜਾਅ ਸਫ਼ਲਤਾ ਨਾਲ ਪੂਰਾ ਕਰ ਲਿਆ ਹੈ। ਹੁਣ ਕੰਪਨੀ ਤੀਜਾ ਕਲੀਨੀਕਲ ਫੇਜ ਸ਼ੁਰੂ ਕਰੇਗੀ।

ਜ਼ਾਇਡਸ ਕੈਡਿਲਾ ਨੇ ਬਾਜ਼ਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, ''ਉਸ ਨੇ ਆਪਣੀ ਬਾਇਓਲੌਜੀਕਲ ਥੈਰੇਪੀ ਨਾਲ ਕੋਰੋਨਾ ਮਰੀਜ਼ਾਂ 'ਤੇ ਕਲੀਨੀਕਲ ਟ੍ਰਾਇਲ ਦਾ ਦੂਜਾ ਫੇਜ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਇਸ ਟ੍ਰਾਇਲ ਦੇ ਨਤੀਜਿਆਂ ਦੇ ਆਧਾਰ 'ਤੇ ਉਹ ਹੁਣ ਭਾਰਤ 'ਚ ਤੀਜੇ ਫੇਜ ਦਾ ਕਲੀਨੀਕਲ ਟਰਾਇਲ ਸ਼ੁਰੂ ਕਰੇਗੀ।''

ਕੈਡਿਲਾ ਹੈਲਥਕੇਅਰ ਗਰੁੱਪ ਦੀ ਫਾਰਮਾ ਕੰਪਨੀ ਜ਼ਾਇਡਸ ਕੈਡਿਲਾ ਨੇ ਕਿਹਾ ਕਿ ਪੇਗੀਲੇਟਡ ਇੰਟਰਫੇਰੋਨ ਅਲਫ਼ਾ-2ਬੀ ਨੇ ਕੋਵਿਡ-19 ਮਰੀਜ਼ਾਂ 'ਚ ਪ੍ਰਭਾਵੀ ਤੌਰ 'ਤੇ ਵਾਇਰਸ ਨੂੰ ਘੱਟ ਕੀਤਾ ਹੈ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਹੈ। ਗੌਰਤਲਬ ਹੈ ਕਿ ਪੇਗੀਲੇਟਡ ਇੰਟਰਫੇਰੋਨ ਅਲਫ਼ਾ-2 ਬੀ ਕੋਈ ਨਵੀਂ ਥੈਰੇਪੀ ਨਹੀਂ ਹੈ। ਇਸ ਨੂੰ ਪਹਿਲੀ ਵਾਰ 2001 'ਚ ਕੌਮਾਂਤਰੀ ਪੱਧਰ ਤੇ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਹ ਡਬਲਿਊ. ਐੱਚ. ਓ. ਦੀ ਜ਼ਰੂਰੀ ਦਵਾਈਆਂ ਦੀ ਸੂਚੀ 'ਚ ਵੀ ਸ਼ਾਮਲ ਹੈ।

ਜ਼ਾਇਡਸ ਕੈਡੀਲਾ ਨੇ ਕਿਹਾ ਕਿ ਉਸ ਦਾ ਪੇਗੀਲੇਟਡ ਇੰਟਰਫੇਰੋਨ ਅਲਫ਼ਾ-2 ਬੀ, ਪੇਗੀਹੈਪ ਨੂੰ ਅਸਲ 'ਚ 'ਹੈਪੇਟਾਈਟਸ ਸੀ' ਲਈ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਨੂੰ 2011 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਵਿਸ਼ਵ ਪੱਧਰ 'ਤੇ ਕੋਰੋਨਾ ਵੈਕਸੀਨ ਲਈ ਕਈ ਕੰਪਨੀਆਂ ਟ੍ਰਾਇਲ ਕਰ ਰਹੀਆਂ ਹਨ। ਹਾਲ ਹੀ 'ਚ ਫਾਈਜ਼ਰ ਨੇ ਕਿਹਾ ਸੀ ਕਿ ਉਸ ਦੀ ਵੈਕਸੀਨ ਟ੍ਰਾਇਲ ਦੌਰਾਨ 90 ਫ਼ੀਸਦੀ ਪ੍ਰਭਾਵੀ ਦਿਸੀ ਹੈ।


author

Sanjeev

Content Editor

Related News