ਪੈਟਰੋਲ, ਡੀਜ਼ਲ 'ਤੇ ਮਿਲ ਸਕਦੀ ਹੈ ਇਹ ਵੱਡੀ ਰਾਹਤ, ਇੰਨੇ ਰੁ: ਹੋਣਗੇ ਸਸਤੇ
Tuesday, Aug 03, 2021 - 11:02 AM (IST)
ਨਵੀਂ ਦਿੱਲੀ- ਪਿਛਲੇ ਮਹੀਨੇ ਓਪੇਕ ਪਲੱਸ ਦੇਸ਼ਾਂ ਨੇ ਅਗਸਤ ਤੋਂ ਕੱਚੇ ਤੇਲ ਦਾ ਉਤਪਾਦਨ ਵਧਾਉਣ ਦਾ ਫ਼ੈਸਲਾ ਕੀਤਾ ਸੀ। ਲਿਹਾਜਾ ਇਰਾਕ, ਕੁਵੈਤ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਣੇ ਰੂਸ ਨੇ ਇਸ ਮਹੀਨੇ ਤੋਂ ਆਪਣਾ ਉਤਪਾਦਨ ਵਧਾ ਦਿੱਤਾ ਹੈ। ਰੂਸ ਓਪੇਕ ਦਾ ਸਹਿਯੋਗੀ ਹੈ। ਇਹ ਕਦਮ ਆਉਣ ਵਾਲੇ ਦਿਨਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ 5 ਰੁਪਏ ਤੱਕ ਸਸਤਾ ਹੋ ਸਕਦਾ ਹੈ। ਮੌਜੂਦਾ ਸਮੇਂ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੈ, ਜੋ 65 ਡਾਲਰ ਤੱਕ ਆ ਸਕਦਾ ਹੈ। ਦੱਸ ਦੇਈਏ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੈ।
ਇਸ ਮਹੀਨੇ ਤੋਂ ਓਪੇਕ ਪਲੱਸ ਦੇਸ਼ ਮਿਲ ਕੇ ਹਰ ਮਹੀਨੇ ਰੋਜ਼ਾਨਾ ਦੇ ਆਧਾਰ 'ਤੇ ਉਤਪਾਦਨ ਵਿਚ 4 ਲੱਖ ਬੈਰਲ ਦਾ ਵਾਧਾ ਕਰਨਗੇ। ਸਤੰਬਰ ਵਿਚ ਉਤਪਾਦਨ ਹੁਣ ਦੇ ਮੁਕਾਬਲੇ 8 ਲੱਖ ਬੈਰਲ ਪ੍ਰਤੀ ਦਿਨ ਵਧੇਗਾ। ਇਸ ਗਣਨਾ ਅਨੁਸਾਰ, ਅਕਤੂਬਰ ਵਿਚ ਉਤਪਾਦਨ ਪ੍ਰਤੀ ਦਿਨ 12 ਲੱਖ ਬੈਰਲ, ਨਵੰਬਰ ਵਿਚ 16 ਲੱਖ ਬੈਰਲ ਪ੍ਰਤੀ ਦਿਨ ਅਤੇ ਦਸੰਬਰ ਵਿਚ 20 ਲੱਖ ਬੈਰਲ ਉਤਪਾਦਨ ਰੋਜ਼ਾਨਾ ਆਧਾਰ 'ਤੇ ਜ਼ਿਆਦਾ ਹੋਵੇਗਾ।
ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਉਪ ਮੁਖੀ (ਵਸਤੂ ਤੇ ਮੁਦਰਾ) ਦਾ ਕਹਿਣਾ ਹੈ ਕਿ ਕੱਚੇ ਤੇਲ ਦੇ ਉਤਪਾਦਨ ਵਿੱਚ ਵਾਧੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਕੀਮਤ 65 ਡਾਲਰ ਪ੍ਰਤੀ ਬੈਰਲ ਤੱਕ ਆ ਸਕਦੀ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਕੀਮਤ 4 ਤੋਂ 5 ਰੁਪਏ ਘੱਟ ਸਕਦੀ ਹੈ।
ਇਹ ਵੀ ਪੜ੍ਹੋ- 2 ਸਰਕਾਰੀ ਬੈਂਕਾਂ ਵੇਚਣ ਦੀ ਯੋਜਨਾ ਨੂੰ ਲੈ ਕੇ ਹੋ ਸਕਦੈ ਇਹ ਫ਼ੈਸਲਾ
ਕੀਮਤ ਘੱਟ ਹੋਣ ਦੇ ਬਾਵਜੂਦ ਜ਼ਿਆਦਾ ਰਾਹਤ ਦੀ ਉਮੀਦ ਨਹੀਂ-
ਮਹਾਮਾਰੀ ਵਿਚਕਾਰ ਓਪੇਕ ਪਲੱਸ ਦੇਸ਼ਾਂ ਨੇ ਪਿਛਲੇ ਸਾਲ ਰੋਜ਼ਾਨਾ ਦੇ ਆਧਾਰ 'ਤੇ ਉਤਪਾਦਨ ਵਿਚ 10 ਲੱਖ ਬੈਰਲ ਦੀ ਕਟੌਤੀ ਕੀਤੀ ਸੀ। ਹੌਲੀ-ਹੌਲੀ ਇਸ ਵਿਚ ਤੇਜ਼ੀ ਆਈ ਪਰ ਰੋਜ਼ਾਨਾ ਦੇ ਆਧਾਰ 'ਤੇ ਇਸ ਵਿਚ ਅਜੇ ਵੀ 58 ਲੱਖ ਬੈਰਲ ਦੀ ਕਟੌਤੀ ਹੈ। ਇਸ ਕਾਰਨ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਹਾਲਾਂਕਿ, ਊਰਜਾ ਖੇਤਰ ਦੇ ਮਾਹਰ ਨਰਿੰਦਰ ਤਨੇਜਾ ਦਾ ਕਹਿਣਾ ਹੈ ਕਿ ਜਨਤਾ ਨੂੰ ਕੱਚੇ ਤੇਲ ਦੇ ਉਤਪਾਦਨ ਵਿਚ ਵਾਧੇ ਤੋਂ ਜ਼ਿਆਦਾ ਰਾਹਤ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀ ਲਾਗਤ ਦਾ ਮੁੱਖ ਕਾਰਨ ਇਸ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਭਾਰੀ-ਭਰਕਮ ਟੈਕਸ ਹੈ।
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ