ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ
Thursday, Jan 06, 2022 - 11:41 AM (IST)
ਨਵੀਂ ਦਿੱਲੀ - ਮੀ ਅਤੇ ਰੈੱਡਮੀ ਬ੍ਰਾਂਡ ਵੱਲੋਂ ਸਮਾਰਟਫੋਨ ਅਤੇ ਹੋਰ ਆਈ. ਟੀ. ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ (ਸ਼ਾਓਮੀ ਇੰਡੀਆ) ਨੂੰ ਸਰਕਾਰ ਨੇ 653 ਕਰੋੜ ਰੁਪਏ ਦੀ ਕਸਟਮ ਟੈਕਸ ਚੋਰੀ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਰਾਸ਼ੀ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਵਿੱਤ ਮੰਤਰਾਲਾ ਨੇ ਕਿਹਾ ਕਿ ਸ਼ਾਓਮੀ ਇੰਡੀਆ ਵੱਲੋਂ ਕਸਟਮ ਟੈਕਸ ਚੋਰੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਡਾਇਰੈਕਟੋਰੇਟ ਆਫ ਰੈਵੇਨਿਊ ਵਿਜੀਲੈਂਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ। ਸ਼ਾਓਮੀ ਇੰਡੀਆ ਅਤੇ ਉਸ ਦੇ ਠੇਕਾ ਵਿਨਿਰਮਾਤਾਵਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸ਼ਾਓਮੀ ਇੰਡੀਆ ਦੇ ਕੰਪਲੈਕਸਾਂ ਉੱਤੇ ਡਾਇਰੈਕਟੋਰੇਟ ਨੇ ਛਾਪੇਮਾਰੀ ਵੀ ਕੀਤੀ ਅਤੇ ਇਸ ਸਬੰਧ ਵਿਚ ਗਵਾਹ ਵੀ ਜੁਟਾਏ ਗਏ, ਜਿਸ ਵਿਚ ਅਮਰੀਕੀ ਕੰਪਨੀ ਕਵਾਲਕਾਮ ਅਤੇ ਚੀਨ ਦੀ ਬੀਜਿੰਗ ਸ਼ਾਓਮੀ ਮੋਬਾਇਲ ਸਾਫਟਵੇਅਰ ਕੰਪਨੀ ਲਿਮਟਿਡ ਨੂੰ ਰਾਇਲਟੀ ਅਤੇ ਲਾਇਸੈਂਸ ਫੀਸ ਆਦਿ ਭੁਗਤਾਨ ਕੀਤੇ ਜਾਣ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : ਹੁਣ ਬਿਨਾਂ ਇੰਟਰਨੈੱਟ ਤੇ ਮੋਬਾਈਲ ਨੈੱਟਵਰਕ ਤੋਂ ਕਰ ਸਕੋਗੇ ਭੁਗਤਾਨ, RBI ਨੇ ਦਿੱਤੀ ਮਨਜ਼ੂਰੀ
ਇਸ ਦੌਰਾਨ ਸ਼ਾਓਮੀ ਇੰਡੀਆ ਦੇ ਪ੍ਰਮੁੱਖ ਲੋਕਾਂ ਅਤੇ ਉਸ ਦੇ ਠੇਕਾ ਵਿਨਿਰਮਾਤਾਵਾਂ ਦੇ ਬਿਆਨ ਵੀ ਲਈ ਗਏ, ਜਿਸ ਵਿਚ ਸ਼ਾਓਮੀ ਇੰਡੀਆ ਦੇ ਇਕ ਨਿਰਦੇਸ਼ਕ ਨੇ ਰਾਇਲਟੀ ਅਤੇ ਲਾਇਸੈਂਸ ਫੀਸ ਆਦਿ ਦੇ ਭੁਗਤਾਨ ਕੀਤੇ ਜਾਣ ਦੀ ਗੱਲ ਦੀ ਵੀ ਪੁਸ਼ਟੀ ਕੀਤੀ।
ਜਾਂਚ ਦੌਰਾਨ ਇਹ ਪਤਾ ਚਲਿਆ ਕਿ ਕਵਾਲਕਾਮ ਅਤੇ ਚੀਨ ਦੀ ਬੀਜਿੰਗ ਸ਼ਾਓਮੀ ਮੋਬਾਇਲ ਸਾਫਟਵੇਅਰ ਨੂੰ ਚੁਕਾਏ ਰਾਇਲਟੀ ਅਤੇ ਲਾਇਸੈਂਸ ਫੀਸ ਨੂੰ ਸ਼ਾਓਮੀ ਇੰਡੀਆ ਅਤੇ ਉਸ ਦੇ ਠੇਕਾ ਵਿਨਿਰਮਾਤਾਵਾਂ ਵੱਲੋਂ ਦਰਾਮਦ ਕੀਤੀਆਂ ਗਈਆਂ ਵਸਤਾਂ ਦੇ ਲੈਣ-ਦੇਣ ਵਿਚ ਨਹੀਂ ਜੋੜਿਆ ਗਿਆ। ਡਾਇਰੈਕਟੋਰੇਟ ਨੂੰ ਇਹ ਵੀ ਪਤਾ ਚਲਿਆ ਕਿ ਸ਼ਾਓਮੀ ਇੰਡੀਆ ਮੀ ਬ੍ਰਾਂਡ ਦੇ ਮੋਬਾਇਲ ਫੋਨ ਦੀ ਵਿਕਰੀ ਵੀ ਕਰਦੀ ਹੈ, ਜਿਸ ਦੀ ਦਰਾਮਦ ਸ਼ਾਓਮੀ ਇੰਡੀਆ ਕਰਦੀ ਹੈ ਜਾਂ ਉਸ ਦੇ ਠੇਕਾ ਵਿਨਿਰਮਾਤਾ ਦਰਾਮਦੀ ਸਮੱਗਰੀਆਂ ਆਦਿ ਨੂੰ ਇੱਥੇ ਅਸੈਂਬਲ ਕਰਦੇ ਹਨ। ਠੇਕਾ ਵਿਨਿਰਮਾਤਾਵਾਂ ਵੱਲੋਂ ਨਿਰਮਿਤ ਮੀ ਬ੍ਰਾਂਡ ਦੇ ਫੋਨ ਨੂੰ ਸਿਰਫ ਸ਼ਾਓਮੀ ਇੰਡੀਆ ਨੂੰ ਹੀ ਵੇਚਿਆ ਜਾਂਦਾ ਹੈ, ਜਿਵੇਂ ਉਨ੍ਹਾਂ ਦੇ ਠੇਕਾ ਸਮਝੌਤੇ ਵਿਚ ਹੈ।
ਇਹ ਵੀ ਪੜ੍ਹੋ : 'ਹੀਰੋ' ਬ੍ਰਾਂਡ 'ਤੇ ਮੁੰਜਾਲ ਭਰਾਵਾਂ ਦਰਮਿਆਨ ਛਿੜੀ 'ਜੰਗ', ਅੱਧਾ ਦਰਜਨ ਤੋਂ ਵੱਧ ਵਕੀਲਾਂ ਦੀ ਹੋਈ ਨਿਯੁਕਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।