ਸ਼ਿਓਮੀ ਦਾ ਭਾਰਤ ''ਚ ਜਲਵਾ, ਸੈਮਸੰਗ ਤੋਂ ਖੋਹਿਆ ਤਾਜ

Thursday, Jan 25, 2018 - 01:09 PM (IST)

ਸ਼ਿਓਮੀ ਦਾ ਭਾਰਤ ''ਚ ਜਲਵਾ, ਸੈਮਸੰਗ ਤੋਂ ਖੋਹਿਆ ਤਾਜ

ਨਵੀਂ ਦਿੱਲੀ— ਭਾਰਤ ਦੇ ਮੋਬਾਇਲ ਫੋਨ ਬਾਜ਼ਾਰ 'ਚ ਜਿਸ ਤਰ੍ਹਾਂ ਨਾਲ ਸੈਮਸੰਗ ਨੇ ਨੋਕੀਆ ਨੂੰ ਪਹਿਲੇ ਨੰਬਰ ਤੋਂ ਹੇਠਾਂ ਉਤਾਰ ਦਿੱਤਾ ਸੀ ਉਸੇ ਤਰ੍ਹਾਂ ਹੁਣ ਚੀਨ ਦੀ ਸਮਾਰਟ ਫੋਨ ਕੰਪਨੀ ਸ਼ਿਓਮੀ ਨੇ ਸੈਮਸੰਗ ਨੂੰ ਦੂਜੇ ਨੰਬਰ 'ਤੇ ਧੱਕ ਦਿੱਤਾ ਹੈ। ਸ਼ਿਓਮੀ ਹੁਣ ਦੇਸ਼ ਦੀ ਸਭ ਤੋਂ ਵੱਡੀ ਸਮਾਰਟ ਫੋਨ ਕੰਪਨੀ ਬਣ ਗਈ ਹੈ। ਰਿਸਰਚ ਕੰਪਨੀ ਕੈਨਾਲਿਜ਼ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦਸੰਬਰ ਤਿਮਾਹੀ ਦੌਰਾਨ ਸ਼ਿਓਮੀ ਨੇ ਭਾਰਤੀ ਸਮਾਰਟ ਫੋਨ ਬਾਜ਼ਾਰ 'ਚ 82 ਲੱਖ ਫੋਨ ਵੇਚੇ ਹਨ, ਜਦੋਂ ਕਿ ਸੈਮਸੰਗ ਨੇ ਇਸ ਦੌਰਾਨ 73 ਲੱਖ ਸਮਾਰਟ ਫੋਨਾਂ ਦੀ ਵਿਕਰੀ ਕੀਤੀ ਹੈ।

ਅੰਕੜਿਆਂ ਮੁਤਾਬਕ ਦਸੰਬਰ ਤਿਮਾਹੀ ਦੌਰਾਨ ਭਾਰਤੀ ਸਮਾਰਟ ਫੋਨ ਬਾਜ਼ਾਰ 'ਚ ਸ਼ਿਓਮੀ ਦੀ ਹਿੱਸੇਦਾਰੀ ਵਧ ਕੇ 25 ਫੀਸਦੀ ਹੋ ਗਈ ਹੈ, ਜਦੋਂ ਕਿ ਇਸ ਦੌਰਾਨ ਸੈਮਸੰਗ ਦੀ ਹਿੱਸੇਦਾਰੀ ਘੱਟ ਕੇ 23 ਫੀਸਦੀ ਰਹਿ ਗਈ ਹੈ। ਇਸ ਦੇ ਇਲਾਵਾ ਲੇਨੋਵੋ, ਓਪੋ ਅਤੇ ਵੀਵੋ ਕੋਲ 6-6 ਫੀਸਦੀ ਬਾਜ਼ਾਰ ਹਿੱਸੇਦਾਰੀ ਹੈ। ਸ਼ਿਓਮੀ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਏ ਜ਼ਿਆਧਾ ਸਮਾਂ ਨਹੀਂ ਬੀਤਿਆ ਹੈ, ਜਦੋਂ ਕਿ ਸੈਮਸੰਗ ਲੰਬੇ ਸਮੇਂ ਤੋਂ ਭਾਰਤ 'ਚ ਕਾਰੋਬਾਰ ਕਰ ਰਿਹਾ ਹੈ। ਤਕਰੀਬਨ 3-4 ਸਾਲ ਪਹਿਲਾਂ ਹੀ ਸ਼ਿਓਮੀ ਨੇ ਭਾਰਤ 'ਚ ਆਪਣੇ ਸਮਾਰਟ ਫੋਨ ਲਾਂਚ ਕੀਤੇ ਸਨ। ਘੱਟ ਕੀਮਤ 'ਚ ਜ਼ਿਆਦਾ ਬਿਹਤਰ ਫੀਚਰਜ਼ ਦੇ ਫੋਨ ਲਾਂਚ ਕਰਕੇ ਸ਼ਿਓਮੀ ਨੇ ਸੈਮਸੰਗ ਨੂੰ ਸਖਤ ਟੱਕਰ ਦਿੱਤੀ ਹੈ ਅਤੇ ਤੇਜ਼ੀ ਨਾਲ ਬਾਜ਼ਾਰ 'ਤੇ ਆਪਣਾ ਕਬਜ਼ਾ ਜਮਾਇਆ ਹੈ। ਦੁਨੀਆ ਭਰ 'ਚ ਚੀਨ ਦੇ ਬਾਅਦ ਭਾਰਤ ਦੂਜਾ ਸਭ ਤੋਂ ਵੱਡਾ ਸਮਾਰਟ ਫੋਨ ਬਾਜ਼ਾਰ ਹੈ।


Related News