11 ਮਈ ਤੋਂ ਬਾਅਦ ਪਹਿਲੀ ਵਾਰ 100 ਡਾਲਰ ਤੋਂ ਹੇਠਾਂ ਡਿੱਗਾ WTI ਕਰੂਡ
Wednesday, Jul 06, 2022 - 01:56 AM (IST)
ਬਿਜ਼ਨੈੱਸ ਡੈਸਕ : ਮੰਦੀ ਦੇ ਵਧਦੇ ਡਰ ਵਿਚਾਲੇ ਮੰਗਲਵਾਰ 5 ਜੁਲਾਈ ਨੂੰ ਵੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਰਹੀ ਅਤੇ ਅਮਰੀਕੀ ਕੱਚੇ ਤੇਲ ਦਾ ਬੈਂਚਮਾਰਕ 100 ਡਾਲਰ ਤੋਂ ਹੇਠਾਂ ਡਿੱਗ ਗਿਆ। ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ 8 ਫ਼ੀਸਦੀ ਜਾਂ 8.67 ਡਾਲਰ ਘੱਟ ਕੇ 99.76 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। 11 ਮਈ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਇਹ 100 ਡਾਲਰ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਸੀ। ਉਥੇ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਦੇ ਕਰੀਬ ਬ੍ਰੈਂਟ ਕਰੂਡ 6.65 ਡਾਲਰ ਜਾਂ 5.9 ਫ਼ੀਸਦੀ ਦੀ ਗਿਰਾਵਟ ਨਾਲ 106.85 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨੂੰ ਮੰਦੀ ਦੇ ਡਰ ਨਾਲ ਜੋੜਿਆ ਜਾ ਰਿਹਾ ਹੈ। ਵਿਸ਼ਵਵਿਆਪੀ ਮੰਦੀ ਮੰਗ ਨੂੰ ਘਟਾ ਦੇਵੇਗੀ, ਜਿਸ ਨਾਲ ਸਪਲਾਈ ਚੇਨ ਵੀ ਹੌਲੀ ਹੋ ਜਾਵੇਗੀ ਅਤੇ ਤੇਲ ਦੀ ਮੰਗ ਘਟੇਗੀ। ਤੇਲ ਦੀ ਮੰਗ ਘਟਣ ਕਾਰਨ ਇਸ ਦੀ ਸਪਲਾਈ 'ਚ ਕਮੀ ਦਾ ਅਸਰ ਵੀ ਘੱਟ ਹੋ ਜਾਵੇਗਾ, ਜਿਵੇਂ ਹੁਣ ਨਾਰਵੇ ਤੋਂ ਤੇਲ ਦੀ ਸਪਲਾਈ 'ਚ ਕਟੌਤੀ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Canada : ਸਾਰੇ ਐਕਸਪ੍ਰੈੱਸ ਐਂਟਰੀ ਡਰਾਅ 6 ਜੁਲਾਈ ਤੋਂ ਹੋ ਜਾਣਗੇ ਸ਼ੁਰੂ
ਇਸ ਨੂੰ ਲੈ ਕੇ ਨਿਵੇਸ਼ਕ ਵੀ ਕਾਫੀ ਚਿੰਤਤ ਹਨ ਕਿਉਂਕਿ ਗੈਸ ਅਤੇ ਪੈਟਰੋਲ-ਡੀਜ਼ਲ 'ਚ ਹਾਲ ਹੀ 'ਚ ਹੋਏ ਵਾਧੇ ਨੇ ਮੰਦੀ ਦਾ ਡਰ ਹੋਰ ਵਧਾ ਦਿੱਤਾ ਹੈ। ਐੱਸ.ਪੀ.ਆਈ. ਐਸੇਟ ਮੈਨੇਜਮੈਂਟ ਦੇ ਸਟੀਫਨ ਇਨੇਸ ਨੇ ਇਕ ਨੋਟ ਵਿੱਚ ਦੱਸਿਆ, "ਜਿਵੇਂ ਕਿ ਬਾਜ਼ਾਰ ਮਹਿੰਗਾਈ ਤੋਂ ਆਰਥਿਕ ਮੰਦਵਾੜੇ ਵੱਲ ਵਧ ਰਿਹਾ ਹੈ, ਅਜਿਹੇ 'ਚ ਤੇਲ ਦੀਆਂ ਕੀਮਤਾਂ ਅਜੇ ਵੀ ਮੌਜੂਦਾ ਮੰਦੀ ਦੀ ਪ੍ਰੇਸ਼ਾਨੀ ਤੋਂ ਉਭਰਨ ਲਈ ਸੰਘਰਸ਼ ਕਰ ਰਹੀਆਂ ਹਨ।" ਇਸ ਦੇ ਨਾਲ ਹੀ ਦੱਖਣੀ ਕੋਰੀਆ 'ਚ ਮਹਿੰਗਾਈ ਜੂਨ 'ਚ ਆਪਣੇ 24 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਕਾਰਨ ਵੀ ਉਥੇ ਆਰਥਿਕ ਵਿਕਾਸ ਦਰ ਮੱਠੀ ਹੋਣ ਅਤੇ ਤੇਲ ਦੀ ਮੰਗ ਘਟਣ ਦਾ ਡਰ ਵਧ ਗਿਆ ਹੈ। ਯੂਰੋਜ਼ੋਨ ਦੇ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਮਹੀਨੇ ਲਗਭਗ ਸਾਰੇ ਯੂਰਪੀਅਨ ਦੇਸ਼ਾਂ ਵਿੱਚ ਵਿਕਾਸ ਹੌਲੀ ਹੋਇਆ ਹੈ। ਨਾਲ ਹੀ ਅੰਕੜੇ ਇਹ ਸੰਕੇਤ ਦੇ ਰਹੇ ਹਨ ਕਿ ਇਸ ਤਿਮਾਹੀ ਦੌਰਾਨ ਇਸ ਖੇਤਰ ਦੇ ਵਿਕਾਸ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਕਿਉਂਕਿ ਲੋਕ ਰਹਿਣ-ਸਹਿਣ ਦੀ ਲਾਗਤ ਵਿੱਚ ਵਾਧੇ ਕਾਰਨ ਖਰਚੇ ਵੀ ਘਟਾ ਰਹੇ ਹਨ।
ਇਹ ਵੀ ਪੜ੍ਹੋ : ਸਿਟੀ ਆਫ਼ ਟੋਰਾਂਟੋ ਦਾ ਅਹਿਮ ਫੈਸਲਾ: ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ