ਕੋਰੋਨਾ ਵਾਇਰਸ ਨਾਲ ਰੂੰ ਕੀਮਤਾਂ ਵਧਣ ਦੀ ਸੰਭਾਵਨਾ ਘੱਟ

02/03/2020 10:51:03 AM

ਜੈਤੋ — ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕਾਟਨ ਉਤਪਾਦਕ ਦੇਸ਼ ਹੈ। ਇੱਥੇ ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ ਕਪਾਹ ਉਤਪਾਦਨ 390 ਲੱਖ ਗੰਢ (ਪ੍ਰਤੀ ਗੰਢ 170 ਕਿੱਲੋ) ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਬਾਜ਼ਾਰ ਜਾਣਕਾਰਾਂ ਅਨੁਸਾਰ 31 ਜਨਵਰੀ ਤੱਕ ਦੇਸ਼ ’ਚ ਲਗਭਗ 210 ਲੱਖ ਗੰਢ ਦੀ ਆਮਦ ਪਹੁੰਚ ਗਈ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ 60 ਲੱਖ ਗੰਢ ਆਮਦ ਜ਼ਿਆਦਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਆਈ ਕੁਲ 210 ਲੱਖ ਗੰਢ ’ਚੋਂ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਲਗਭਗ 51,35,399 ਗੰਢ ਦੀ ਕਪਾਹ ਸਮਰਥਨ ਮੁੱਲ ’ਤੇ ਖਰੀਦੀ ਹੈ, ਜਦੋਂਕਿ ਫੈੱਡਰੇਸ਼ਨ ਨੇ 5.70 ਲੱਖ ਗੰਢ ਕਪਾਹ ਖਰੀਦੀ ਹੈ।

ਸਰਕਾਰੀ ਏਜੰਸੀਆਂ ਨੇ ਕੁਲ ਲਗਭਗ 57 ਲੱਖ ਗੰਢ ਕਪਾਹ ਖਰੀਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸੀ. ਸੀ. ਆਈ. 10-12 ਲੱਖ ਗੰਢ ਹੋਰ ਕਪਾਹ ਖਰੀਦ ਸਕਦੀ ਹੈ। ਇਸੇ ਦਰਮਿਆਨ ਇਕ ਵੱਡੇ ਰੂੰ ਕਾਰੋਬਾਰੀ ਨੇ ਦੱਸਿਆ ਕਿ ਸ਼ਨੀਵਾਰ ਤੱਕ ਉੱਤਰੀ ਜ਼ੋਨ ਦੇ ਕਪਾਹ ਉਤਪਾਦਕ ਸੂਬਿਆਂ ਦੀਆਂ ਘਰੇਲੂ ਮੰਡੀਆਂ ਦੀ 49,71,500 ਗੰਢ ਵ੍ਹਾਈਟ ਗੋਲਡ ਦੀ ਪੁੱਜੀ ਹੈ, ਜਿਸ ’ਚ ਪੰਜਾਬ 6,76,000 ਗੰਢ, ਹਰਿਆਣਾ 18,74,000 ਗੰਢ, ਸ਼੍ਰੀਗੰਗਾਨਗਰ-ਹਨੂਮਾਨਗੜ੍ਹ ਸਰਕਲ 13,72,000 ਗੰਢ ਅਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 10,49,500 ਗੰਢ ਸ਼ਾਮਲ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸੀ. ਸੀ. ਆਈ. ਨੂੰ ਆਪਣੇ ਪਿਛਲੇ ਸਾਲ ਦੇ 9.50 ਲੱਖ ਗੰਢ ਦੇ ਸਟਾਕ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਟਾਕ ਨਾਲ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਅਤੇ ਸੀ. ਸੀ. ਆਈ. ਨੇ ਇਸ ਸਾਲ ਅਜੇ ਤੱਕ 51.35 ਲੱਖ ਗੰਢ ਤੋਂ ਜ਼ਿਆਦਾ ਹੋਰ ਸਟਾਕ ਕਰ ਲਿਆ ਹੈ ਪਰ ਅਜੇ ਤੱਕ ਸੀ. ਸੀ. ਆਈ. ਨੇ ਇਕ ਗੰਢ ਵੀ ਸੇਲ ਨਹੀਂ ਕੀਤੀ ਹੈ।

ਬਾਜ਼ਾਰ ਜਾਣਕਾਰਾਂ ਅਨੁਸਾਰ ਅੱਜਕਲ ਕਪਾਹ ਬਾਜ਼ਾਰ ’ਚ ਰੂੰ ਦੀ ਮੰਗ ਮੱਠੀ ਨਜ਼ਰ ਆ ਰਹੀ ਹੈ, ਜਿਸ ਨਾਲ ਇਕ ਹਫਤੇ ’ਚ ਰੂੰ ਭਾਅ ’ਚ 40-50 ਰੁਪਏ ਮਣ ਗਿਰਾਵਟ ਬਣੀ ਹੈ। ਅੱਗੇ ਵੀ ਬਾਜ਼ਾਰ ਗਿਰਾਵਟ ’ਚ ਰਹਿਣ ਦੇ ਕਿਆਸ ਲਾਏ ਜਾ ਰਹੇ ਹਨ, ਜਿਸ ਦਾ ਕਾਰਣ ਚੀਨ ’ਚ ਕੋਰੋਨਾ ਵਾਇਰਸ ਫੈਲਣਾ ਮੰਨਿਆ ਜਾ ਰਿਹਾ ਹੈ।

ਭਾਰਤ ਵੱਲੋਂ 20 ਲੱਖ ਗੰਢ ਬਰਾਮਦ

ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਅਨੁਸਾਰ ਚਾਲੂ ਕਾਟਨ ਸੀਜ਼ਨ ਸਾਲ 2019-20 ਜੋ 1 ਅਕਤੂਬਰ ਤੋਂ ਸ਼ੁਰੂ ਹੋਇਆ ਹੈ, ਹੁਣ ਤੱਕ ਲਗਭਗ 20 ਲੱਖ ਗੰਢ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਹੋ ਚੁੱਕੀ ਹੈ, ਜਿਸ ’ਚ 12 ਲੱਖ ਗੰਢ ਬੰਗਲਾਦੇਸ਼, 4 ਲੱਖ ਗੰਢ ਚੀਨ ਅਤੇ 4 ਲੱਖ ਗੰਢ ਵੀਅਤਨਾਮ ਅਤੇ ਹੋਰ ਦੇਸ਼ਾਂ ਨੂੰ ਬਰਾਮਦ ਹੋਈ ਹੈ। ਗਣਤਰਾ ਦਾ ਮੰਨਣਾ ਹੈ ਕਿ ਫਰਵਰੀ ਮਹੀਨੇ ਦੌਰਾਨ ਲਗਭਗ 10 ਲੱਖ ਗੰਢ ਵੱਖ-ਵੱਖ ਦੇਸ਼ਾਂ ਨੂੰ ਹੋਣ ਦੀ ਸੰਭਾਵਨਾ ਹੈ। ਜੇਕਰ ਚੀਨ ਕੋਰੋਨਾ ਵਾਇਰਸ ’ਤੇ ਕਾਬੂ ਪਾ ਲੈਂਦਾ ਹੈ ਤਾਂ 5 ਲੱਖ ਗੰਢ ਚੀਨ ਨੂੰ ਬਰਾਮਦ ਹੋ ਸਕਦੀ ਹੈ।

ਕਾਟਨ ਸੀਡ ਬਿਨੌਲਾ ਮੂਧੇ ਮੂੰਹ ਡਿੱਗਿਆ

ਕਾਟਨ ਸੀਡ (ਬਿਨੌਲਾ) ਦੀਆਂ ਕੀਮਤਾਂ ਲਗਭਗ 15 ਦਿਨਾਂ ਅੰਦਰ ਮੂਧੇ ਮੂੰਹ ਡਿੱਗ ਚੁੱਕੀਆਂ ਹਨ। 2750 ਰੁਪਏ ਕੁਇੰਟਲ ਕਾਟਨ ਸੀਡ ਬਿਨੌਲਾ ਦੀਆਂ ਕੀਮਤਾਂ 2470 ਰੁਪਏ ਕੁਇੰਟਲ ਰਹਿ ਗਈਅ ਾਂ ਹਨ। ਸਟਾਕਿਸਟਾਂ ਨੇ ਹੁਣ ਤੇਜ਼ੀ ਤੋਂ ਮੂੰਹ ਫੇਰ ਲਿਆ ਹੈ। ਮੰਦੀ ਦੀ ਚਾਲ ਬਣਨ ਨਾਲ ਇਸ ਦਾ ਅਸਰ ਕਪਾਹ (ਨਰਮੇ) ਦੀਆਂ ਕੀਮਤਾਂ ’ਤੇ ਰਿਹਾ ਹੈ। ਕਪਾਹ 200-300 ਰੁਪਏ ਕੁਇੰਟਲ ਭਾਅ ਡਿੱਗੇ ਹਨ।

ਕਪਾਹ ਮਿੱਲਾਂ ਡਿਸਪੈਰਿਟੀ ’ਚ ਘਿਰੀਆਂ

ਹਾਜ਼ਰ ਰੂੰ ਦੇ ਭਾਅ ਅਤੇ ਕਪਾਹ ਦੀਆਂ ਕੀਮਤਾਂ ਨੂੰ ਵੇਖਦੇ ਹੋਏ ਕਪਾਹ ਜਿਨਰ ਮਿੱਲਾਂ ਡਿਸਪੈਰਿਟੀ ’ਚ ਘਿਰੀਆਂ ਹੋਈਆਂ ਹਨ। ਜਿਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਤੀ 100 ਗੰਢ ’ਤੇ ਘੱਟ ਤੋਂ ਘੱਟ 50,000 ਰੁਪਏ ਸਿੱਧਾ ਨੁਕਸਾਨ ਹੈ। ਮਿੱਲਾਂ ਚਾਲੂ ਰੱਖਣਾ ਉਨ੍ਹਾਂ ਦੀ ਮਜਬੂਰੀ ਬਣ ਚੁੱਕੀ ਹੈ। ਰੂੰ ਭਾਅ ਘੱਟ ਹੈ, ਉਥੇ ਹੀ ਕਾਟਨ ਬਿਨੌਲਾ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ। ਜੇਕਰ ਕਪਾਹ ਮਿੱਲਾਂ ਦੀ ਡਿਸਪੈਰਿਟੀ ਇਸੇ ਤਰ੍ਹਾਂ ਹੀ ਚੱਲਦੀ ਰਹੀ ਤਾਂ ਮਿੱਲਾਂ ਜ਼ਿਆਦਾ ਦਿਨਾਂ ਤੱਕ ਚਾਲੂ ਨਹੀਂ ਰਹਿ ਸਕਦੀਆਂ।


Related News