ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਦਾ ਵੱਡਾ ਐਲਾਨ

Sunday, Jun 15, 2025 - 01:05 PM (IST)

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਦਾ ਵੱਡਾ ਐਲਾਨ

ਅੰਮ੍ਰਿਤਸਰ(ਦਲਜੀਤ)- ਕੋਰੋਨਾ ਵਾਇਰਸ ਦੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਸਮੇਤ ਬਾਕੀ ਹਸਪਤਾਲਾਂ ਵਿੱਚ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਭਾਗ ਵੱਲੋਂ ਓ. ਪੀ. ਡੀ. ਵਿੱਚ ਆਉਣ ਵਾਲੇ ਲੰਬੇ ਸਮੇਂ ਤੋਂ ਖਾਂਸੀ, ਜੁਕਾਮ, ਬੁਖਾਰ ਆਦਿ ਲੱਛਣਾਂ ਤੋਂ ਪੀੜਤ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਡਾਕਟਰ ਅਤੇ ਮੁਲਾਜ਼ਮਾਂ ਨੂੰ ਵੀ ਸੁਰੱਖਿਆ ਦੇ ਲਿਹਾਜ਼ ਨਾਲ ਹਸਪਤਾਲ ਅੰਦਰ ਮਾਸਕ ਲਗਾਉਣ ਦੇ ਲਈ ਕਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲੇ ਵਿਚ 300 ਬੈਡ ਅਤੇ 10 ਵੈਂਟੀਲੇਟਰ ਕੋਰੋਨਾ ਮਹਾਂਮਾਰੀ ਦੀ ਹਰ ਸਥਿਤੀ ਨਜਿੱਠਣ ਲਈ ਰਾਖਵੇਂ ਰੱਖੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਦੇ ਤਿੰਨ ਮਾਮਲੇ ਪਾਜ਼ੇਟਿਵ ਆ ਚੁੱਕੇ ਹਨ।

ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਪਿਛਲੇ ਲੰਬੇ ਸਮੇਂ ਤੋਂ ਸ਼ਾਂਤ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਣਾ ਅਸਰ ਵਿਖਾ ਰਹੀ ਹੈ। ਪਿਛਲੇ 60 ਦਿਨਾਂ ਵਿੱਚ ਕੋਰੋਨਾ ਦੇ ਤਿੰਨ ਮਾਮਲੇ ਅੰਮ੍ਰਿਤਸਰ ਵਿੱਚ ਪਾਜ਼ੇਟਿਵ ਆ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਹੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ ਕੇ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਇਨਫਲੂਐਂਸਰ ਦੀਪਿਕਾ ਲੂਥਰਾ ਦੇ ਬਿਆਨਾਂ 'ਤੇ ਅੰਮ੍ਰਿਤਪਾਲ ਮਹਿਰੋਂ 'ਤੇ ਵੱਡੀ ਕਾਰਵਾਈ

ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ। ਜ਼ਿਲ੍ਹੇ ਵਿੱਚ ਦੋ ਪੜਾਵਾਂ ਤਹਿਤ ਕੋਰੋਨਾ ਦੀ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿੱਚ ਟੈਸਟਿੰਗ ਪਹਿਲਾਂ ਸ਼ੁਰੂ ਕੀਤੀ ਜਾ ਰਹੀ ਹੈ ਉਸ ਉਪਰੰਤ ਸਰਕਾਰੀ ਹਸਪਤਾਲ ਬਾਬਾ ਬਕਾਲਾ ਅਤੇ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਟੈਸਟਿੰਗ ਸ਼ੁਰੂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਓ. ਪੀ. ਡੀ ਵਿੱਚ ਲੰਬੇ ਸਮੇਂ ਤੋਂ ਖਾਂਸੀ, ਜੁਕਾਮ, ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਰਜਾਮੰਦੀ ਨਾਲ ਉਨ੍ਹਾਂ ਦੇ ਕੋਰੋਨਾ ਦੇ ਸੈਂਪਲ ਲੈਣ ਲਈ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਪੰਜਾਬ ਵਿੱਚ ਅਜੇ ਕੋਈ ਵੀ ਦਹਿਸ਼ਤ ਵਾਲਾ ਮਾਹੌਲ ਨਹੀਂ ਹੈ। ਲੋਕ ਸੁਚੇਤ ਰਹਿਣ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਰਹਿਣ। ਸਿਹਤ ਵਿਭਾਗ ਦੇ ਵੱਖ-ਵੱਖ ਹਸਪਤਾਲਾਂ ਵਿੱਚ 300 ਬੈਡ ਅਤੇ 10 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਦਵਾਈ, ਆਕਸੀਜਨ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਜੇਕਰ ਭਵਿੱਖ ਵਿੱਚ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ। ਅਫਵਾਹਾਂ ’ਤੇ ਗੌਰ ਨਾ ਕਰੋ ਅਤੇ ਸੁਚੇਤ ਰਹੋ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲ ਵੀ ਸਿਹਤ ਵਿਭਾਗ ਦੀ ਸਪੋਰਟ ਲਈ ਖੜੇ ਹਨ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿੱਚ ਸੋਮਵਾਰ ਤੋਂ ਹੋਣਗੇ ਰੈਪਿਡ ਅਤੇ ਆਰ. ਟੀ. ਪੀ. ਸੀ. ਆਰ ਟੈਸਟ

ਸਿਵਲ ਹਸਪਤਾਲ ਦੇ ਇੰਚਾਰਜ਼ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਸੋਮਵਾਰ ਤੋਂ ਹਸਪਤਾਲ ਵਿੱਚ ਆਰ. ਟੀ. ਪੀ. ਸੀ. ਆਰ ਅਤੇ ਰੈਪਿਡ ਟੈਸਟ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰੈਪੀਟ ਟੈਸਟ ਲਈ ਹਜ਼ਾਰ ਕਿੱਟ ਦਾ ਆਰਡਰ ਦੇ ਦਿੱਤਾ ਗਿਆ ਹੈ ਅਤੇ ਇਹ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਆਰ. ਟੀ. ਪੀ. ਸੀ. ਆਰ ਟੈਸਟਾਂ ਲਈ 100 ਕਿੱਟਾਂ ਮੈਡੀਕਲ ਕਾਲਜ ਤੋਂ ਆ ਗਈਆ ਹਨ। ਡਾ. ਧਵਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਖਾਂਸੀ, ਜੁਕਾਮ, ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਰਜ਼ਾਮੰਦੀ ਅਤੇ ਡਾਕਟਰਾਂ ਵੱਲੋਂ ਐਡਵਾਈਜ ਕਰਨ ’ਤੇ ਉਨ੍ਹਾਂ ਮਰੀਜ਼ਾਂ ਦੇ ਹੀ ਉਕਤ ਟੈਸਟ ਕੀਤੇ ਜਾਣਗੇ। ਡਾ. ਧਵਨ ਨੇ ਦੱਸਿਆ ਕਿ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿੱਚ ਕੋਰੋਨਾ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਸੁਚੇਤ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਧਵਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਕਰਨ।

ਇਹ ਵੀ ਪੜ੍ਹੋਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ

ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਲੋਕਾਂ ਲਈ ਜ਼ਰੂਰੀ

 ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਨੂੰ ਲੈ ਕੇ ਲਗਾਤਾਰ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾ ਰਹੀ ਹੈ। ਲੰਬੇ ਸਮੇਂ ਤੋਂ ਖਾਂਸੀ, ਜੁਕਾਮ, ਬੁਖਾਰ ਤੋਂ ਪੀੜਤ ਮਰੀਜ਼ਾਂ ਨੂੰ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਨਿਰਧਾਰਿਤ ਸਮੇਂ ’ਤੇ ਹੀ ਇਸ ਵਾਇਰਸ ’ਤੇ ਲਗਾਮ ਲਗਾਈ ਜਾ ਸਕੇ। ਡਾ. ਗੋਤਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਪੂਰੀ ਮੁਸ਼ਤੈਦੀ ਨਾਲ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੀ ਅਗਵਾਈ ਵਿੱਚ ਜ਼ਿਲੇ ਵਿਚ ਕੰਮ ਕਰ ਰਿਹਾ ਹੈ। ਡਾ. ਗੋਤਵਾਲ ਅਨੁਸਾਰ ਜ਼ਿਲੇ ਵਿੱਚ ਸਿਵਲ ਸਰਜਨ ਮੈਡਮ ਵੱਲੋਂ ਪੁਖਤਾ ਇੰਤਜ਼ਾਮ ਕਰਵਾਏ ਗਏ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News