ਅੰਬਰਸਰੀਏ ਹੋ ਜਾਣ ਸਾਵਧਾਨ, ਕੋਰੋਨਾ ਨੇ ਮੁੜ ਪਸਾਰੇ ਪੈਰ, ਗਰਭਵਤੀ ਸਣੇ 3 ਮਰੀਜ਼ ਪਾਜ਼ੇਟਿਵ
Saturday, Jun 14, 2025 - 11:18 AM (IST)

ਅੰਮ੍ਰਿਤਸਰ (ਦਲਜੀਤ): ਅੰਬਰਸਰੀਏ ਸਾਵਧਾਨ ਹੋ ਜਾਣ, ਕੋਰੋਨਾ ਮਹਾਮਾਰੀ ਇਕ ਵਾਰ ਫਿਰ ਤੋਂ ਜ਼ਿਲ ਵਿਚ ਪੈਰ ਪਸਾਰਣ ਲੱਗੀ ਹੈ। ਸਰਕਾਰੀ ਮੈਡੀਕਲ ਕਾਲਜ ਦੀ ਲੈਬਾਰਟਰੀ ਵਿਚ ਕੀਤੇ ਗਏ ਟੈਸਟਾਂ ਵਿੱਚੋਂ ਇਕ ਗਰਭਵਤੀ ਅਤੇ ਇੱਕ ਮਾਈਕ੍ਰੋਬੋਲੋਜੀ ਵਿਭਾਗ ਦੀ ਲੈਬ ਅਟੈਂਡੈਂਟ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਦੋਵਾਂ ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਇਕ ਮਰੀਜ਼ ਪਾਜ਼ੇਟਿਵ ਆ ਚੁੱਕਿਆ ਹੈ। ਫਿਲਹਾਲ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਭੀੜ ਭਾੜ ਵਾਲੀ ਥਾਂ ’ਤੇ ਜਾਣ ਤੋਂ ਗੁਰੇਜ ਕਰਨ ਤੋਂ ਇਲਾਵਾ ਮਾਸਕ ਲਗਾਉਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਪਿਛਲੇ ਸਮੇਂ ਦੌਰਾਨ ਆਤਕ ਫੈਲਾਉਣ ਤੋਂ ਬਾਅਦ ਹੁਣ ਮੁੜ ਤੋਂ ਸਰਗਰਮ ਹੋ ਰਹੀ ਹੈ।
ਸਰਕਾਰੀ ਮੈਡੀਕਲ ਕਾਲਜ ਅਧੀਨ ਆਉਣ ਵਾਲੀ ਸਰਕਾਰੀ ਲੈਬੋਰਟਰੀ ਵਿਚ ਦੋ ਔਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਇਕ ਮਹਿਲਾ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਹਸਪਤਾਲ ਵਿਚ ਇਕ ਗਰਭਵਤੀ ਔਰਤ ਓ. ਪੀ. ਡੀ. ਵਿਚ ਜਾਂਚ ਲਈ ਆਈ। ਏਕਤਾ ਨਗਰ ਦੀ ਰਹਿਣ ਵਾਲੀ 24 ਸਾਲਾ ਗਰਭਵਤੀ ਨੂੰ ਖਾਂਸੀ ਜੁਕਾਮ ਹੋਣ ’ਤੇ ਉਸ ਦਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਦੂਸਰੀ ਔਰਤ ਸਰਕਾਰੀ ਮੈਡੀਕਲ ਕਾਲਜ ਦੀ ਮਾਈਕਰੋ ਵਿਭਾਗ ਵਿਚ ਬਤੌਰ ਲੈਬ ਅਟੈਂਡਡ ਤਾਇਨਾਤ ਹੈ। ਔਰਤ ਨੂੰ ਲੰਬੇ ਸਮੇਂ ਤੋਂ ਖਾਂਸੀ ਆ ਰਹੀ ਸੀ ਜਦੋਂ ਟੈਸਟ ਕਰਵਾਇਆ ਗਿਆ ਤਾਂ ਕਿਰਪਾਲ ਕਾਲੋਨੀ ਮਜੀਠਾ ਰੋਡ ਦੀ ਰਹਿਣ ਵਾਲੀ 29 ਸਾਲਾ ਔਰਤ ਦੀ ਰਿਪੋਰਟ ਵੀ ਅੱਜ ਲੈਬੋਰਟਰੀ ਵਿੱਚੋਂ ਪਾਜ਼ੇਟਿਵ ਆਈ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਤਿਆਰੀ, ਬਿਜਲੀ ਸਪਲਾਈ ਰਹੇਗੀ ਬੰਦ
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੌਰਾਨ ਵੀ ਇਕ ਮਰੀਜ਼ ਕੋਰੋਨਾ ਪਾਜ਼ੇਟਿਵ ਆ ਚੁੱਕਿਆ ਹੈ। ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ ਵਿਚ ਪਿਛਲੇ 60 ਦਿਨਾਂ ਵਿਚ 200 ਦੇ ਕਰੀਬ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ ਪਾਜ਼ੇਟਿਵ ਆਏ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੋਜ਼ਾਨਾ 2 ਤੋਂ 4 ਸੈਂਪਲ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ ਵਿਚ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਬੰਧ ਵਿਚ ਢੁਕਵੀਂ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ। ਫਿਲਹਾਲ ਸਿਹਤ ਵਿਭਾਗ ਵੱਲੋਂ ਅੱਜ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਦੇਸ਼ ’ਚ ਮਾਮਲਿਆਂ ਨੂੰ ਲੈ ਕੇ ਅੱਜ ਪੰਜਾਬ ’ਚ ਐਡਵਾਈਜਰੀ ਜਾਰੀ ਕਰ ਦਿੱਤੀ ਗਈ ਹੈ।
ਸਿਹਤ ਵਿਭਾਗ ਅਨੁਸਾਰ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਵਿਡ-19 ਮਾਮਲਿਆਂ ਵਿਚ ਹਲਕਾ ਵਾਧਾ ਨੋਟ ਕੀਤਾ ਗਿਆ ਹੈ। ਇਸ ਪ੍ਰਸੰਗ ਵਿਚ ਲੋਕਾਂ ਦੀ ਸੁਰੱਖਿਆ ਲਈ ਇਕ ਸਾਵਧਾਨੀ ਸਲਾਹ ਜਾਰੀ ਕੀਤੀ ਜਾਂਦੀ ਹੈ। ਹਾਲਾਂਕਿ ਪੰਜਾਬ ਰਾਜ ਵਿਚ ਸਥਿਤੀ ਕੰਟਰੋਲ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਿਆਰੀ ਵਿਚ ਹੈ, ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨਫੈਕਸ਼ ਦੇ ਫੈਲਾਅ ਨੂੰ ਰੋਕਣ ਲਈ ਮੁੱਢਲੀ ਸੁਰੱਖਿਆ ਸਾਵਧਾਨੀਆਂ ਅਪਣਾਉਣ। ਵਿਭਾਗ ਅਨੁਸਾਰ ਵੱਡੀ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ, ਬੀਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮੱਰਥਾ ਵਾਲੇ ਲੋਕ ਭਾੜ-ਭਾੜ ਵਾਲੀਆਂ ਜਾਂ ਬੰਦ ਥਾਵਾਂ ’ਤੇ ਮਾਸਕ ਪਹਿਨਣ, ਹੈਲਥ ਕੇਅਰ ਸਟਾਫ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਸਕ ਪਹਿਨਣ ਅਤੇ ਕੋਵਿਡ-ਉਚਿਤ ਵਿਹਾਰ ਦੀ ਪਾਲਣਾ ਕਰਨ, ਖੰਘਣ ਜਾਂ ਛੀਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਕੋਹਣੀ ਦੇ ਮੋੜ ਨਾਲ ਡੱਕੋ, ਜੇਕਰ ਤੁਹਾਨੂੰ ਬੁਮਾਰ ਜਾਂ ਸਾਹ ਲੈਣ ਵਿਚ ਦਿੱਕਤ ਹੈ ਤਾਂ ਮਾਸਕ ਪਾਓ ਅਤੇ ਤੁਰੰਤ ਡਾਕਟਰ ਨੂੰ ਵਿਖਾਓ।
ਇਹ ਵੀ ਪੜ੍ਹੋ- ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਸਿਵਲ ਸਰਜਨ ਨੂੰ ਪਾਜ਼ੇਟਿਵ ਮਾਮਲਿਆਂ ਦੀ ਕੋਈ ਜਾਣਕਾਰੀ ਨਹੀਂ
ਇਸ ਸੰਬੰਧ ਵਿਚ ਜਦੋਂ ਅੱਜ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੂੰ ਪੁੱਛਿਆ ਗਿਆ ਕਿ ਅੱਜ ਤੱਕ ਕਿੰਨੇ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਵੀ ਮਾਮਲਾ ਪਾਜ਼ੇਟਿਵ ਨਹੀਂ ਆਇਆ ਹੈ ਜਦਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ 2 ਅੱਜ ਅਤੇ 1 ਪਿਛਲੇ ਮਹੀਨੇ ਕੋਰੋਨਾ ਪਾਜ਼ੇਟਿਵ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਅਫਸੋਸ ਦੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਦੇ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਗਾਈਡਲਾਈਨ ਤਾਂ ਜਾਰੀ ਕੀਤੀ ਜਾ ਰਹੀ ਹੈ ਪਰ ਵਿਭਾਗ ਕੋਰੋਨਾ ਦੇ ਆ ਰਹੇ ਮਾਮਲਿਆਂ ਸਬੰਧੀ ਅਣਜਾਣ ਹੈ। ਵਿਭਾਗ ਦੀ ਉਕਤ ਕਾਰਗੁਜ਼ਾਰੀ ਨੂੰ ਵੇਖਦਿਆਂ ਹੋਇਆਂ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਵਿਭਾਗ ਜਾਣ ਬੁੱਝ ਕੇ ਕੋਰੋਨਾ ਮਹਾਮਾਰੀ ਦੇ ਮਾਮਲਿਆਂ ਤੋਂ ਕਿਤੇ ਅਣਜਾਨ ਤਾਂ ਨਹੀਂ ਬਣ ਰਿਹਾ, ਕਿਤੇ ਜਨਤਾ ਤੋਂ ਸੱਚਾਈ ਲੁਕਾਉਣ ਲਈ ਸਾਜਿਸ਼ਾਂ ਤਾਂ ਨਹੀਂ ਰਚੀਆਂ ਜਾ ਰਹੀਆਂ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਪੰਜਾਬ ਸਰਕਾਰ ਦਾ ਸਾਥ ਦੇਣ ਦਾ ਕੀਤਾ ਐਲਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪਬਲਿਕ ਰਿਲੇਸ਼ਨ ਅਧਿਕਾਰੀ ਅਤੇ ਸੈਕਟਰੀ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਹਰ ਤਰ੍ਹਾਂ ਦੀ ਸਥਿਤੀ ਵਿਚ ਹਮੇਸ਼ਾ ਹੀ ਐਸੋਸੀਏਸ਼ਨ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਪੰਜਾਬ ਸਰਕਾਰ ਦਾ ਹਮੇਸ਼ਾ ਤੋਂ ਸਾਥ ਦਿੰਦੇ ਰਹੇ ਹਨ ਅਤੇ ਪਿਛਲੇ ਸਮੇਂ ਦੌਰਾਨ ਕੋਰੋਨਾ ਵਾਇਰਸ ਦੌਰਾਨ ਵੀ ਹਸਪਤਾਲਾਂ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਗਈ ਸੀ। ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰੀ ਹੁਕਮਾਂ ਤਹਿਤ ਕੰਮ ਕੀਤਾ ਗਿਆ ਸੀ। ਡਾਕਟਰ ਚਾਵਲਾ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਬਸ ਸੁਚੇਤ ਰਹਿਣ ਦੀ ਲੋੜ ਹੈ।
ਬੱਚੇ, ਬਜ਼ੁਰਗ ਅਤੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਮਰੀਜ਼ ਰੱਖਣ ਆਪਣਾ ਧਿਆਨ
ਸਰਕਾਰੀ ਮੈਡੀਕਲ ਕਾਲਜ ਅਤੇ ਟੀ. ਬੀ. ਹਸਪਤਾਲ ਦੇ ਸਾਬਕਾ ਮੁਖੀ ਡਾਕਟਰ ਨਿਰਮਲ ਚੰਦ ਕਾਜਲ ਨੇ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਬੀਮਾਰੀਆਂ ਦੀ ਗ੍ਰਸਤ ਵਿਚ ਆਏ ਮਰੀਜ਼ਾਂ ਨੂੰ ਵੀ ਆਪਣਾ ਧਿਆਨ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ
ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾਕਟਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸੁਚੇਤ ਰਹਿੰਦਿਆਂ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਭੀੜਭਾੜ ਵਾਲੀ ਥਾਂ ’ਤੇ ਨਹੀਂ ਜਾਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8