ਪੈਪਸਿਕੋ ਮੁਕਾਬਲੇ ਦੇ ਜੇਤੂ ਨੂੰ 50 ਲੱਖ ਦੀ ਇਨਾਮੀ ਰਾਸ਼ੀ ਸਮੇਤ ਦੇਵੇਗੀ ਮੁਆਵਜ਼ਾ
Wednesday, Oct 10, 2018 - 11:06 PM (IST)

ਨਵੀਂ ਦਿੱਲੀ— ਦਿੱਲੀ ਖਪਤਕਾਰ ਕਮਿਸ਼ਨ ਨੇ ਪੈਪਸਿਕੋ ਇੰਡੀਆ ਨੂੰ ਕੰਪਨੀ ਵੱਲੋਂ ਆਯੋਜਿਤ ਇਕ ਮੁਕਾਬਲੇ ਦੀ ਜੇਤੂ ਨੂੰ 50. 20 ਲੱਖ ਰੁਪਏ ਦੇਣ ਨੂੰ ਕਿਹਾ ਹੈ । ਕਮਿਸ਼ਨ ਨੇ ਕਿਹਾ ਕਿ ਖਪਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਵੱਡੇ ਇਨਾਮ ਦੇਣ ਦਾ ਐਲਾਨ ਕਰਨ ਦੀ ਪ੍ਰਵਿਰਤੀ ਕੰਪਨੀਆਂ 'ਚ ਵਧ ਰਹੀ ਹੈ ਪਰ ਜੇਤੂ ਨੂੰ ਸ਼ਾਇਦ ਹੀ ਕੁੱਝ ਦਿੱਤਾ ਜਾਂਦਾ ਹੈ ।
ਦਿੱਲੀ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ (ਐੱਸ. ਸੀ. ਡੀ. ਆਰ. ਸੀ.) ਨੇ ਕੰਪਨੀ ਨੂੰ 30 ਦਿਨ ਦੇ ਅੰਦਰ ਦਿੱਲੀ ਨਿਵਾਸੀ ਕਰਿਸ਼ਮਾ ਨੂੰ 10,000 ਰੁਪਏ ਦੇ ਮੁਆਵਜ਼ਾ ਅਤੇ 10,000 ਰੁਪਏ ਦੇ ਕਾਨੂੰਨੀ ਖਰਚ ਦੇ ਨਾਲ ਇਹ ਰਕਮ ਦੇਣ ਨੂੰ ਕਿਹਾ ਹੈ। ਕਮਿਸ਼ਨ ਦੇ ਮੈਂਬਰ ਐੱਨ. ਪੀ. ਕੌਸ਼ਿਕ ਨੇ ਕਿਹਾ ਕਿ ਇਹ ਸਾਫ ਤੌਰ 'ਤੇ ਕਾਰੋਬਾਰ 'ਚ ਨੀਤੀ-ਵਿਰੁੱਧ ਤਰੀਕਾ ਅਪਣਾਉਣ ਦਾ ਮਾਮਲਾ ਹੈ ।
ਜ਼ਿਕਰਯੋਗ ਹੈ ਕਿ ਪ੍ਰਤੀਯੋਗੀ ਕਰਿਸ਼ਮਾ ਨੇ 2010 ਇੰਡੀਅਨ ਪ੍ਰੀਮੀਅਰ ਲੀਗ 'ਚ ਕੰਪਨੀ ਵੱਲੋਂ ਆਯੋਜਿਤ ਆਨਲਾਈਨ ਗੇਮ 'ਪੈਪਸੀ ਯੰਗਿਸਤਾਨ ਦਾ ਵਾਉ' 'ਚ ਜਿੱਤ ਹਾਸਲ ਕੀਤੀ ਸੀ । ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਕਿ ਕੰਪਨੀ ਦੇ 3 ਪ੍ਰਤੀਨਿਧੀ ਉਸ ਦੇ ਘਰ ਆਏ ਸਨ ਅਤੇ ਦੱਸਿਆ ਸੀ ਕਿ 3 ਦਿਨ 'ਚ ਉਨ੍ਹਾਂ ਨੂੰ ਇਨਾਮ ਦੀ ਰਾਸ਼ੀ ਦੇ ਦਿੱਤੀ ਜਾਵੇਗੀ, ਜਦੋਂ ਉਨ੍ਹਾਂ ਨੂੰ ਰਕਮ ਨਹੀਂ ਮਿਲੀ ਤਾਂ ਉਨ੍ਹਾਂ ਨੇ ਇਕ ਪ੍ਰਤੀਨਿਧੀ ਨੂੰ ਫੋਨ ਕੀਤਾ, ਜਿਸ ਨੇ ਕਿਹਾ ਕਿ ਉਹ ਕਾਲਜ ਦੀ ਵਿਦਿਆਰਥਣ ਸੀ ਅਤੇ ਕੰਪਨੀ 'ਚ ਕੰਮ ਨਹੀਂ ਕਰਦੀ । ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਰਿਸ਼ਮਾ ਦੇ ਮਾਪਿਆਂ ਦੇ ਸਿੱਧੇ ਪੈਪਸਿਕੋ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਕਰਮਚਾਰੀ ਨੇ ਉਨ੍ਹਾਂ ਦੀ ਧੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ।