ਮਿਲਣਗੀਆਂ ਬੰਪਰ ਨੌਕਰੀਆਂ! ਸੇਵਾ ਖੇਤਰ ’ਚ 3 ਮਹੀਨਿਆਂ ਦੀ ਵੱਡੀ ਤੇਜ਼ੀ

Tuesday, Dec 06, 2022 - 11:55 AM (IST)

ਮਿਲਣਗੀਆਂ ਬੰਪਰ ਨੌਕਰੀਆਂ! ਸੇਵਾ ਖੇਤਰ ’ਚ 3 ਮਹੀਨਿਆਂ ਦੀ ਵੱਡੀ ਤੇਜ਼ੀ

ਨਵੀਂ ਦਿੱਲੀ–ਇਕ ਪਾਸੇ ਜਿੱਥੇ ਗਲੋਬਲ ਅਰਥਵਿਵਸਥਾ ਸੁਸਤੀ, ਮੰਦੀ ਅਤੇ ਛਾਂਟੀ ਨਾਲ ਜੂਝ ਰਹੀ ਹੈ, ਉੱਥੇ ਹੀ ਭਾਰਤੀ ਅਰਥਵਿਵਸਥਾ ਦੀਆਂ ਤਸਵੀਰਾਂ ਰਾਹਤ ਦਾ ਸੰਕੇਤ ਦੇ ਰਹੀਆਂ ਹਨ। ਐੱਸ. ਐਂਡ ਪੀ. ਗਲੋਬਲ ਇੰਡੀਆ ਸਰਵਿਸਿਜ਼ ਨੇ ਅੱਜ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਭਾਰਤ ਦੇ ਸੇਵਾ ਖੇਤਰ ਦੀ ਰਫਤਾਰ ਨਵੰਬਰ ’ਚ ਪਿਛਲੇ 3 ਮਹੀਨਿਆਂ ਦੌਰਾਨ ਸਭ ਤੋਂ ਤੇਜ਼ ਰਹੀ। ਇੰਨਾ ਹੀ ਨਹੀਂ ਮੈਨੂਫੈਕਚਰਿੰਗ ਸੈਕਟਰ ਦੀ ਰਫਤਾਰ ਤਾਂ ਦੁਨੀਆ ’ਚ ਸਭ ਤੋਂ ਤੇਜ਼ ਰਹੀ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਆਉਣ ਵਾਲਾ ਸਮਾਂ ਭਾਰਤੀ ਅਰਥਵਿਵਸਥਾ ਲਈ ਬਿਹਤਰ ਹੋਵੇਗਾ ਅਤੇ ਨੌਕਰੀਆਂ ਦੇ ਵਧੇਰੇ ਮੌਕੇ ਵੀ ਬਣਨਗੇ। ਐੱਸ. ਐਂਡ ਪੀ. ਗਲੋਬਲ ਇੰਡੀਆ ਨੇ ਆਪਣੇ ਸਰਵੇ ’ਚ ਦੱਸਿਆ ਕਿ ਨਵੰਬਰ ’ਚ ਸੇਵਾ ਖੇਤਰ ਦਾ ਬਿਜ਼ਨੈੱਸ ਐਕਟੀਵਿਟੀ ਇੰਡੈਕਸ 56.4 ਰਿਹਾ ਜੋ ਅਕਤੂਬਰ ’ਚ 55.1 ਸੀ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤੀ ਕੰਪਨੀਆਂ ਨੇ ਆਪਣੇ ਉਤਪਾਦਨ ’ਤੇ ਜ਼ੋਰ ਦਿੱਤਾ ਹੈ, ਜਿਸ ਨਾਲ ਸੇਵਾਵਾਂ ਦੀ ਮੰਗ ਵਧੀ। ਤਿਓਹਾਰੀ ਸੀਜ਼ਨ ’ਚ ਕੰਪਨੀਆਂ ਨੇ ਵੀ ਖੂਬ ਨੌਕਰੀਆਂ ਦਿੱਤੀਆਂ ਹਨ, ਜਿਸ ਨਾਲ ਸੇਵਾ ਖੇਤਰ ਦੀ ਰਫਤਾਰ 3 ਮਹੀਨਿਆਂ ’ਚ ਸਭ ਤੋਂ ਤੇਜ਼ ਰਹੀ। ਸਰਵੇ ’ਚ ਦੱਸਿਆ ਗਿਆ ਹੈ ਕਿ ਕੰਪਨੀਆਂ ਦੀ ਮਾਰਕੀਟਿੰਗ ਅਤੇ ਸੇਲਸ ’ਚ ਵਾਧਾ ਹੋਇਆ, ਜਿਸ ਨਾਲ ਲਗਾਤਾਰ 16ਵੇਂ ਮਹੀਨੇ ਸੇਵਾ ਖੇਤਰ ’ਚ ਤੇਜ਼ੀ ਨਜ਼ਰ ਆਈ ਹੈ।
ਸੇਵਾ ਖੇਤਰ ’ਚ ਵਧ ਰਹੀ ਹੈ ਮੰਗ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ. ਲੀਮਾ ਨੇ ਕਿਹਾ ਕਿ ਭਾਰਤੀ ਸੇਵਾ ਪ੍ਰੋਡਵਾਈਡਰ ਕੰਪਨੀਆਂ ਨੂੰ ਘਰੇਲੂ ਬਾਜ਼ਾਰ ’ਚ ਵਧਦੀ ਮੰਗ ਦਾ ਫਾਇਦਾ ਮਿਲ ਰਿਹਾ ਹੈ। ਇਸ ਨਾਲ ਨਵੀਆਂ ਨੌਕਰੀਆਂ ਦੀ ਸਿਰਜਣਾ ’ਚ ਵੀ ਮਦਦ ਰਹੀ ਹੈ ਅਤੇ ਭਾਰਤ ਦੀ ਸਰਵਿਸ ਇਕੋਨੋਮੀ ਨੂੰ ਵੀ ਬੂਮ ਮਿਲ ਰਿਹਾ ਹੈ। ਜੇ ਰੋਜ਼ਗਾਰ ਦੀ ਗੱਲ ਕੀਤੀ ਜਾਵੇ, ਇਹ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ’ਚ 3 ਸਾਲ ਦੀ ਸਭ ਤੋਂ ਜ਼ਿਆਦਾ ਤੇਜ਼ੀ ਦਿਖਾਈ ਦੇ ਰਹੀ ਹੈ।
ਮਹਿੰਗਾਈ ਸਭ ਤੋਂ ਵੱਡੀ ਚੁਣੌਤੀ
ਕੰਪਨੀਆਂ ਦਾ ਕਹਿਣਾ ਹੈ ਕਿ ਉਤਪਾਦਨ ਅਤੇ ਸੇਵਾ ਖੇਤਰ ਨੂੰ ਅੱਗੇ ਵਧਾਉਣ ’ਚ ਮਹਿੰਗਾਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਦੇਸ਼ ਭਰ ’ਚ ਉਤਪਾਦਨ ਲਾਗਤ ਵਧ ਰਹੀ। ਟ੍ਰਾਂਸਪੋਰਟੇਸ਼ਨ ਕਾਸਟ, ਬਿਜਲੀ ਅਤੇ ਪਾਣੀ ’ਤੇ ਵਧੇਰੇ ਖਰਚਾ, ਖਾਣੇ ਅਤੇ ਪੈਕੇਜਿੰਗ ਪੇਪਰ ’ਤੇ ਖਰਚ ਤੋਂ ਇਲਾਵਾ ਪਲਾਸਟਿਕ ਅਤੇ ਇਲੈਕਟ੍ਰੀਕਲ ਉਤਪਾਦਾਂ ਦਾ ਮੁੱਲ ਵਧਣ ਨਾਲ ਓਵਰਆਲ ਉਤਪਾਦਨ ਦੀ ਲਾਗਤ ਵੀ ਵਧੀ ਹੈ। ਹਾਲਾਂਕਿ ਮਹਿੰਗਾਈ ਦੇ ਮੋਰਚੇ ’ਤੇ ਚੁਣੌਤੀ ਹੋਣ ਦੇ ਬਾਵਜੂਦ ਸਰਵਿਸ ਸੈਕਟਰ ’ਚ ਤੇਜ਼ੀ ਦਿਖਾਈ ਦੇ ਰਹੀ ਹੈ।
ਮੈਨੂਫੈਕਚਰਿੰਗ ’ਚ ਦੁਨੀਆ ਤੋਂ ਕਿਤੇ ਅੱਗੇ ਪਹੁੰਚਿਆ ਭਾਰਤ
ਅਕਤੂਬਰ ਅਤੇ ਨਵੰਬਰ ’ਚ ਜਿੱਥੇ ਪੂਰੀ ਦੁਨੀਆ ਮੈਨੂਫੈਕਚਰਿੰਗ ਅਤੇ ਐਕਸਪੋਰਟ ’ਚ ਗਿਰਾਵਟ ਨਾਲ ਜੂਝਦੀ ਨਜ਼ਰ ਆਈ, ਉੱਥੇ ਹੀ ਭਾਰਤ ਨੇ ਦਮਦਾਰ ਪ੍ਰਦਰਸ਼ਨ ਕੀਤਾ ਹੈ। ਪੂਰੀ ਦੁਨੀਆ ’ਚ ਐਕਸਪੋਰਟ ਅਤੇ ਉਤਪਾਦਨ ਖੇਤਰ ’ਚ ਵਾਧਾ ਹਾਸਲ ਕਰਨ ਵਾਲੇ ਸਿਰਫ ਦੋ ਹੀ ਦੇਸ਼ ਰਹੇ ਭਾਰਤ ਅਤੇ ਵੀਅਤਨਾਮ। ਇਸ ਦੌਰਾਨ ਅਮਰੀਕਾ, ਚੀਨ, ਜਾਪਨ ਵਰਗੀਆਂ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ ਅਤੇ ਗਲੋਬਲ ਅਰਥਵਿਵਸਥਾ ਨਵੇਂ ਆਰਡਰ ਨੂੰ ਲੈ ਕੇ ਜੂਝਦੀ ਰਹੀ ਜਦ ਕਿ ਭਾਰਤ ਨੂੰ ਦੇਸ਼-ਵਿਦੇਸ਼ ਤੋਂ ਕਈ ਆਰਡਰ ਮਿਲੇ। ਨਵੰਬਰ ’ਚ ਭਾਰਤ ਦਾ ਮੈਨੂਫੈਕਚਰਿੰਗ ਅਤੇ ਐਕਸਪੋਰਟ ਸੂਚਕ ਅੰਕ 57 ਦੇ ਲਗਭਗ ਰਿਹਾ ਜਦ ਕਿ ਦੂਜੇ ਨੰਬਰ ’ਤੇ ਕਾਬਜ਼ ਵੀਅਤਨਾਮ ਦਾ 51 ਦੇ ਕਰੀਬ ਰਿਹਾ ਹੈ। ਇਸ ਦੌਰਾਨ ਵਰਲਡ ਇਕੋਨੋਮੀ ਦਾ ਮੈਨੂਫੈਕਚਰਿੰਗ ਅਤੇ ਐਕਸਪੋਰਟ ਸੂਚਕ ਅੰਕ ਡਿਗ ਕੇ 46 ਦੇ ਲਗਭਗ ਪਹੁੰਚ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News