TV, ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ 20 ਫ਼ੀਸਦੀ ਤੱਕ ਹੋਣਗੇ ਮਹਿੰਗੇ

12/07/2020 8:16:38 PM

ਕੋਲਕਾਤਾ— ਟੈਲੀਵੀਜ਼ਨ (ਟੀ. ਵੀ.), ਫਰਿੱਜ, ਵਾਸ਼ਿੰਗ ਮਸ਼ੀਨ, ਏਅਰ ਕੰਡੀਸ਼ਨਰ (ਏ. ਸੀ.) ਤੇ ਮਾਈਕ੍ਰੋਵੇਵ ਓਵਨ ਵਰਗੇ ਇਲੈਕਟ੍ਰਾਨਿਕ ਸਾਮਾਨਾਂ ਦੀਆਂ ਕੀਮਤਾਂ ਇਸ ਮਹੀਨੇ 20 ਫ਼ੀਸਦੀ ਤੱਕ ਵੱਧ ਸਕਦੀਆਂ ਹਨ। ਇੰਡਸਟਰੀ ਸੂਤਰਾਂ ਨੇ ਕਿਹਾ ਕਿ ਕੱਚੇ ਮਾਲ ਦੀ ਲਾਗਤ 'ਚ 15 ਤੋਂ 40 ਫ਼ੀਸਦੀ ਤੱਕ ਦਾ ਵਾਧਾ ਹੋਣ ਕਾਰਨ ਇਸ ਮਹੀਨੇ ਵ੍ਹਾਈਟ ਗੁੱਡਜ਼ ਕੀਮਤਾਂ 'ਚ ਇਕ ਵਾਰ 'ਚ ਵੱਡਾ ਵਾਧਾ ਹੋਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਪਰ, ਜ਼ਿੰਕ, ਐਲੂਮੀਨੀਅਮ, ਸਟੀਲ, ਪਲਾਸਟਿਕ ਅਤੇ ਫੋਮਿੰਗ ਏਜੰਟ ਬਹੁਤ ਮਹਿੰਗੇ ਹੋ ਗਏ ਹਨ, ਜਦੋਂ ਕਿ ਸਮੁੰਦਰੀ ਮਾਲ ਢੁਆਈ ਲਾਗਤ 40-50 ਫ਼ੀਸਦੀ ਵੱਧ ਗਈ ਹੈ। ਗਲੋਬਲ ਪੱਧਰ 'ਤੇ ਸਪਲਾਈ ਦੀ ਘਾਟ ਕਾਰਨ ਟੈਲੀਵਿਜ਼ਨ ਪੈਨਲਾਂ ਦੀਆਂ ਕੀਮਤਾਂ 30-100 ਫ਼ੀਸਦੀ ਤੱਕ ਵਧੀਆਂ ਹਨ, ਜਿਸ ਕਾਰਨ ਕੀਮਤਾਂ 'ਚ ਵਾਧੇ ਦੀ ਜ਼ਰੂਰਤ ਹੈ। ਵਾਸ਼ਿੰਗ ਮਸ਼ੀਨ ਤੇ ਏ. ਸੀ. ਦੀਆਂ ਕੀਮਤਾਂ 'ਚ 8-10 ਫ਼ੀਸਦੀ ਅਤੇ ਫਰਿੱਜ ਦੀਆਂ 'ਚ 12-15 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਟੀ. ਵੀ. ਕੀਮਤਾਂ 'ਚ ਸਾਈਜ਼ ਦੇ ਹਿਸਾਬ ਨਾਲ 7 ਤੋਂ 20 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ।

ਇੰਡਸਟਰੀ ਸੂਤਰਾਂ ਨੇ ਕਿਹਾ ਕਿ ਕੰਪਨੀਆਂ ਨੂੰ ਪਤਾ ਹੈ ਕਿ ਕੀਮਤਾਂ 'ਚ ਵੱਡੇ ਵਾਧੇ ਨਾਲ ਅਗਲੀ ਤਿਮਾਹੀ 'ਚ ਸੁਧਾਰ ਦੀ ਰਫ਼ਤਾਰ ਘੱਟ ਹੋ ਸਕਦੀ ਹੈ ਪਰ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਕੰਪਨੀਆਂ ਨੇ ਤਿਉਹਾਰੀ ਮੌਸਮ 'ਚ ਵਿਕਰੀ ਨੂੰ ਵਧਾਉਣ ਲਈ ਸਤੰਬਰ ਤੋਂ ਕੀਮਤਾਂ 'ਚ ਵਾਧਾ ਕਰਨ ਦੀ ਯੋਜਨਾ ਮੁਲਤਵੀ ਕਰ ਦਿੱਤੀ ਸੀ। ਖ਼ਰੀਦਦਾਰ ਜੋ ਤਿਉਹਾਰੀ ਛੋਟ ਦਾ ਫਾਇਦਾ ਨਹੀਂ ਉਠਾ ਸਕੇ ਹੁਣ ਉਨ੍ਹਾਂ ਨੂੰ ਇਹੀ ਸਾਮਾਨ ਹੁਣ ਖ਼ਰੀਦਣ ਲਈ ਪਹਿਲਾਂ ਨਾਲੋਂ ਜੇਬ ਢਿੱਲੀ ਕਰਨੀ ਪਵੇਗੀ। ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਦੇ ਉਪ ਮੁਖੀ ਵਿਜੇ ਬਾਬੂ ਨੇ ਕਿਹਾ ਕਿ ਸਾਰੇ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਹੋਣਾ ਜ਼ਰੂਰੀ ਹੈ, ਫਿਲਹਾਲ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

 


Sanjeev

Content Editor

Related News