ਨਾਨ-ਵੈਜ ਤੋਂ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਰਿਪੋਰਟ 'ਚ ਹੋਇਆ ਖੁਲਾਸਾ

Wednesday, Feb 07, 2024 - 05:53 PM (IST)

ਨਾਨ-ਵੈਜ ਤੋਂ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ, ਰਿਪੋਰਟ 'ਚ ਹੋਇਆ ਖੁਲਾਸਾ

ਮੁੰਬਈ, (ਭਾਸ਼ਾ)- ਸ਼ਾਕਾਹਾਰੀ ਥਾਲੀ ਜਨਵਰੀ ਮਹੀਨੇ 'ਚ ਸਾਲਾਨਾ ਆਧਾਰ 'ਤੇ ਪੰਜ ਫ਼ੀਸਦੀ ਮਹਿੰਗੀ ਹੋ ਗਈ ਹੈ ਜਦਕਿ ਮਾਸਾਹਾਰੀ ਥਾਲੀ 13 ਫ਼ੀਸਦੀ ਸਸਤੀ ਹੋ ਗਈ ਹੈ। ਬੁੱਧਵਾਰ ਨੂੰ ਜਾਰੀ ਕੀਤੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਕ੍ਰਿਸਿਲ ਮਾਰਕਿਟ ਇੰਟੇਲੀਜੈਂਸ ਐਂਡ ਐਨਾਲਿਟੀਕਸ (ਐੱਮ.ਆਈ. ਐਂਡ. ਏ.) ਰਿਸਰਚ ਵੱਲੋਂ ਜਾਰੀ 'ਰਾਈਸ ਰੋਟੀ ਰੇਟ' ਮੁਤਾਬਿਕ, ਜਨਵਰੀ 'ਚ ਦਾਲ, ਚੌਲ, ਪਿਆਜ ਤੇ ਟਮਾਟਰ ਵਰਗੀਆਂ ਚੀਜ਼ਾਂ ਦੇ ਰੇਟ ਵੱਧਣ ਕਾਰਨ ਘਰ 'ਚ ਬਣੀ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ ਹੈ। ਰਿਪੋਰਟ ਮੁਤਾਬਿਕ ਪਿਆਜ ਅਤੇ ਟਮਾਟਰ ਦੀਆਂ ਕੀਮਤਾਂ 'ਚ ਪਿਛਲੇ ਮਹੀਨੇ ਸਾਲਾਨਾ ਆਧਾਰ 'ਤੇ ਕ੍ਰਮਵਾਰ 35 ਤੇ 20 ਫ਼ੀਸਦੀ ਦਾ ਵਾਧਾ ਹੋਣ ਕਾਰਨ ਸ਼ਾਕਾਹਾਰੀ ਥਾਲੀ ਦੀ ਲਾਗਤ ਵੱਧ ਗਈ ਹੈ। ਸ਼ਾਕਾਹਾਰੀ ਥਾਲੀ ਵਿਚ 12 ਫ਼ੀਸਦੀ ਦੀ ਹਿੱਸੇਦਾਰੀ ਰੱਖਣ ਵਾਲੇ ਚੌਲਾਂ ਦਾ ਮੁੱਲ ਜਨਵਰੀ ਮਹੀਨੇ ਵਿਚ 14 ਫ਼ੀਸਦੀ ਵਧਿਆ ਜਦਕਿ 9 ਫ਼ੀਸਦੀ ਦੀ ਹਿੱਸੇਦਾਰੀ ਰੱਖਣ ਵਾਲੀਆਂ ਦਾਲਾਂ ਦੀਆਂ ਕੀਮਤਾਂ 21 ਫ਼ੀਸਦੀ ਤੱਕ ਵੱਧ ਗਈਆਂ ਹਨ। 

ਇਸ ਦੌਰਾਨ ਮਾਸਾਹਾਰ ਦੇ ਸ਼ੌਕੀਨ ਲੋਕਾਂ ਲਈ ਪਿਛਲਾ ਮਹੀਨਾ ਲਾਗਤ ਦੇ ਲਿਹਾਜ ਨਾਲ ਰਾਹਤ ਲੈ ਕੇ ਆਇਆ। ਪਿਛਲੇ ਸਾਲ ਦੇ ਸਮਾਨ ਮਹੀਨੇ ਦੀ ਤੁਲਨਾ ਵਿਚ ਇਸ ਸਾਲ ਜਨਵਰੀ ਵਿਚ ਉਤਪਾਦ ਵੱਧਣ ਨਾਲ ਬਰਾਇਲਰ ਮੁਰਗੇ ਦੀਆਂ ਕੀਮਤਾਂ 26 ਫ਼ੀਸਦੀ ਘੱਟ ਹੋਣ ਕਾਰਨ ਮਾਸਾਹਾਰੀ ਥਾਲੀ ਦੀ ਲਾਗਤ ਵਿਚ ਕਮੀ ਦਰਜ ਕੀਤੀ ਗਈ। ਹਾਲਾਂਕਿ ਸ਼ਾਕਾਹਾਰੀ ਤੇ ਮਾਸਾਹਾਰੀ ਥਾਲੀ ਦੋਵਾਂ ਦੀਆਂ ਹੀ ਕੀਮਤਾਂ ਦਸੰਬਰ 2023 ਦੀ ਤੁਲਨਾ ਵਿਚ ਜਨਵਰੀ 2024 ਵਿਚ ਕ੍ਰਮਵਾਰ 6 ਤੇ 8 ਫੀਸਦੀ ਘੱਟ ਹੋਈਆਂ ਹਨ। ਰਿਪੋਰਟ ਮੁਤਾਬਿਕ ਮਹੀਨਾਵਾਰ ਆਧਾਰ 'ਤੇ ਪਿਆਜ ਤੇ ਟਮਾਟਰ ਦੀਆਂ ਕੀਮਤਾਂ 'ਚ ਕ੍ਰਮਵਾਰ 26 ਤੇ 16 ਫ਼ੀਸਦੀ ਦੀ ਕਮੀ ਆਉਣ ਅਤੇ ਟਮਾਟਰ ਦੀ ਆਮਦ ਵੱਧਣ ਨਾਲ ਸ਼ਾਕਾਹਾਰੀ ਥਾਲੀ ਦੀ ਲਾਗਤ ਦਸੰਬਰ ਦੀ ਤੁਲਨਾ ਵਿਚ ਘੱਟੀ ਹੈ। ਉਥੇ, ਮਾਸਾਹਾਰੀ ਥਾਲੀ ਦੇ ਮਾਮਲੇ ਵਿਚ ਮਹੀਨਾਵਾਰ ਆਧਾਰ 'ਤੇ ਮੁਰਗੇ ਦਾ ਮੁੱਲ 8-10 ਫ਼ੀਸਦੀ ਤਕ ਘੱਟ ਹੋਣ ਨਾਲ ਥਾਲੀ ਦੀ ਲਾਗਤ ਤੇਜ਼ੀ ਨਾਲ ਘੱਟ ਹੋਈ ਹੈ।


author

Rakesh

Content Editor

Related News