ਪੰਜਾਬ ਨੂੰ ਪਛਾੜ ਇਸ ਸੂਬੇ ਨੇ MSP 'ਤੇ ਕਣਕ ਖਰੀਦ 'ਚ ਮਾਰੀ ਬਾਜ਼ੀ
Monday, Jun 08, 2020 - 08:20 PM (IST)
ਭੋਪਾਲ— ਕੇਂਦਰ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 1.27 ਕਰੋੜ ਟਨ ਤੋਂ ਵੱਧ ਕਣਕ ਦੀ ਖਰੀਦ ਕਰਕੇ ਮੱਧ ਪ੍ਰਦੇਸ਼ ਦੇਸ਼ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਜਨਸਪੰਰਕ ਵਿਭਾਗ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਸਾਰੇ ਸੂਬਿਆਂ ਵੱਲੋਂ ਕੁੱਲ ਖਰੀਦੀ ਗਈ ਕਣਕ ਦਾ 33 ਫੀਸਦੀ ਹੈ। ਪੰਜਾਬ ਦੂਜੇ ਨੰਬਰ 'ਤੇ ਹੈ। ਹੁਣ ਤੱਕ ਪੂਰੇ ਦੇਸ਼ 'ਚ 3,86,54,000 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਮ. ਪੀ. 'ਚ ਕਣਕ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ 74 ਫੀਸਦੀ ਵਧੀ ਹੈ, ਪਿਛਲੇ ਸਾਲ ਸੂਬੇ 'ਚ ਸਮਰਥਨ ਮੁੱਲ 'ਤੇ 73.69 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਹੁਣ ਤੱਕ ਮੱਧ ਪ੍ਰਦੇਸ਼ (ਐੱਮ. ਪੀ.) 'ਚ 1, 27,67,628 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਮੱਧ ਪ੍ਰਦੇਸ਼ ਜਨਸਪੰਰਕ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 23 ਮਾਰਚ ਤੋਂ ਲਗਾਤਾਰ 75 ਬੈਠਕਾਂ ਕਰਕੇ ਰੋਜ਼ਾਨਾ ਕਣਕ ਖਰੀਦ 'ਤੇ ਨਜ਼ਰ ਰੱਖੀ। ਉੱਥੇ ਹੀ, ਮੁੱਖ ਮੰਤਰੀ ਚੌਹਾਨ ਨੇ ਇਸ ਉਪਲੱਬਧੀ ਲਈ ਖੁਰਾਕ ਸਪਲਾਈ ਵਿਭਾਗ ਦੀ ਟੀਮ ਅਤੇ ਸੂਬੇ ਦੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਣਕ ਖਰੀਦ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਤਕਰੀਬਨ 7 ਦਿਨਾਂ 'ਚ ਟਰਾਂਸਫਰ ਕੀਤੀ ਗਈ। ਹੁਣ ਤੱਕ 14.19 ਲੱਖ ਕਿਸਾਨਾਂ ਦੇ ਖਾਤਿਆਂ 'ਚ 20,253 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ।